ਕੈਲੀਫੌਰਨੀਆ ਯੂਨੀਵਰਸਿਟੀ ‘ਚ ਬੀਬੀ ਅਨੀਤ ਕੌਰ ਕਰੇਗੀ ‘ਸਿੱਖ ਭਾਈਚਾਰੇ’ ‘ਤੇ ਖੋਜ

ਕੈਲੀਫੌਰਨੀਆ ਯੂਨੀਵਰਸਿਟੀ ‘ਚ ਬੀਬੀ ਅਨੀਤ ਕੌਰ ਕਰੇਗੀ ‘ਸਿੱਖ ਭਾਈਚਾਰੇ’ ‘ਤੇ ਖੋਜ

ਸਿੱਖ ਭਾਈਚਾਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕੈਲਫੌਰਨੀਆ ਦੀ ਯੂਨੀਵਰਸਿਟੀ ਆਫ਼ ਕੈਲੀਫੌਰਨੀਆ ‘ਚ ਸਿੱਖ ਸਟੱਡੀਜ਼ ਸਬੰਧੀ 2017 ਵਿਚ ਸਥਾਪਿਤ ਕੀਤੀ ਗਈ ‘ਧੰਨ ਕੌਰ ਪ੍ਰੈਜ਼ੀਡੈਂਸ਼ੀਅਲ’ ਚੇਅਰ ਲਈ ਬੀਬੀ ਅਨੀਲ ਕੌਰ ਹੁੰਦਲ ਨੂੰ ਨਾਮਜ਼ਦ ਕੀਤਾ ਗਿਆ ਹੈ। ਪ੍ਰੈਜ਼ੀਡੈਂਸ਼ੀਅਲ ਚੇਅਰ ਅਤੇ ਕੈਲੀਫੌਰਨੀਆ ਯੂਨੀਵਰਸਿਟੀ ਇਰਵਿਨ ਵਿਚ ਬੀਬੀ ਅਨੀਤ ਕੌਰ ਮਨੁੱਖੀ ਵਿਗਿਆਨ ਦੀ ਸਹਾਇਕ ਪ੍ਰੋਫ਼ੈਸਰ ਵਜੋਂ ਸਿੱਖ ਧਰਮ ਅਤੇ ਸੱਭਿਆਚਾਰ ਬਾਰੇ ਪੜ੍ਹਾਉਣਗੇ।

ਅਮਰੀਕਾ ਵਿਚ ਪਰਵਾਸੀ ਸਮਾਜ ਦੇ ਹੱਕ ਮਸਲਿਆਂ ਦੇ ਨਾਲ-ਨਾਲ ਅਮਰੀਕਾ ਵਿਚ ਰਹਿੰਦੇ ਸਿੱਖਾਂ ‘ਤੇ ਪੈਂਦੇ ਇਸ ਦੇ ਅਸਰ ਅਤੇ ਵੱਖੋ-ਵੱਖ ਸਮਾਜਿਕ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਸਮਝ ਵਿਕਸਿਤ ਕਰਨ ਲਈ ਖੋਜ ਦੇ ਕੰਮ ਕਰਨਾ ਅਨੀਤ ਕੌਰ ਦੀ ਮੁੱਖ ਜ਼ਿੰਮੇਵਾਰੀ ਹੋਵੇਗੀ। ਇਸ ਵੱਕਾਰੀ ਅਹੁਦੇ ਦੀ ਸਥਾਪਨਾ ਲਈ ਡਾ. ਹਰਵਿੰਦਰ ਸਿੰਘ ਸਹੋਤਾ ਅਤੇ ਆਸ਼ਾ ਸਹੋਤਾ ਨੇ ਵੱਡਮੁੱਲਾ ਯੋਗਦਾਨ ਪਾਇਆ ਸੀ।

ਦਿੱਲ ਦੇ ਡਾਕਟਰ ਸ. ਹਰਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਚੇਅਰ ਦੀ ਸਥਾਪਨਾ ਨਾਲ ਸਾਨੂੰ ਆਸ ਹੈ ਕਿ ਅਮਰੀਕੀ ਭਾਈਚਾਰਾ ਸਿੱਖ ਧਰਮ ਅਤੇ ਸੱਭਿਆਚਾਰ ਬਾਰੇ ਗਹਿਰਾਈ ਨਾਲ ਸਮਝ ਸਕੇਗਾ ਅਤੇ ਇਸ ਨਾਲ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਸਬੰਧੀ ਮੁਹਿੰਮ ਹੋਰ ਵੀ ਤੇਜ਼ ਹੋਵੇਗੀ।