ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਜ਼ੋਰਾਂ 'ਤੇ
Tue 16 Apr, 2019 0ਨਵੀਂ ਦਿੱਲੀ :
ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਇਕ ਵਾਰ ਫਿਰ ਜ਼ੋਰ ਫੜਨ ਲੱਗ ਪਈ ਹੈ। ਖਾਧ ਉਤਪਾਦਾਂ ਅਤੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਨ ਥੋਕ ਮੁਲ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ ਮਾਰਚ ਵਿਚ ਤਿੰਨ ਮਹੀਨੇ ਦੇ ਉੱਚ ਪੱਧਰ 3.18 ਫ਼ੀ ਸਦੀ 'ਤੇ ਪਹੁੰਚ ਗਈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਸ ਗੱਲ ਦੀ ਜਾਣਕਾਰੀ ਮਿਲੀ। ਥੋਕ ਮੁਦਰਾਸਫ਼ੀਤੀ ਵਿਚ ਲਗਾਤਾਰ ਦੂਜੇ ਮਹੀਨੇ ਤੇਜ਼ੀ ਦਿਸੀ ਹੈ। ਇਸ ਤੋਂ ਪਹਿਲਾਂ ਥੋਕ ਮੁਦਰਾਸਫ਼ੀਤੀ ਫ਼ਰਵਰੀ 2019 ਵਿਚ 2.93 ਫ਼ੀ ਸਦੀ, ਜਨਵਰੀ ਵਿਚ 2.76 ਫ਼ੀ ਸਦੀ ਅਤੇ ਦਸੰਬਰ 2018 ਵਿਚ 3.46 ਫ਼ੀ ਸਦੀ ਸੀ। ਪਿਛਲੇ ਸਾਲ ਮਾਰਚ ਮਹੀਨੇ ਵਿਚ ਇਹ 2.74 ਫ਼ੀ ਸਦੀ ਸੀ। ਖਾਧ ਪਦਾਰਥਾਂ ਦੀ ਮਹਿੰਗਾਈ ਫ਼ਰਵਰੀ ਦੇ 4.28 ਫ਼ੀ ਸਦੀ ਦੇ ਮੁਕਾਬਲੇ ਵਧ ਕੇ 5.68 ਫ਼ੀ ਸਦੀ ਪਹੁੰਚ ਗਈ। ਮਾਰਚ 2019 ਦੌਰਾਨ ਸਬਜ਼ੀਆਂ ਦੀ ਸ਼੍ਰੇਣੀ ਵਿਚ ਮੁਦਰਾਸਫ਼ੀਤੀ ਉਛਲ ਕੇ 28.13 ਫ਼ੀ ਸਦੀ 'ਤੇ ਪਹੁੰਚ ਗਈ। ਫ਼ਰਵਰੀ ਵਿਚ ਇਹ 6.82 ਫ਼ੀ ਸਦੀ ਸੀ ਹਾਲਾਂਕਿ ਇਸ ਦੌਰਾਨ ਆਲੂ ਦੀ ਕੀਮਤ ਸਾਲਾਨਾ ਆਧਾਰ 'ਤੇ 1.30 ਫ਼ੀ ਸਦੀ ਉੱਚੀ ਰਹੀ। ਫ਼ਰਵਰੀ ਵਿਚ ਆਲੂ ਦੀ ਕੀਮਤ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 23.40 ਫ਼ੀ ਸਦੀ ਉੱਚੀ ਸੀ। ਦਾਲਾਂ ਅਤੇ ਕਣਕ ਵਿਚ ਇਸ ਦੌਰਾਨ ਨਰਮੀ ਵੇਖਣ ਨੂੰ ਮਿਲੀ ਅਤੇ ਇਨ੍ਹਾਂ ਦੀ ਮਹਿੰਗਾਈ ਘੱਟ ਹੋ ਕੇ ਕ੍ਰਮਵਾਰ 10.63 ਫ਼ੀ ਸਦੀ ਅਤੇ 10.13 ਫ਼ੀ ਸਦੀ 'ਤੇ ਆ ਗਈ। ਆਂਡੇ, ਮਾਸ ਅਤੇ ਮੱਛੀ ਜਿਹੇ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਵਿਚ ਵੀ ਮੁਦਰਾਸਫ਼ੀਤੀ ਨਰਮ ਹੋ ਕੇ 5.86 ਫ਼ੀ ਸਦੀ 'ਤੇ ਆ ਗਈ। ਪਿਛਲੇ ਮਹੀਨੇ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿਚ 31.4 ਫ਼ੀ ਸਦੀ ਅਤੇ ਫਲਾਂ ਦੀਆਂ ਕੀਮਤਾਂ ਵਿਚ 7.62 ਫ਼ੀ ਸਦੀ ਦੀ ਨਰਮੀ ਵੇਖੀ ਗਈ। ਇਸ ਹਫ਼ਤੇ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਦੌਰਾਨ ਪਰਚੂਨ ਮੁਦਰਾਸਫ਼ੀਤੀ ਵੀ ਫ਼ਰਵਰੀ ਦੇ 2.57 ਫ਼ੀ ਸਦੀ ਤੋਂ ਵਧ ਕੇ ਮਾਰਚ ਵਿਚ 2.86 ਫ਼ੀ ਸਦੀ 'ਤੇ ਪਹੁੰਚ ਗਈ। (ਏਜੰਸੀ) ਤੇਲ ਨੇ ਵੀ ਕਸਰ ਨਾ ਛੱਡੀ : ਤੇਲ ਅਤੇ ਬਿਜਲੀ ਸ਼੍ਰੇਣੀ ਵਿਚ ਵੀ ਮੁਦਰਾਸਫ਼ੀਤੀ ਫ਼ਰਵਰੀ ਦੇ 2.23 ਫ਼ੀ ਸਦੀ ਤੋਂ ਵਧ ਕੇ ਮਾਰਚ ਵਿਚ 5.41 ਫ਼ੀ ਸਦੀ 'ਤੇ ਪਹੁੰਚ ਗਈ। ਇਸੇ ਤਰ੍ਹਾਂ ਡੀਜ਼ਲ ਦੀ ਮਹਿੰਗਾਈ ਫ਼ਰਵਰੀ ਦੇ 3.72 ਫ਼ੀ ਸਦੀ ਤੋਂ ਵਧ ਕੇ ਮਾਰਚ ਵਿਚ 7.33 ਫ਼ੀ ਸਦੀ 'ਤੇ ਪਹੁੰਚ ਗਈ। ਪਟਰੌਲ ਮਾਰਚ ਵਿਚ ਸਾਲਾਨਾ ਆਧਾਰ 'ਤੇ 1.78 ਫ਼ੀ ਸਦੀ ਮਹਿੰਗਾ ਰਿਹਾ ਜਦਕਿ ਫ਼ਰਵਰੀ ਵਿਚ ਪਟਰੌਲ ਦੀ ਮਹਿੰਗਾਈ 2.93 ਫ਼ੀ ਸਦੀ ਸੀ।
Comments (0)
Facebook Comments (0)