ਕਹਾਣੀਆਂ (ਸ਼ਰਾਧ)

ਕਹਾਣੀਆਂ (ਸ਼ਰਾਧ)

ਪਿਤਾ ਜੀ ਵੱਡੇ ਮੰਦਿਰ ‘ਚ ਪੁਜਾਰੀ ਸਨ। ਸਾਡੇ ਘਰ ਦਾ ਮਾਹੌਲ ਧਾਰਮਿਕ ਸੀ। ਘਰ ਦੀ ਆਈ-ਚਲਾਈ ਮੰਦਿਰ ਤੇ ਪੂਜਾ ਤੋਂ ਪ੍ਰਾਪਤ ਸਮੱਗਰੀ ਨਾਲ ਹੀ ਚਲਦੀ ਸੀ।  ਪੱਤਰਾ ਵਾਚਣ, ਟੇਵਾ ਬਣਾਉਣ, ਹੱਥ ਵੇਖਣ, ਗ੍ਰਹਿ ਦਸ਼ਾ ਦੱਸਣ, ਸ਼ੁਭ ਮਹੂਰਤ ਜਾਂ ਤਿੱਥਾਂ ਦੇਖਣ, ਸਸਕਾਰ ਕਰਾਉਣ, ਹਵਨ ਪਾਠ ਕਰਾਉਣ, ਜਗਰਾਤਾ, ਪੂਜਾ ਕਰਨ, ਫ਼ੇਰੇ ਕਰਾਉਣ ਤੇ ਗਰੁੜ ਪਾਠ ਕਰਾਉਣ ਦਾ ਕਾਰਜ ਮੇਰੇ ਪਿਤਾ ਜੀ ਕਰਦੇ ਸਨ। ਫ਼ਿਰ ਵੀ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਸੀ। ਅਸੀਂ ਪੰਜ ਭੈਣ-ਭਰਾ ਸਾਂ। ਸਾਡੀ ਬਿਰਧ ਦਾਦੀ ਵੀ ਸਾਡੇ ਨਾਲ ਹੀ ਰਹਿੰਦੀ ਸੀ। ਪੰਜਾਬ ਸਾਡਾ ਜੱਦੀ ਰਾਜ ਨਹੀਂ। ਅਸਲ ਵਿੱਚ ਸਾਡਾ ਪਿਛੋਕੜ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਦਾ ਹੈ। ਪਿਤਾ ਜੀ ਦੱਸਦੇ ਹਨ ਕਿ ਵੱਡੇ ਮੰਦਿਰ ਦੀ ਮੂਰਤੀ ਸਥਾਪਨਾ ਸਮੇਂ ਮੰਡੀ ਦੇ ਸ਼ਾਹੂਕਾਰ ਮੇਰੇ ਦਾਦਾ ਜੀ ਨੂੰ ਨਾਲ ਹੀ ਲੈ ਆਏ ਸਨ ਤੇ ਉਨ੍ਹਾਂ ਨੂੰ ਮੰਦਿਰ ਦਾ ਪੁਜਾਰੀ ਥਾਪ ਦਿੱਤਾ ਸੀ। ਦਾਦਾ ਜੀ ਮੇਰੇ ਪਿਤਾ ਨੂੰ ਦੋ ਸਾਲਾਂ ਵਿੱਚ ਸਭ ਧਰਮ-ਕਰਮ ਸਮਝਾ ਕੇ ਵਾਪਸ ਪਿੰਡ ਚਲੇ ਗਏ। ਫ਼ਿਰ ਪਰਤੇ ਨਹੀਂ। ਉਨ੍ਹਾਂ ਦੇ ਦੇਹਾਂਤ ਉਪਰੰਤ ਸਾਡੇ ਦਾਦੀ ਜੀ ਸਾਡੇ ਕੋਲ ਇੱਥੇ ਹੀ ਆ ਗਏ। ਅਸੀਂ ਸਿਰਫ਼ ਨਰਾਤਿਆਂ ਦੌਰਾਨ ਆਪਣੇ ਜੱਦੀ ਪਿੰਡ ਜਾਂਦੇ ਹਾਂ, ਪੂਰਾ ਪਰਿਵਾਰ ਹਰ ਛੇ ਮਹੀਨੇ ਪਿੱਛੋਂ। ਮੇਰਾ ਇੱਕ ਭਰਾ ਦਰਜ਼ੀ ਹੈ। ਦੂਜਾ ਸੈਨਾ ਵਿੱਚ ਭਰਤੀ ਹੋ ਗਿਆ। ਤੰਗੀਆਂ-ਤੁਰਸ਼ੀਆਂ ਨੂੰ ਦੇਖਦੇ ਹੋਏ ਮੈਂ ਵੀ ਇਸ ਕੰਮ ਵਿੱਚ ਪੈਣਾ ਨਹੀਂ ਚਾਹੁੰਦਾ ਸੀ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ, ਉਸ ਵੇਲੇ ਦਾ ਮਾਹੌਲ ਕਾਫ਼ੀ ਜ਼ਿੱਲਤ ਭਰਿਆ ਹੁੰਦਾ ਸੀ। ਮੁੱਖ ਅਧਿਆਪਕ ਤੋਂ ਲੈ ਕੇ ਚਪੜਾਸੀ ਤਕ ਸਭ ਦਾ ਮੈਨੂੰ ਛੇੜਨ ਤੇ ਮੇਰੇ ਪਿਤਾ ਜੀ ਦੇ ਕਿੱਤੇ ਦਾ ਮਜ਼ਾਕ ਉਡਾਉਣ ਦਾ ਵੱਖੋ-ਵੱਖਰਾ ਅੰਦਾਜ਼ ਹੁੰਦਾ। ਸਹਿਪਾਠੀਆਂ ਦੀਆਂ ਤਨਜ਼ਾਂ ਸੁਣ ਕੇ ਕਈ ਵਾਰ ਸਕੂਲ ਛੱਡਣ ਦਾ ਮਨ ਵੀ ਬਣਾਇਆ, ਪਰ ਘਰ ‘ਚ ਪਿਤਾ ਜੀ ਦੇ ਪ੍ਰਵਚਨ ਸੁਣ ਕੇ ਹੋਰ ਜ਼ਿਆਦਾ ਪੜ੍ਹਨ ਦੀ ਪ੍ਰੇਰਨਾ ਮਿਲਦੀ ਰਹੀ। ਮੈਂ ਵੀ ਪੜ੍ਹ-ਲਿਖ ਕੇ ਕੁਝ ਬਣ ਸਕਦਾ ਸੀ, ਪਰ ਮੇਰੇ ਆਲੇ-ਦੁਆਲੇ ਦੇ ਮਾਹੌਲ ਖ਼ਾਸਕਰ ਸਕੂਲ ਦੇ ਮਾਹੌਲ ਨੇ ਮੇਰੀ ਸੋਚ  ਨੂੰ ਬਿਮਾਰ ਬਣਾ ਕੇ ਰੱਖ ਦਿੱਤਾ। ਜਮਾਤੀ ਹੀ ਨਹੀਂ, ਅਧਿਆਪਕ ਵੀ ਮੈਨੂੰ ਵੱਖ ਵੱਖ ਗ਼ਲਤ ਨਾਵਾਂ ਨਾਲ ਸੱਦਦੇ। ਮੇਰਾ ਨਾਂ ਦੀਪਕ ਸ਼ਰਮਾ ਸੀ ਸ਼ਾਇਦ ਸਾਡੀ ਹਾਜ਼ਰੀ ਲਾਉਣ ਵਾਲੇ  ਅਧਿਆਪਕ ਵੀ ਭੁੱਲ ਗਏ ਸਨ।
ਸ਼ਰਾਧਾਂ ਵੇਲੇ ਮੈਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਮਰਨ ਵਾਲਾ ਹੋ ਜਾਂਦਾ। ਮੇਰੀ ਦਾਦੀ ਚਵਾਨੀ, ਅਠੱਨੀ ਦੀ ਖ਼ਾਤਰ ਪਤਾ ਨਹੀਂ ਕਿੰਨੇ ਘਰਾਂ ਵਿੱਚ ਮੈਨੂੰ ਘਸੀਟੀ ਫ਼ਿਰਦੀ। ਪਤਲੀ ਜਿਹੀ ਖੀਰ, ਲੇਟੀ ਵਰਗਾ ਕੜਾਹ, ਸਲੂਣੀ ਜਿਹੀ ਸਬਜ਼ੀ ਖਾ-ਖਾ, ਮੇਰਾ ਜੀ ਮਿਚਲਾਉਣ ਲੱਗ ਜਾਂਦਾ, ਪਰ ਦਾਦੀ ‘ਬਸ ਬੇਟੇ ਏਕ ਘਰ ਔਰ ਸੈ, ਬਸ ਏਕ ਔਰ’ ਆਖ ਮੈਨੂੰ ਵਰਚਾਈ ਜਾਂਦੀ। ਘਰ ਆ ਕੇ ਉਹ ਚੁਆਨੀਆਂ ਗਿਣਦੀ ਭੁੱਲ ਜਾਂਦੀ ਕਿ ਮੇਰਾ ਕੀ ਹਾਲ ਹੁੰਦੀ ਸੀ। ਇਸ ਦੇ ਬਾਵਜੂਦ ਆਰਥਿਕ ਸਥਿਤੀ ‘ਚ ਕੋਈ  ਸੁਧਾਰ ਦੂਰ ਤਕ ਦਿਖਾਈ ਨਾ ਦਿੰਦਾ। ਮੇਰੇ ਵੱਡੇ ਭਾਈ ਸਿਰਫ਼ ਪਿਤਾ ਜੀ ਦੇ ਕਹਿਣ ‘ਤੇ ਹੀ ਕਿਸੇ ਵਿਸ਼ੇਸ਼ ਜਜਮਾਨ ਦੇ ਘਰ ਜਾਂਦੇ ਸਨ। ਸ਼ਰਾਧਾਂ ਵੇਲੇ ਨਿਮਾਹੀ ਪੇਪਰ ਚੱਲਦੇ ਤਾਂ ਉੱਤੋਂ ਮੌਸਮ ਤੇ ਖੀਰ ਕੜਾਹ ਦੀ ਸੁਸਤੀ।  ਮੈਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ। ਸ਼ਰਾਧ ਪਿੱਤਰਾਂ ਨਮਿਤ ਹੁੰਦੇ ਹਨ ਤੇ ਸਾਰੀ ਰਾਤ ਸੁਪਨੇ ਵਿੱਚ ਮੈਨੂੰ ਮੁਰਦੇ  ਕੋਂਹਦੇ, ਕਾਂ ਠੂੰਗਾਂ ਮਾਰਦੇ, ਕੁੱਤੇ ਮਗਰ ਭੱਜਦੇ ਤੇ ਕਦੇ ਗਾਵਾਂ ਢੁੱਡ ਮਾਰਦੀਆਂ। ਮੂੰਹ ‘ਤੇ ਸਿਰਹਾਣਾ ਧਰ-ਧਰ ਮਸਾਂ ਨੀਂਦ ਆਉਂਦੀ ਤੇ ਫ਼ਿਰ ਪੇਪਰਾਂ ‘ਚ ਅੱਖਾਂ ਝਮਕਦੀਆਂ। ”ਕਿਉਂ ਬਾਬਾ ਜੀ, ਏ ਦੇਵਤਾ ਜੀ! ਲੱਗੀ ਹੋਈ ਐ ਮੌਜ ਸ਼ਰਾਧਾਂ ‘ਚ!!” ਅਕਸਰ ਅਧਿਆਪਕ ਮੈਨੂੰ ਤਨਜ਼ ਕਰਦੇ ਤੇ ਮੈਂ ਬਸ ਹੀਂ-ਹੀਂ ਕਰਦਾ ਤੇ ਸਾਰੀ ਕਲਾਸ ‘ਚ ਹਾਸਾ ਚੁੱਕਿਆ ਜਾਂਦਾ।
ਫ਼ਿਰ ਜੇ ਪੇਪਰਾਂ ‘ਚ ਨੰਬਰ ਘੱਟ ਆਉਂਦੇ ਤਾਂ ਸਾਡਾ ਸਮਾਜਿਕ ਵਾਲਾ ਅਧਿਆਪਕ ਆਖਦਾ, ”ਓਏ, ਤੂੰ ਆਹ ਸਾਰੇ ਗ੍ਰਹਿ ਗਰੂਹ ਤਾਂ ਰੱਟ ਲਏ ਹੋਣਗੇ। ਚੁੱਪ ਕਰਕੇ ਆਪਣੇ ਪਿਓ ਨਾਲ ਮੰਦਿਰ ‘ਚ ਬਹਿ ਜਾ ਪੜ੍ਹਾਈ ਤੇਰੇ ਵੱਸ ਦੀ ਨਹੀਂ।” ਅਧਿਆਪਕਾਂ ਦੀ ਗ਼ੈਰਹਾਜ਼ਰੀ ‘ਚ ਅਕਸਰ ਹੀ ਜਮਾਤੀ ਮੇਰੇ ਦੁਆਲੇ ਉੱਚੀ-ਉੱਚੀ ਗਾਉਂਦੇ:
ਸ਼ਰਾਧ ਗਏ ਆ, ਤੁਹਾਨੂੰ ਗੋਡੇ-ਗੋਡੇ ਚਾਅ
ਗਏ ਸ਼ਰਾਧ ਆਏ ਨਰਾਤੇ, ਤੁਸੀਂ ਬੈਠੇ ਚੁੱਪ ਚੁਪਾਤੇ
ਗਏ ਨਰਾਤੇ ਆਈ ਦੀਵਾਲੀ, ਤੁਸੀਂ  ਵੇਚਤੀ ਕੌਲੀ ਥਾਲੀ।
ਨੰਬਰ ਤਾਂ ਹੋਰ ਮੁੰਡਿਆਂ ਦੇ ਵੀ ਘੱਟ ਆਉਂਦੇ ਸਨ, ਪਰ ਜ਼ਿੱਲਤ ਮੈਨੂੰ ਜਾਂ ਫ਼ਿਰ ਅਖੌਤੀ ਨੀਵੀਆਂ ਜਾਤਾਂ ਦੇ ਵਿਦਿਆਰਥੀਆਂ ਨੂੰ ਹੀ ਝੱਲਣੀ ਪੈਂਦੀ ਸੀ। ਉਨ੍ਹਾਂ ਨੂੰ ਵੀ ਅਧਿਆਪਕ ਫ਼ੀਸ ਮੁਆਫ਼ ਹੋਣ, ਵਜ਼ੀਫ਼ਾ ਅਤੇ ਕਿਤਾਬਾਂ ਮੁਫ਼ਤ ਮਿਲਣ ਦਾ ਮਿਹਣਾ ਮਾਰਦੇ ਅਤੇ ਉਨ੍ਹਾਂ ਨੂੰ ‘ਪੱਕੇ ਆੜ੍ਹਤੀਏ’ ਆਖ ਕੇ ਬੁਲਾਉਂਦੇ।
ਨਰਾਤਿਆਂ ਦੌਰਾਨ ਹੀ ਰਾਮਲੀਲ੍ਹਾ ਚੱਲਦੀ। ਖ਼ੁਸ਼ੀ ਤੇ ਉਤਸ਼ਾਹ ਦੇ ਦਿਨ। ਇਸ ਦੇ ਬਾਵਜੂਦ ਸਾਡੇ ਘਰ ਉਦਾਸੀ ਦਾ ਮਾਹੌਲ ਬਣਿਆ ਹੋਇਆ ਸੀ। ਰਾਮਲੀਲ੍ਹਾ ਵਾਲਿਆਂ ਨੇ ਮੇਰੀ ਵੱਡੀ ਭੈਣ ਦਾ ਵਿਆਹ ਸਟੇਜ ‘ਤੇ ਕਰਨ ਦਾ ਫ਼ੈਸਲਾ ਕੀਤਾ। ਅਸੀਂ ਰੋ-ਰੋ ਅੱਖਾਂ ਸੁਜਾ ਲਈਆਂ, ਪਰ ਗ਼ਰੀਬੀ ਦਾ ਵਾਸਤਾ ਪਾਉਂਦਿਆਂ ਸਾਨੂੰ ਮਨਾ ਲਿਆ ਗਿਆ। ਸਾਰੀ ਮੰਡੀ ਵਿੱਚ ਸਪੀਕਰਾਂ ‘ਤੇ ਪ੍ਰਚਾਰ ਕੀਤਾ ਗਿਆ। ਹਰ ਗਲੀ ਮੁਹੱਲੇ ਬਸ ਇੱਕੋ ਗੱਲ ਇਨ੍ਹਾਂ ਦੀ ਕੁੜੀ ਦਾ ਸਟੇਜ ‘ਤੇ ਵਿਆਹ ਹੋਵੇਗਾ।
”ਓਏ ਇਨ੍ਹਾਂ ਦੀ ਕੁੜੀ ਸੀਤਾ ਬਣੇਗੀ ਸੱਚੀ-ਮੁੱਚੀਂ। ਦੇਖਣ ਜਾਵਾਂਗੇ। ਮੁੰਡੇ ਮੂੰਹ ਜੋੜ-ਜੋੜ ਗੱਲਾਂ ਕਰਦੇ। ਲੋਕਾਂ ਨੇ ਦਾਨ ਦੇ ਨਾਂ ‘ਤੇ ਮੁਚੜੇ ਘੁਚੜੇ ਸੂਟ, ਮੈਲੀਆਂ ਕੁਚੈਲੀਆਂ ਚੁੰਨੀਆਂ ਤੇ ਭਾਨ ਦੀ ਟੁੱਟ ਦਿੱਤੀ। ਮੈਨੂੰ ਦਾਨ ਤੋਂ ਨਫ਼ਰਤ ਹੋ ਗਈ। ਚਾਹ-ਪਾਣੀ ਤੇ ਬੁਸੇ ਪਕੌੜੇ, ਗੁਲਾਬ ਜਾਮਣਾਂ ਤੇ ਮੋਟਾ ਭੁਜੀਆ-ਬਦਾਣਾ। ਭੈਣ ਦੇ ਸਹੁਰਿਆਂ ਨੇ ਮਿਹਣੇ ਮਾਰ ਮਾਰ ਉਸ ਦਾ ਜਿਊਣਾ ਦੁੱਭਰ ਕਰ ਦਿੱਤਾ। ਬਸ ਉਸੇ ਦਿਨ ਤੋਂ ਛੋਟੀ ਭੈਣ ਨੇ  ਅਜਿਹੇ ਵਿਆਹ  ਤੋਂ ਇਨਕਾਰ ਕਰ ਦਿੱਤਾ। ਕੱਤੇ ਦੇ ਮਹੀਨੇ ਥੋੜ੍ਹੀ ਆਮਦਨ ਵਧਣ ਦੀ ਉਮੀਦ ਹੁੰਦੀ। ਜਦੋਂ ਪਿਤਾ ਜੀ ਕੱਤੇ ਦੀ ਕਥਾ ਕਰਦੇ ਤਾਂ ਚੜ੍ਹਾਵੇ ਦੇ ਨਾਂ ਨੂੰ ਅਠੱਨੀਆਂ, ਚਵੱਨੀਆਂ, ਦਸੀਆਂ-ਪੰਜੀਆਂ ਤੇ ਕਦੇ-ਕਦੇ ਮੁਚੜਿਆ ਜਾਂ ਪਾਟਿਆ ਜਿਹਾ ਇੱਕ ਰੁਪਿਆ। ਆਲੂ, ਭੋਰਾ ਆਟਾ, ਹਲਦੀ, ਟੁੱਟ ਵਾਲੇ ਚੌਲ, ਕਦੇ-ਕਦਾਈਂ ਖੰਡ ਜਾਂ ਗੁੜ ਦੀ ਡਲੀ। ਤੁਲੇ ਤਾਰਨ ਵੇਲੇ ਜ਼ਰੂਰ ਕੋਈ ਦਰੀ-ਖੇਸ ਜਾਂ ਰਜਾਈ ਆਦਿ ਆ ਜਾਂਦੀ ਸੀ।
ਪਹਿਲਾਂ-ਪਹਿਲਾਂ ਮੇਰੀ ਮਾਂ ਘਰਾਂ ‘ਚੋਂ ਰੋਟੀ ਲਿਆਉਂਦੀ। ਇੱਕੋ ਡੋਲੁ ਵਿੱਚ ਸਭ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ, ਨਿਰਾ ਗੁਤਾਵਾ। ਹੁਣ ਵੀ ਸੋਚ ਕੇ ਘਿਣ ਆਉਂਦੀ ਹੈ, ਪਰ ਬਾਅਦ ਵਿੱਚ ਸੁੱਚ-ਜੂਠ ਦੀ ਦਲੀਲ ਦੇ ਕੇ ਅਸੀਂ ਆਪਣੀ ਮਾਂ ਦੀ ਥਾਲੀ ਚੁੱਕਣੀ ਬੰਦ ਕਰ ਦਿੱਤੀ। ”ਸੁਣਿਆ ਸੀ ਦਲਿਤਾਂ ਦਾ ਜੀਵਨ ਬਹੁਤ ਮਾੜਾ ਹੁੰਦਾ ਹੈ। ਤੇ ਸਾਡਾ ਜੀਵਨ? ਉਂਜ ਸਾਡੀ ਕੁਲ ਨੂੰ ਸਰਵਸ਼੍ਰੇਸਟ ਸਮਝਿਆ ਜਾਂਦਾ ਰਿਹਾ ਹੈ।” ਮੈਂ ਅਕਸਰ ਪਿਤਾ ਜੀ ਨੂੰ ਇਸ ਬਾਰੇ  ਸ਼ਿਕਾਇਤ ਕਰਦਾ। ”ਆਪਣੀ ਜਾਤ ਸਭ ਤੋਂ ਉੱਤਮ ਹੈ, ਸਮਾਜ ਦੀ ਸਾਥੋਂ ਬਗੈਰ ਗਤ ਨਹੀਂ ਜੋ ਤੈਨੂੰ ਛੇੜਦੇ ਐ ਉਹ ਮੂਰਖ ਪ੍ਰਾਣੀ ਹਨ,” ਆਖ ਕੇ ਉਹ ਮੈਨੂੰ ਧਰਵਾਸ ਦਿੰਦੇ।
ਦਸਵੀਂ ਵਿੱਚੋਂ ਮੇਰੇ ਅੰਕ ਹੋਰਨਾਂ ਨਾਲੋਂ ਚੰਗੇ ਆਏ। ਮੈਂ ਚਾਹੁੰਦੇ ਹੋਏ ਵੀ ਮਾੜੀ ਆਰਥਿਕ ਹਾਲਤ ਕਾਰਨ ਕਾਲਜ ਨਾ ਜਾ ਸਕਿਆ ਤੇ ਆਪਣੇ ਪਿਤਾ ਜੀ ਕੋਲੋਂ ਸੰਸਕ੍ਰਿਤ ਅਤੇ ਵੇਦ ਮੰਤਰ ਉਚਾਰਣ ਸਿੱਖਣ ਲੱਗ ਪਿਆ। ਮੁੰਡੇ ਨਵੇਂ-ਨਵੇਂ ਫ਼ੈਸ਼ਨ ਮੁਤਾਬਿਕ ਵਾਲ ਕਟਵਾਉਂਦੇ ਤੇ ਮੈਂ ਸਿਰ ‘ਤੇ ਬੋਦੀ ਰੱਖਦਾ। ਮਾਂ ਬੋਦੀ ‘ਤੇ ਤੇਲ ਲਾਉਂਦੀ ਤਾਂ ਲੋਕ ਆਖਦੇ ‘ਬੋਦੀ ਮੀਂਹ ਮੰਗਦੀ ਐ।’ ਤੇ ਅਚਾਨਕ ਪਿਤਾ ਜੀ ਸਾਨੂੰ ਵਿਛੋੜਾ ਦੇ ਗਏ। ਪਿਤਾ ਜੀ ਨੇ ਤੁਲਸਾਂ ਵਿਆਹ ਕੀਤੇ, ਪੂਰਨਮਾਸ਼ੀ ਦੀ ਕਥਾ ਸੁਣਾਈ, ਪੱਤਰੇ ਵਾਚੇ, ਹਥੋਲੇ ਪਾਏ, ਤਵੀਤ ਬਣਾਏ, ਪਤਾ ਨਹੀਂ ਕੀ-ਕੀ ਪਾਪੜ ਵੇਲੇ। ਆਪਣੀ ਕਬੀਲਦਾਰੀ  ਕਿਉਂਟ ਦਿੱਤੀ। ਸ਼ਾਇਦ ਭਲਾ ਜ਼ਮਾਨਾ ਸੀ। ਉਨ੍ਹਾਂ ਦੀ ਭਾਵਨਾ ਤੇ ਸੋਚ ਉੱਚੀ ਸੀ। ਦਾਦਾ ਜੀ ਨੇ ਜੋ ਬੀਜ ਬੀਜਿਆ, ਪਿਤਾ ਜੀ ਨੇ ਮਿਹਨਤ ਕੀਤੀ ਤੇ ਅੱਜ ਉਹ ਦਰੱਖਤ ਕੱਦਾਵਰ ਹੋ ਨਿਬੜਿਆ ਹੈ।
ਮੈਂ ਹੁਣ ਉਸੇ ਮੰਦਿਰ ਦਾ ਪੁਜਾਰੀ ਹਾਂ। ਮੇਰਾ ਬੇਟਾ ਤੇ ਬੇਟੀ ਸੇਟ ਜੋਜ਼ੇਫ਼ ਸਕੂਲ ‘ਚ ਪੜ੍ਹਦੇ ਹਨ। ਛੇ ਸੌ ਗਜ਼ ‘ਚ ਕੋਠੀ ਹੈ। ਕਾਰ ਤੇ ਐਕਟਿਵਾ ਕੋਲ ਹਨ। ਘਰ ਕੱਪੜੇ ਅਤੇ ਸਫ਼ਾਈ ਕਰਨ ਨੂੰ ਲੱਗੀ ਹੋਈ ਹੈ। ਮੈਂ ਕੰਪਿਊਟਰ ‘ਤੇ ਪੱਤਰੀ ਵਾਚਦਾ ਹਾਂ।  ਸ਼ਾਇਦ ਲੋਕ ਹੁਣ ਵੀ ਮੈਨੂੰ ਅੱਗੋਂ ਪਿੱਛੋਂ ਬੁਰਾ-ਭਲਾ ਕਹਿੰਦੇ ਹੋਣ; ਪਰ ਜਦੋਂ ਕਿਧਰੇ ਜਾਂਦਾ ਹਾਂ ਤਾਂ ਸਭ ਪੈਰੀਂ ਹੱਥ ਲਾਉਂਦੇ ਹਨ। ਰੋਟੀ ਖਾਣ ਚੇਲੇ-ਬਾਲਕੇ ਜਾਂਦੇ ਹਨ। ਅੱਠੀਆਂ, ਚਵੱਨੀਆਂ ਦਾ ਦੌਰ ਖ਼ਤਮ ਹੋ ਗਿਆ ਹੈ। ਦੋ ਵਿਆਹਾਂ ਵਿੱਚ ਹੀ ਸਰਕਾਰੀ ਤਨਖ਼ਾਹ ਜਿੰਨੇ ਰੁਪਏ ਇੱਕੱਠੇ ਹੋ ਜਾਂਦੇ ਹਨ। ਮੇਰੇ ਕੋਲ ਹਸਤ ਰੇਖਾ, ਮਸਤਕ ਰੇਖਾ ਦਿਖਾਉਣ ਤੇ ਘਰੇਲੂ ਉਪਾਅ ਕਰਵਾਉਣ ਹਿੱਤ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਮੋਬਾਈਲ ਨੂੰ ਵੀ ਦਿਨ ਭਰ ਵਿਹਲ ਨਹੀਂ ਮਿਲਦੀ। ਮੇਰੇ ਵੱਡੇ ਭਾਈ ਵੀ ਆਪਣੀ ਕਬੀਲਦਾਰੀ ਢੋ ਰਹੇ ਹਨ। ਵੇਲੇ-ਕੁਵੇਲੇ ਮੈਥੋਂ ਚਾਰ ਛਿੱਲੜ ਵੀ ਫ਼ੜ ਕੇ ਲੈ ਜਾਂਦੇ ਹਨ। ਆਖ਼ਰ ਦਾਦਾ  ਜੀ ਦੁਆਰਾ ਬੀਜੇ ਤੇ ਪਿਤਾ ਜੀ ਦੁਆਰਾ ਸਿੰਜੇ ਇਸ ਦਰੱਖਤ ਦੇ ਫ਼ਲਾਂ ‘ਤੇ ਉਨ੍ਹਾਂ ਦਾ ਵੀ ਮੇਰੇ ਜਿੰਨਾ ਹੱਕ ਹੈ। ਮੇਰਾ ਲੜਕਾ ਵੀ ਸ਼ਾਇਦ।
ਮੈਂ ਬਹੁਤ ਵਾਰ ਸੋਚਦਾ ਹਾਂ ਕਿ ਪਿਤਾ ਜੀ ਦੁਆਰਾ ਦੱਸੇ ਉਪਾਵਾਂ ਨਾਲ ਸਭ ਦਾ ਭਲਾ ਹੋ ਜਾਂਦਾ ਹੈ। ਪਿਤਾ ਜੀ ਕਿੰਨੀ ਪਾਠ-ਪੂਜਾ ਕਰਦੇ, ਲੱਛਮੀ ਸਤੋਤਰ ਪੜ੍ਹਦੇ, ਮਾਲਾ  ਫ਼ੇਰਦੇ। ਫ਼ਿਰ ਵੀ ਗ਼ਰੀਬੀ ਘਰੋਂ ਕਿਉਂ ਨਹੀਂ ਗਈ।  ਵੀਰਵਾਰ ਦੀ ਕਥਾ ਪੜ੍ਹ, ਕੇਲੀ ਵਿੱਚ ਪਾਣੀ ਪਾ, ਪਤਾ ਨਹੀਂ ਕਿੰਨੇ ਬਾਣੀਏ, ਸ਼ਾਹੂਕਾਰ ਹੋ ਗਏ ਹਨ; ਪਰ ਸਾਡਾ ਘਰ!! ਪੂਰਨਮਾਸ਼ੀ ਜਾਂ ਵੀਰਵਾਰ ਦੀ ਕਥਾ ਹੈ ‘ਏਕ ਬਾਰ ਏਕ ਨਗਰ ਮੇਂ ਏਕ ਗਰੀਬ ਬ੍ਰਾਹਮਣ ਰਹਿਤਾ ਥਾ  ਅੰਤ ਬ੍ਰਾਹਮਣ ਸੰਸਾਰ ਕੇ ਸੁਖ ਭੋਗਤਾ ਹੂਆ ਸਵਰਗ ਕੋ ਪ੍ਰਾਪਤ ਹੂਆ!’ ਸ਼ੁਰੂ ਦੀ ਕਹਾਣੀ ਦਾਦਾ ਜੀ ਤੇ ਪਿਤਾ ਜੀ ਦੀ ਤੇ ਅੰਤ ਮੈਨੂੰ ਆਪਣਾ ਭਾਸਦਾ ਹੈ।