ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ
Tue 16 Apr, 2019
0
ਦਿਲ, ਦਿਮਾਗ਼, ਗੁਰਦੇ ਅਤੇ ਫ਼ੇਫ਼ੜਿਆਂ ਵਾਂਗ ਮਨੁੱਖੀ ਸ਼ਰੀਰ ਦਾ ਇੱਕ ਹੋਰ ਮੁੱਖ ਅੰਗ ਹੁੰਦਾ ਹੈ, ਜਿਗਰ, ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਲਿਵਰ ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸ਼ਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸ਼ਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿੱਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸ਼ਰੀਰ ਦੇ ਸੱਜੇ ਪਾਸੇ ਡੇਢ ਕਿੱਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਦਿਲ ਤੋਂ ਜਾਣ ਵਾਲੇ ਖ਼ੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸ਼ਰੀਰ ਦੀ ਬਣਤਰ ਅਤੇ ਸ਼ਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।
ਜਿਗਰ ਮਨੁੱਖੀ ਸ਼ਰੀਰ ਵਿੱਚ ਪ੍ਰੋਟੀਨ ਦਾ ਸਭ ਤੋਂ ਜ਼ਰੂਰੀ ਭਾਗ ਐਲਬਿਊਮਿਨ ਤਿਆਰ ਕਰਦਾ ਹੈ ਅਤੇ ਮਨੁੱਖ ਦੇ ਸ਼ਰੀਰ ਵਿੱਚ ਬਿਮਾਰੀ ਰੋਧਕ ਸਿਸਟਮ ਤਿਆਰ ਕਰਨ ਵਾਲਾ ਮੁੱਖ ਅੰਗ ਹੈ। ਇਹ ਅੰਗ ਸ਼ਰੀਰ ਵਿੱਚ ਖ਼ੂਨ ਜੰਮਣ ਵਿੱਚ ਮਦਦ ਕਰਨ ਵਾਲੇ ਪਦਾਰਥਾਂ ਨੂੰ ਤਿਆਰ ਕਰਨ ਤੋਂ ਇਲਾਵਾ ਖ਼ੂਨ ਵਿਚਲੇ ਅਮੋਨੀਆ ਨੂੰ ਯੂਰੀਆ ਵਿੱਚ ਤਬਦੀਲ ਕਰ ਕੇ ਖ਼ੂਨ ਸ਼ੁੱਧ ਕਰਦਾ ਹੈ। ਜਿਗਰ ਮਨੁੱਖੀ ਸ਼ਰੀਰ ਲਈ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਪਾਚਣ ਪ੍ਰਣਾਲੀ ਦੇ ਸਭ ਤੋਂ ਜ਼ਰੂਰੀ ਪਦਾਰਥ ਬਾਈਲ ਦਾ ਉਤਪਾਦਨ ਕਰਦਾ ਹੈ ਜੋ ਸ਼ਰੀਰ ਵਿੱਚ ਫ਼ੈਟ ਅਤੇ ਪ੍ਰੋਟੀਨ ਪਚਾਉਣ ਵਿੱਚ ਸਹਾਈ ਹੁੰਦਾ ਹੈ। ਇਸ ਲਈ ਤੰਦਰੁਸਤ ਜੀਵਨ ਸ਼ੈਲੀ ਲਈ ਜਿਗਰ ਦਾ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁਕਤ ਹੋਣਾ ਸ਼ਰੀਰ ਲਈ ਲਾਜ਼ਮੀ ਹੈ।
ਮਨੁੱਖਤਾ ਨੂੰ ਸਿਹਤਯਾਬ ਰੱਖਣ ਲਈ ਸ਼ਰੀਰ ਦੇ ਇਸ ਮੁੱਖ ਅੰਗ ਦੀ ਤੰਦਰੁਸਤੀ ਅਤੇ ਇਸ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਜ਼ਰੂਰਤ ਹੈ। ਜਿਗਰ ਨਾਲ ਸਬੰਧਤ ਛੋਟੀਆਂ ਲੱਗਣ ਵਾਲੀਆਂ ਬਿਮਾਰੀਆਂ ਵੱਲ ਧਿਆਨ ਨਾ ਦੇਣ ਕਾਰਨ ਇਹ ਇਨਸਾਨਾਂ ਲਈ ਜਾਨਲੇਵਾ ਸਾਬਿਤ ਹੁੰਦੀਆਂ ਹਨ। ਜਿਗਰ ਦਾ ਕੈਂਸਰ, ਪੇਟ ਵਿੱਚ ਪਾਣੀ ਭਰ ਜਾਣਾ, ਬੇਸੁਰਤ/ਬੇਹੋਸ਼ ਹੋ ਜਾਣਾ, ਖ਼ੂਨ ਦੀਆਂ ਉਲਟੀਆਂ, ਪੀਲੀਆ, ਆਦਿ ਭਿਆਨਕ ਬਿਮਾਰੀਆਂ ਜਿਗਰ ਦੇ ਛੋਟੇ ਲੱਗਣ ਵਾਲੇ ਰੋਗਾਂ ਤੋਂ ਸ਼ੁਰੂ ਹੁੰਦੀਆਂ ਹਨ ਜਿਨ੍ਹਾਂ ਵਿੱਚ ਭੁੱਖ ਅਤੇ ਭਾਰ ਘਟਣਾ, ਕਮਜ਼ੋਰੀ, ਚਮੜੀ ਸੁੱਕਣਾ ਅਤੇ ਕੰਮ ਵਿੱਚ ਧਿਆਨ ਦਾ ਕੇਂਦਰਿਤ ਨਾ ਹੋਣਾ ਆਦਿ ਤੋਂ ਸ਼ੁਰੂ ਹੁੰਦੀਆਂ ਹਨ।
ਵਿਗਿਆਨਕ ਨਜ਼ਰੀਏ ਨਾਲ ਦੇਖਣ ਤੋਂ ਪਤਾ ਚੱਲਦਾ ਹੈ ਕਿ ਸ਼ਰਾਬਨੋਸ਼ੀ, ਸ਼ੂਗਰ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਅੱਜ ਦੇ ਸਮੇਂ ਵਿੱਚ ਜਿਗਰ ਦੇ ਰੋਗਾਂ ਦੀ ਮੁੱਖ ਵਜ੍ਹਾ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 10 ਸਾਲ ਜਾਂ ਜ਼ਿਆਦਾ ਸਮੇਂ ਲਈ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਵਿੱਚ ਜਿਗਰ ਦੇ ਖ਼ਰਾਬ ਹੋਣ ਦੇ ਆਸਾਰ ਜ਼ਿਆਦਾ ਸਾਹਮਣੇ ਆਏ ਹਨ। ਸ਼ਰੀਰ ਵਿੱਚ ਤਾਂਬੇ ਅਤੇ ਲੋਹੇ ਦੀ ਬਹੁਤਾਤ ਤੋਂ ਇਲਾਵਾ ਹੈਪੇਟਾਈਟਸ ਬੀ ਅਤੇ ਸੀ (ਕਾਲਾ ਪੀਲੀਆ) ਜਿਗਰ ਦੇ ਰੋਗਾਂ ਦਾ ਵੱਡਾ ਕਾਰਨ ਬਣਦੇ ਹਨ।
ਪੰਜਾਬ ਦੇ ਹਾਲਾਤ ‘ਤੇ ਨਜ਼ਰ ਮਾਰਿਆਂ ਸਾਹਮਣੇ ਆਇਆ ਹੈ ਕਿ ਹਰ ਦੂਸਰਾ ਬੰਦਾ ਜਿਗਰ ਦੇ ਰੋਗ ਨਾਲ ਪੀੜਤ ਹੈ ਜੋ ਯੋਗ ਸਮੇਂ ‘ਤੇ ਇਲਾਜ ਨਾ ਕਰਵਾਉਣ ਦੀ ਸੂਰਤ ਵਿੱਚ ਜਿਗਰ ਪੂਰੀ ਤਰ੍ਹਾਂ ਖ਼ਰਾਬ ਹੋਣ ਦਾ ਕਾਰਨ ਬਣਦਾ ਹੈ। ਨਸ਼ਿਆਂ ਦਾ ਵਰਤੋਂ ਕਰਨ ਵਾਲੇ ਲੋਕਾਂ ਦੁਆਰਾ ਸੂਈਆਂ ਦਾ ਲੈਣ-ਦੇਣ ਕਰਨ ਕਾਰਨ ਕਾਲਾ ਪੀਲੀਆ ਅਤੇ ਏਡਜ਼ ਫ਼ੈਲਣ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ। ਕਾਲਾ ਪੀਲੀਆ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਰੋਗ, ਹੈਪੇਟਾਈਟਸ ਬੀ ਅਤੇ ਸੀ, ਜਿਗਰ ਦੇ ਪੂਰਨ ਰੂਪ ਵਿੱਚ ਖ਼ਰਾਬ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ।
ਪੰਜਾਬ ਵਿੱਚ ਫ਼ੈਲ ਰਹੀ ਇਸ ਆਮ ਬਿਮਾਰੀ ਤੋਂ ਬਚਣ ਲਈ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਹੈਪੇਟਾਈਟਸ ਏ ਅਤੇ ਈ ਜ਼ਿਆਦਾ ਆਬਾਦੀ ਵਿੱਚ ਪਾਏ ਜਾਂਦੇ ਹਨ ਜੋ ਪੀਲੀਏ ਦਾ ਮੁੱਖ ਕਾਰਨ ਬਣਦੇ ਹਨ। ਇਹ ਜਿਗਰ ਦੇ ਪੂਰੀ ਤਰ੍ਹਾਂ ਫ਼ੇਲ ਹੋਣ ਦਾ ਕਾਰਨ ਬਣਦੇ ਹਨ ਜਿਸ ਨੂੰ ਪੀਲੀਆ ਦਿਮਾਗ਼ ਨੂੰ ਚੜ੍ਹਨਾ ਕਹਿੰਦੇ ਹਨ। ਹੈਪੇਟਾਈਟਸ ਏ ਅਤੇ ਈ ਦੇ ਪੈਦਾ ਹੋਣ ਦਾ ਕਾਰਨ ਗ਼ੈਰ-ਤੰਦਰੁਸਤ ਖਾਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਹੈ। ਇਸ ਲਈ ਤੰਦਰੁਸਤ ਖਾਧ ਪਦਾਰਥਾਂ ਦੇ ਸੇਵਨ ਦੀ ਆਦਤ ਇਸ ਬਿਮਾਰੀ ਤੋਂ ਬਚਾਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਦੀ ਹੈ। ਇਹ ਬਿਮਾਰੀ, ਬਿਮਾਰੀ-ਗ੍ਰਸਤ ਖ਼ੂਨ ਚੜ੍ਹਾਉਨ ਨਾਲ ਜਾਂ ਸੂਈਆਂ ਦੀ ਵਰਤੋਂ ਤੋਂ ਇਲਾਵਾ ਬਿਮਾਰੀ ਨਾਲ ਪੀੜਤ ਮਰਦ ਜਾਂ ਔਰਤ ਨਾਲ ਸ਼ਰੀਰਕ ਸਬੰਧ ਬਣਾਉਣ ਨਾਲ ਵੀ ਫ਼ੈਲਦੀ ਹੈ।
ਜਿਗਰ ਨੂੰ ਬਿਮਾਰੀ ਤੋਂ ਬਚਾਅ ਲਈ ਜਿਗਰ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣਾ ਅਤੇ ਜਿਗਰ ਦੇ ਵਿਕਾਰ ਪੈਦਾ ਕਰਨ ਵਾਲੇ ਕਾਰਨਾਂ ਤੋਂ ਬਚਾਅ ਕਰਨਾ ਜ਼ਰੂਰੀ ਹੈ। ਮੋਟਾਪੇ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਦੇ ਨਾਲ ਨਾਲ ਸ਼ਰਾਬ ਤੋਂ ਪ੍ਰਹੇਜ਼ ਕਰਨਾ ਜ਼ਰੂਰੀ ਹੁੰਦਾ ਹੈ। ਮੋਟਾਪਾ ਕਾਬੂ ਕਰਨਾ ਜਿਗਰ ਦੇ ਰੋਗਾਂ ਤੋਂ ਬਚਾਅ ਦਾ ਮੁੱਖ ਤਰੀਕਾ ਮੰਨਿਆ ਜਾਂਦਾ ਹੈ, ਇਸ ਲਈ ਲਗਾਤਾਰ ਕਸਰਤ ਕਰਨ ਅਤੇ ਸੈਰ ਆਪਣੀ ਜ਼ਿੰਦਗੀ ਦਾ ਭਾਗ ਬਣਾਓ।
ਜਿਗਰ ਦੇ ਜ਼ਿਆਦਾਤਰ ਰੋਗੀ ਪਹਿਲਾਂ ਨੀਮ-ਹਕੀਮਾਂ ਤੋਂ ਇਲਾਜ ਸ਼ੁਰੂ ਕਰਵਾ ਲੈਂਦੇ ਹਨ ਜੋ ਰੋਗ ਵਧਣ ਅਤੇ ਗੁਰਦੇ ਖ਼ਤਮ ਕਰਨ ਦਾ ਮੁੱਖ ਕਾਰਨ ਬਣਦਾ ਹੈ। ਇਸ ਲਈ ਜਿਗਰ ਦੇ ਰੋਗਾਂ ਦੇ ਬਚਾਅ ਲਈ ਅਜਿਹੇ ਲੋਕਾਂ ਕੋਲੋਂ ਦਵਾਈਆਂ ਉੱਕਾ ਨਹੀਂ ਲੈਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਜਿਗਰ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲੋਂ ਮੁਆਇਨਾ ਕਰਵਾ ਕੇ ਸਮੇਂ ਸਿਰ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।
Comments (0)
Facebook Comments (0)