ਲਿਬਨਾਨ ‘ਚ ਕਤਲ ਕੀਤੇ ਨੌਜਵਾਨ ਗੁਰਲਵਜੀਤ ਦੀ ਪਿੰਡ ਪਹੰੁਚੀਂ ‘ਲਾਸ਼’
Fri 5 Apr, 2019 0ਭਿੱਖੀਵਿੰਡ: (ਹਰਜਿੰਦਰ ਸਿੰਘ ਗੋਲ੍ਹਣ)-
ਵਿਦੇਸ਼ੀ ਧਰਤੀ ਲਿਬਨਾਨ ‘ਚ ਬੀਤੇ ਦੋ ਹਫਤੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਜਿਲ੍ਹਾ ਤਰਨ ਤਾਰਨ ਦੇ ਪਿੰਡ ਬਲ੍ਹੇਰ ਦੇ ਨੌਜਵਾਨ ਗੁਰਲਵਜੀਤ ਸਿੰਘ (19) ਦੀ ਲਾਸ਼ ਅੱਜ ਸਵੇਰੇ 11 ਵਜੇ ਦੇ ਇਕ ਪ੍ਰਾਈਵੇਟ ਐਂਬਲੈਂਸ਼ ਰਾਂਹੀ ਪਿੰਡ ਬਲ੍ਹੇਰ ਵਿਖੇ ਪਹੰੁਚੀਂ। ਦੱਸਣਯੋਗ ਹੈ ਕਿ ਮ੍ਰਿਤਕ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਮਾਪਿਆਂ ਦੀ ਮੰਗ ਨੂੰ ਗੰਭੀਰਤਾ ਨਾਲ ਪ੍ਰਕਾਸ਼ਿਤ ਕਰਕੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ। ਇਸ ਮਾਮਲੇ ਸੰਬੰਧੀ ਹੈਲਪਿੰਗ ਹੈਪਲੈਸ ਸੰਸਥਾ ਦੇ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਤੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ਼ ਵੱਲੋਂ ਲਿਬਨਾਨ ਸਥਿਤ ਭਾਰਤੀ ਦੂਤਾਵਾਸ ਨੂੰ ਜਾਣੂ ਕਰਵਾਇਆ, ਉਥੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਵੀ ਕੀਤੀ ਸੀ। ਲੰਮੀ ਜਦੋ-ਜਹਿਦ ਤੋਂ ਬਾਅਦ ਕਾਗਜੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਬੀਤੀ ਰਾਤ 12 ਵਜੇ ਹਵਾਈ ਜਹਾਜ ਰਾਂਹੀ ਗੁਰਲਵਜੀਤ ਸਿੰਘ ਦੀ ਲਾਸ਼ ਨਵੀਂ ਦਿੱਲੀ ਦੇ ਏਅਰਪੋਰਟ ਵਿਖੇ ਪਹੰੁਚੀਂ, ਜਿਥੋ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ, ਮਾਮਾ ਰਾਜਵਿੰਦਰ ਸਿੰਘ, ਸਰਪੰਚ ਕਰਤਾਰ ਸਿੰਘ ਬਲ੍ਹੇਰ ਆਦਿ ਵੱਲੋਂ ਲਾਸ਼ ਨੂੰ ਵਾਪਸ ਪਿੰਡ ਲਿਆਂਦਾ ਗਿਆ। ਗੁਰਲਵਜੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਬਲ੍ਹੇਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਆਪਣੇ ਨੌਜਵਾਨ ਪੁੱਤਰ ਦੀ ਲਾਸ਼ ਦੇਖ ਕੇ ਪਿਤਾ ਹਰਦੇਵ ਸਿੰਘ, ਮਾਂ ਗੁਰਮੀਤ ਕੌਰ, ਭੈਣ ਕਿਰਨਦੀਪ ਕੌਰ, ਛੋਟੇ ਭਰਾ ਜਸਕਰਨ ਸਿੰਘ ਤੇ ਗੁਰਬੀਰ ਸਿੰਘ ਭੁਬਾਂ ਮਾਰ-ਮਾਰ ਕੇ ਰੋ ਰਹੇ ਸਨ ਅਤੇ ਅੰਤਿਮ ਸੰਸਕਾਰ ਸਮੇਂ ਮਾਹੌਲ਼ ਇੰਨ੍ਹਾ ਗਮਗੀਨ ਹੋ ਗਿਆ ਕਿ ਹਰ ਵਿਅਕਤੀ ਦੀ ਅੱਖ ਨਮ ਹੋ ਗਈ। ਇਸ ਮੌਕੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਗੁਰਮੁਖ ਸਿੰਘ ਘੁੱਲਾ, ਸਾਬਕਾ ਸਰਪੰਚ ਗੁਰਦੇਵ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ ਬੱਬੀ, ਪ੍ਰਸ਼ਾਸ਼ਨ ਵੱਲੋਂ ਕਾਨੂੰਨਗੋ ਸੁਰਿੰਦਰ ਸਿੰਘ, ਪਟਵਾਰੀ ਰਣਜੋਧ ਸਿੰਘ ਆਦਿ ਹਾਜਰ ਸਨ।
Comments (0)
Facebook Comments (0)