ਗਰਭਵਤੀ ਔਰਤ ਨੇ ਸੜ੍ਹਕ ‘ਤੇ ਹੀ ਦਿੱਤਾ ਬੱਚੀ ਨੂੰ ਜਨਮ, ਕੋਲ ਖੜ੍ਹੇ ਲੋਕ ਬਣਾਉਂਦੇ ਰਹੇ ਵੀਡੀਓ

ਗਰਭਵਤੀ ਔਰਤ ਨੇ ਸੜ੍ਹਕ ‘ਤੇ ਹੀ ਦਿੱਤਾ ਬੱਚੀ ਨੂੰ ਜਨਮ, ਕੋਲ ਖੜ੍ਹੇ ਲੋਕ ਬਣਾਉਂਦੇ ਰਹੇ ਵੀਡੀਓ

ਬਠਿੰਡਾ:

ਬੁੱਧਵਾਰ ਸਵੇਰੇ ਕਰੀਬ ਸਾਢੇ 10 ਵਜੇ ਇੱਕ ਗਰਭਵਤੀ ਔਰਤ ਸੜਕ ਕਿਨਾਰੇ ਦਰਦ ਨਾਲ ਤੜਪ ਰਹੀ ਸੀ। ਇਨਸਾਨੀਅਤ ਇਸ ਕਦਰ ਮਰ ਗਈ ਕਿ ਲੋਕ ਔਰਤ ਦੀ ਮੱਦਦ ਕਰਨ ਦੀ ਬਜਾਏ ਵੀਡੀਓ ਹੀ ਬਣਾਉਂਦੇ ਰਹੇ ਪਰ ਕਿਸੇ ਨੂੰ ਉਸ ‘ਤੇ ਤਰਸ ਨਾ ਆਇਆ। ਸ਼ਰਮਸਾਰ ਕਰਨ ਵਾਲੀ ਗੱਲ ਇਹ ਵੀ ਰਹੀ ਕਿ ਤਮਾਸ਼ਾ ਦੇਖ ਰਹੀ ਭੀੜ ਵਿੱਚ ਔਰਤਾਂ ਵੀ ਸ਼ਾਮਲ ਸੀ।  ਅਖੀਰ ਕਿਸੇ ਨੇ ਸਹਾਇਤਾ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿੱਤੀ। ਜਦੋਂ ਤੱਕ ਸਹਾਇਤਾ ਟੀਮ ਦੇ ਮੈਂਬਰ ਘਟਨਾ ਸਥਾਨ ‘ਤੇ ਪੁੱਜੇ, ਤੱਦ ਤੱਕ ਔਰਤ ਨੇ ਉਥੇ ਹੀ ਬੱਚੇ ਨੂੰ ਜਨਮ ਦੇ ਦਿੱਤਾ । ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋਵੇਗੀ ਕਿ ਸਹਾਇਤਾ ਟੀਮ ਨੂੰ ਸਹਿਯੋਗ ਕਰਨ ਲਈ ਕੋਲ ਖੜੀ ਕੋਈ ਔਰਤ ਵੀ ਬਲਾਉਣ ਦੇ ਬਾਵਜੂਦ ਮੱਦਦ ਲਈ ਅਤੇ ਹਸਪਤਾਲ ਲੈ ਕੇ ਜਾਣ ਲਈ ਵੀ ਤਿਆਰ ਨਹੀਂ ਹੋਈ। ਕਿਸੇ ਤਰ੍ਹਾਂ ਸਹਾਇਤਾ ਟੀਮ ਦੇ ਮੈਂਬਰ ਔਰਤ ਅਤੇ ਨਵਜੰਮੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਪੁੱਜੇ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਬਠਿੰਡੇ ਦੇ ਵਿਸ਼ਾਲ ਨਗਰ ਫੇਜ ਇਕ ਦੀ ਗਲੀ ਨੰਬਰ 1 ਵਿੱਚ ਦੇਖਣ ਨੂੰ ਮਿਲੀ। ਔਰਤ ਰੋਸ਼ਨੀ ਨੇ ਦੱਸਿਆ ਕਿ ਉਸਨੇ ਇੱਕ ਸਾਲ ਪਹਿਲਾਂ ਪਰਵਾਰ ਦੀ ਮਰਜੀ ਦੇ ਵਿਰੁੱਧ ਵਿਕਾਸ ਨਿਵਾਸੀ ਬਿਹਾਰ ਨਾਲ ਘਰ ਤੋਂ ਭੱਜ ਕੇ ਪ੍ਰੇਮ ਸਬੰਧ ‘ਚ ਵਿਆਹ ਕਰਵਾਇਆ ਸੀ। ਉਦੋਂ ਤੋਂ ਹੀ ਉਹ ਦੋਨੋਂ ਬਠਿੰਡਾ ਰੇਲਵੇ ਸਟੇਸ਼ਨ ‘ਤੇ ਰਹਿ ਰਹੇ ਹਨ। ਬੁੱਧਵਾਰ ਸਵੇਰੇ ਉਹ ਆਪਣੇ ਪਤੀ ਦੇ ਨਾਲ ਪੈਦਲ ਹੀ ਵਿਸ਼ਾਲ ਨਗਰ ਤੋਂ ਗੁਜਰ ਰਹੀ ਸੀ। ਅਚਾਨਕ ਹੀ ਔਰਤ ਦੇ ਪੇਟ ‘ਚ ਦਰਦ ਸ਼ੁਰੂ ਹੋ ਗਿਆ। ਉਹ ਸੜਕ ‘ਤੇ ਹੀ ਡਿੱਗ ਪਈ ਅਤੇ ਦਰਦ ਨਾਲ ਕੁਰਲਾਉਣ ਲੱਗੀ, ਪਰ ਇਸ ਹਾਲਤ ਵਿੱਚ ਉਸਦਾ ਪਤੀ ਉਸ ਨੂੰ ਕਿਸੇ ਹਸਪਤਾਲ ਲੈ ਜਾਣ ਦੀ ਬਜਾਏ, ਉਥੇ ਹੀ ਤੜਪਦੀ ਨੂੰ ਛੱਡ ਕੇ ਕਿਤੇ ਫੁੱਰਰ ਹੋ ਗਿਆ। ਸਹਾਇਤ ਟੀਮ ਦੇ ਬੁਲਾਰਾ ਗੌਤਮ ਗੋਇਲ ਨੇ ਦੱਸਿਆ ਕਿ ਔਰਤ ਅਤੇ ਨਵਜੰਮੀ ਬੱਚੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਨਵਜੰਮੇ ਬੱਚੇ ਦੀ ਹਾਲਤ ਹਲੇ ਗੰਭੀਰ  ਬਣੀ ਹੋਈ ਹੈ, ਜਦ ਕਿ ਉਸਦੀ ਮਾਂ ਦੀ ਹਾਲਤ ਹੁਣ ਠੀਕ ਹੈ। ਦੋਨਾਂ ਦੇ ਇਲਾਜ਼ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।