ਲੋਕਾਂ ਲਈ ਪ੍ਰੇਰਣਾ ਸਰੋਤ ਸਨ ਸਰਪੰਚ ਵੱਸਣ ਸਿੰਘ ਸੰਧੂ ਭਿੱਖੀਵਿੰਡ

ਲੋਕਾਂ ਲਈ ਪ੍ਰੇਰਣਾ ਸਰੋਤ ਸਨ ਸਰਪੰਚ ਵੱਸਣ ਸਿੰਘ ਸੰਧੂ ਭਿੱਖੀਵਿੰਡ

ਭਿੱਖੀਵਿੰਡ 17 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਕਿਸਾਨ ਘਰਾਣੇ ਵਿਚ ਪੈਦਾ ਹੋਏ ਸਰਪੰਚ
ਵੱਸਣ ਸਿੰਘ ਸੰਧੂ ਦਾ ਜਨਮ ਸੰਨ 1932 ਨੂੰ ਮਾਤਾ ਸ਼ਾਮ ਕੌਰ ਦੀ ਕੁੱਖੋਂ ਪਿਤਾ ਹਰਨਾਮ
ਸਿੰਘ ਦੇ ਘਰ ਪਿੰਡ ਭਿੱਖੀਵਿੰਡ ਜਿਲ੍ਹਾ ਤਰਨ ਤਾਰਨ ਵਿਖੇ ਹੋਇਆ। ਸਰਪੰਚ ਵੱਸਣ ਸਿੰਘ
ਨੇ ਮੁੱਢਲੀ ਸਿੱਖਿਆ ਪਿੰਡ ਖਾਲੜਾ ਦੇ ਸਰਕਾਰੀ ਸਕੂਲ਼ ਤੋਂ ਕਰਨ ਉਪਰੰਤ ਆਪਣੇ ਪਿਤਾ ਨਾਲ
ਖੇਤੀਬਾੜੀ ਵਿਚ ਹੱਥ ਵਟਾਇਆ, ਉਥੇ ਸਮਾਜਸੇਵੀ ਕੰਮਾਂ ‘ਚ ਵੀ ਵੱਧ-ਚੜ੍ਹ ਕੇ ਹਿੱਸਾ
ਲਿਆ।
ਉਹਨਾਂ ਨੇ ਆਪਣਾ ਗ੍ਰਹਿਸਥੀ ਜੀਵਨ 1953 ਵਿਚ ਪਿੰਡ ਕੱਚਾ-ਪੱਕਾ ਦੇ ਵਸਨੀਕ ਬਾਵਾ ਸਿੰਘ
ਦੀ ਸਪੁੱਤਰੀ ਜਗੀਰ ਕੌਰ ਨਾਲ ਸ਼ੁਰੂ ਕੀਤਾ ਅਤੇ ਉਹਨਾਂ ਦੇ ਘਰ ਇਕ ਪੁੱਤਰ ਜਸਵੰਤ ਸਿੰਘ
ਅਤੇ ਦੋ ਧੀਆਂ ਹਰਜਿੰਦਰ ਕੌਰ, ਜਸਬੀਰ ਕੌਰ ਨੇ ਜਨਮ ਲਿਆ।
ਕਿਸਾਨੀ ਦੇ ਨਾਲ-ਨਾਲ ਸਿਆਸਤ ਵਿਚ ਪੈਰ ਰੱਖਣ ਤੋਂ ਬਾਅਦ ਵੱਸਣ ਸਿੰਘ 1982 ਤੋਂ 1992
ਤੱਕ ਬਤੌਰ ਪਿੰਡ ਭਿੱਖੀਵਿੰਡ ਦੇ ਮੈਂਬਰ ਪੰਚਾਇਤ ਰਹੇ। ਉਹਨਾਂ ਦੀ ਕਾਰਜਗਾਰੀ ਨੂੰ
ਵੇਖਦਿਆਂ ਪਿੰਡ ਦੇ ਲੋਕਾਂ ਵੱਲੋਂ 1993 ਦੀਆਂ ਪੰਚਾਇਤੀ ਚੌਣਾਂ ਦੌਰਾਨ ਵੱਸਣ ਸਿੰਘ
ਨੂੰ ਬਤੌਰ ਪਿੰਡ ਭਿੱਖੀਵਿੰਡ ਦਾ ਸਰਪੰਚ ਬਣਾ ਕੇ ਵੱਡੀ ਜਿੰਮੇਵਾਰੀ ਸੌਪੀ ਗਈ। ਪਿੰਡ
ਦੇ ਲੋਕਾਂ ਵੱਲੋਂ ਦਿੱਤੀਆਂ ਗਈਆਂ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਤੋਂ
ਬਾਅਦ ਸਰਪੰਚ ਵੱਸਣ ਸਿੰਘ ਸੰਨ 1994 ਵਿਚ ਬਲਾਕ ਸੰਮਤੀ ਭਿੱਖੀਵਿੰਡ ਦੇ ਮੈਂਬਰ ਬਣੇ,
ਉਥੇ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਤਰਨ ਤਾਰਨ ਦੇ ਮੈਂਬਰ ਵੀ ਰਹੇ। ਸਿਆਸਤ ਦਾ ਬਹੁਤ
ਤਜਰਬਾ ਹੋਣ ਕਾਰਨ ਸਰਪੰਚ ਵੱਸਣ ਸਿੰਘ ਨੇ ਵੱਖ-ਵੱਖ ਅਹੁਦਿਆਂ ਦੀਆਂ ਜਿੰਮੇਵਾਰੀਆਂ ਨੂੰ
ਬਾਖੂਬੀ ਨਿਭਾ ਕੇ ਇਲਾਕੇ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਬਣੇ।
ਸਰਪੰਚ ਵੱਸਣ ਸਿੰਘ ਦੇ ਪੂਰਨਿਆਂ ‘ਤੇ ਚੱਲਦਿਆਂ ਉਹਨਾਂ ਦਾ ਪੋਤਰਾ ਮਨਦੀਪ ਸਿੰਘ ਸੰਧੂ
ਵੀ ਮੌਜੂਦਾ ਸਮੇਂ ਪਿੰਡ ਆਬਾਦੀ ਬਾਬਾ ਸੋਢੀ (ਭਿੱਖੀਵਿੰਡ) ਦੀ ਸਰਪੰਚੀ ਦੀ ਸੇਵਾ ਨੂੰ
ਇਮਾਨਦਾਰੀ ਨਾਲ ਨਿਭਾਅ ਰਿਹਾ ਹੈ। ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਨੇੜਲੇ ਸਾਥੀਆਂ
‘ਚ ਇਕ ਸਰਪੰਚ ਮਨਦੀਪ ਸਿੰਘ ਸੰਧੂ ਪਿੰਡ ਦੇ ਵਿਕਾਸ ਕਾਰਜਾਂ ਲਈ ਹਰ ਸਿਰਤੋੜ ਯਤਨ ਕਰ
ਰਿਹਾ ਹੈ।
ਸਰਪੰਚ ਵੱਸਣ ਸਿੰਘ ਬੀਤੇਂ ਦਿਨੀ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ
ਹਨ। ਉਹਨਾਂ ਦੇ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 18
ਮਾਰਚ ਸੋਮਵਾਰ ਨੂੰ ਗ੍ਰਹਿ ਪਿੰਡ ਭਿੱਖੀਵਿੰਡ ਵਿਖੇ ਪੈਣਗੇ, ਉਪਰੰਤ ਅੰਤਿਮ ਅਰਦਾਸ
ਦੌਰਾਨ ਵੱਖ-ਵੱਖ ਧਾਰਮਿਕ ਸਖਸੀਅਤਾਂ ਤੇ ਸਿਆਸੀ ਆਗੂ ਪਹੰੁਚ ਕੇ ਸਰਪੰਚ ਵੱਸਣ ਸਿੰਘ
ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।