ਸਵਾਲ-ਕਰਤਾ ਦੇਸ਼-ਧ੍ਰੋਹੀ ਹੋ ਨਹੀਂ ਸਕਦਾ - ਸ਼ਾਮ ਸਿੰਘ ਅੰਗ-ਸੰਗ

ਸਵਾਲ-ਕਰਤਾ ਦੇਸ਼-ਧ੍ਰੋਹੀ ਹੋ ਨਹੀਂ ਸਕਦਾ - ਸ਼ਾਮ ਸਿੰਘ ਅੰਗ-ਸੰਗ

 

ਸਵਾਲ-ਕਰਤਾ ਦੇਸ਼-ਧ੍ਰੋਹੀ ਹੋ ਨਹੀਂ ਸਕਦਾ - ਸ਼ਾਮ ਸਿੰਘ ਅੰਗ-ਸੰਗ

ਲੱਭਣ ਤੁਰੇ ਸਾਂ ਜ਼ਿੰਦਗੀ ਖ਼ਿਆਲਾਂ ਦੇ ਸ਼ਹਿਰ ਵਿੱਚ,
ਮੁੱਕਿਆ ਸਫ਼ਰ ਤਾਂ ਸਾਰਾ ਸਵਾਲਾਂ ਦੇ ਸ਼ਹਿਰ ਵਿੱਚ।

ਸਵਾਲ ਤਾਂ ਮਾਂ ਦੀ ਗੋਦੀ ਵਿੱਚ ਬੈਠੇ ਬੱਚੇ ਤੋਂ ਹੀ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਮਾਂ ਸਹੀ ਜਵਾਬ ਦਿੰਦੀ ਹੈ, ਟਾਲਦੀ ਨਹੀਂ, ਉਕਤਾਂਦੀ ਨਹੀਂ, ਥੱਕਦੀ ਨਹੀਂ। ਬੱਚਾ ਜਿੰਨੇ ਮਰਜ਼ੀ ਬੇ-ਹਿਸਾਬੇ ਸਵਾਲ ਪੁੱਛੇ, ਮਾਤਾ ਸ਼ਾਂਤ-ਚਿੱਤ ਰਹਿ ਕੇ ਤੋਤਲੀ ਜ਼ੁਬਾਨ ਵਾਲੇ ਨੂੰ ਵੀ ਢੁਕਵੇਂ ਅੰਦਾਜ਼ ਵਿੱਚ ਉਸ ਦੇ ਮੇਚ ਦੇ ਬੋਲਾਂ ਵਿੱਚ ਸੰਤੁਸ਼ਟ ਕਰਦੀ ਹੈ, ਕਦੀ ਗੁੱਸੇ ਨਹੀਂ ਹੁੰਦੀ। ਬਾਲ ਪਿਤਾ ਅਤੇ ਨਾਲ ਦੇ ਭੈਣ-ਭਰਾਵਾਂ ਤੋਂ ਵੀ ਸਵਾਲ ਪੁੱਛਦਾ ਹੈ, ਪਰ ਕੋਈ ਗੁੱਸੇ ਨਹੀਂ ਹੁੰਦਾ। ਜੇ ਉਹ ਕੋਈ ਤਿੱਖਾ ਸਵਾਲ ਵੀ ਕਰ ਦੇਵੇ ਤਾਂ ਵੀ ਉਸ ਦਾ ਜਵਾਬ ਦਿੱਤਾ ਜਾਂਦਾ ਹੈ, ਟਾਲਿਆ ਨਹੀਂ ਜਾਂਦਾ। ਉਸ ਦੀ ਤਿੱਖੀ ਸੁਰ ਵਿਰੋਧੀ ਅੰਦਾਜ਼ ਅਤੇ ਰੋਸ ਵਾਲੀ ਆਵਾਜ਼ ਸੁਣ ਕੇ ਵੀ ਘਰ ਵਾਲੇ ਉਸ ਨੂੰ ਕਿਸੇ ਤਰ੍ਹਾਂ ਵੀ ਘਰ-ਧ੍ਰੋਹੀ ਗਰਦਾਨਣ ਬਾਰੇ ਸੋਚਦੇ ਤੱਕ ਨਹੀਂ। ਸਿੱਧੀ ਜਿਹੀ ਗੱਲ ਹੈ ਘਰ ਦਾ ਬੱਚਾ ਘਰ-ਧ੍ਰੋਹੀ ਹੋ ਹੀ ਨਹੀਂ ਸਕਦਾ।
      ਉਮਰ ਅੱਗੇ ਤੁਰੀ ਤਾਂ ਬੱਚੇ ਨੂੰ ਸਕੂਲ ਭੇਜਿਆ  ਗਿਆ। ਜਿਹੜੀ ਗੱਲ ਸੁਣੇ, ਪਰ ਸਮਝ ਨਾ ਆਵੇ ਤਾਂ ਮਾਸਟਰ ਨੂੰ ਸਵਾਲ ਕਰੇ। ਜਵਾਬ ਸੁਣੇ, ਸਮਝੇ। ਜਵਾਬ 'ਚੋਂ ਹੋਰ ਸਵਾਲ ਉੱਠ ਖੜ੍ਹੇ ਹੋਣ। ਉਹ ਸਵਾਲ 'ਤੇ ਸਵਾਲ ਕਰੇ, ਪਰ ਮਾਸਟਰ ਕਦੇ ਨਾ ਅੱਕੇ। ਸਵਾਲਾਂ ਦੇ ਜਵਾਬ ਸੁਣਦਾ ਅਤੇ ਲਿਖਦਾ ਲਿਖਦਾ ਕਾਲਜ ਪਹੁੰਚ ਕੇ ਫੇਰ ਪ੍ਰੋਫ਼ੈਸਰਾਂ ਅੱਗੇ ਸਵਾਲ ਖੜ੍ਹੇ ਕਰਦਾ। ਯੂਨੀਵਰਸਿਟੀ ਪਹੁੰਚ ਕੇ ਵੀ ਉਹ ਚੁੱਪ ਨਾ ਕਰਦਾ। ਉਸ ਦੇ ਦਿਮਾਗ਼ ਵਿੱਚ ਸਵਾਲ ਭਖਦੇ ਰਹਿੰਦੇ ਅਤੇ ਉਹ ਪੁੱਛਣ ਤੋਂ ਨਾ ਹਟਦਾ। ਮਾਸਟਰ ਤੇ ਪ੍ਰੋਫ਼ੈਸਰ ਸਵਾਲਾਂ ਦੇ ਜਵਾਬ ਦਿੰਦੇ ਅਤੇ ਹੋਰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੇ ਰਹਿੰਦੇ। ਕਦੇ ਕਿਸੇ ਮਾਸਟਰ ਨੇ ਬੱਚੇ ਨੂੰ ਸਕੂਲ-ਧ੍ਰੋਹੀ ਨਹੀਂ ਕਿਹਾ। ਕਿਸੇ ਪ੍ਰੋਫ਼ੈਸਰ ਨੇ ਕਾਲਜ-ਧ੍ਰੋਹੀ ਨਹੀਂ ਆਖਿਆ ਅਤੇ ਨਾ ਹੀ ਯੂਨੀਵਰਸਿਟੀ ਧਰੋਹੀ। ਸਵਾਲ ਕਰਨਾ ਉਨ੍ਹਾਂ ਦਾ ਹੱਕ ਹੈ, ਫੇਰ ਐਵੇਂ ਕਿਵੇਂ ਹੱਕ ਕਿਉਂ ਛੱਡ ਦੇਣ।
        ਦੇਸ਼ ਦਾ ਨਾਗਰਿਕ ਹੁੰਦਿਆਂ ਬੜਾ ਹੋ ਕੇ ਉਸ ਦੇ ਜ਼ਿਹਨ ਵਿੱਚ ਆਪਣੇ ਰਾਜ ਬਾਰੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ, ਜਿਹੜੇ ਉਹ ਨੇਤਾਵਾਂ ਨੂੰ ਕਰਦਾ ਰਹਿੰਦਾ, ਜਿਨ੍ਹਾਂ 'ਚੋਂ ਕੁਝ ਦੇ ਜਵਾਬ ਮਿਲਦੇ, ਕੁਝ ਦੇ ਨਾ ਮਿਲਦੇ। ਕਈ ਵਾਰ ਉਸ ਨੂੰ ਗੁੱਸਾ ਵੀ ਆਉਂਦਾ ਕਿ ਰਾਜ ਦੇ ਲੋਕਾਂ ਦੀਆਂ ਵੋਟਾਂ 'ਤੇ ਪਲਣ ਵਾਲੇ ਇਹ ਨੇਤਾ ਲੋਕ ਸਵਾਲਾਂ ਦੇ ਜਵਾਬ ਦੇਣ ਦਾ ਹੌਸਲਾ ਕਿਉਂ ਨਹੀਂ ਕਰਦੇ। ਅਸਲ ਵਿੱਚ ਗੱਲ ਇਹ ਹੁੰਦੀ ਹੈ ਕਿ ਲੋਕਾਂ ਦਾ ਭਲਾ ਕਰਨ ਲਈ ਭੇਜੇ ਇਹ ਪ੍ਰਤੀਨਿਧ ਨਿੱਜ ਨੂੰ ਪਾਲਣ ਜਾਂ ਫੇਰ ਨੇੜਲਿਆਂ ਨੂੰ ਪਾਲਣ ਲੱਗ ਪੈਂਦੇ ਹਨ ਅਤੇ ਜਨਤਾ ਨੂੰ ਯਾਦ ਨਹੀਂ ਰੱਖਦੇ। ਲੋਕਾਂ ਨਾਲੋਂ ਦੂਰ ਹੁੰਦੇ ਹਨ ਤਾਂ ਲੋਕ ਦੁਖੀ ਨਾ ਹੋਣ, ਤਾਂ ਕੀ ਕਰਨ? ਸਵਾਲਾਂ ਦੇ ਜਵਾਬ ਦੇਣ ਵੇਲੇ ਗੁੱਸੇ ਹੁੰਦੇ ਹਨ ਅਤੇ ਕਈ ਵਾਰ ਤਾਂ ਦਿੰਦੇ ਹੀ ਨਹੀਂ। ਪੱਤਰਕਾਰਾਂ 'ਤੇ ਗੁੱਸੇ ਹੁੰਦੇ ਹਨ ਅਤੇ ਕਈ ਵਾਰ ਸਵਾਲ ਕਰਤਾ ਮਾਰ ਖਾਣ ਤੋਂ ਵੀ ਨਹੀਂ ਬਚਦਾ।
      ਜੇ ਸਵਾਲ ਦੇਸ਼ ਦੇ ਵੱਡੇ ਹਾਕਮਾਂ ਕੋਲੋਂ ਪੁੱਛਣ ਵਾਲਾ ਹੋਵੇ ਤਾਂ ਆਮ ਬੰਦੇ ਦੀ ਤਾਂ ਉਥੋਂ ਤੱਕ ਪਹੁੰਚ ਹੀ ਨਹੀਂ ਹੁੰਦੀ। ਜੇਕਰ ਕਿਸੇ ਵਜ਼ੀਰ ਜਾਂ ਵਜ਼ੀਰੇ-ਆਜ਼ਮ ਤੋਂ ਪੁੱਛਣ ਦੀ ਜੁਰਅੱਤ ਕਰ ਲਈ ਜਾਵੇ ਤਾਂ ਉਸ ਨੂੰ ਜਿਸ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕਤੰਤਰ ਵਿੱਚ ਉਸ ਲਈ ਕੋਈ ਥਾਂ ਨਹੀਂ, ਪਰ ਤਾਨਾਸ਼ਾਹੀ ਅਜਿਹਾ ਧੱਕਾਤੰਤਰ ਕਰਦੀ ਹੈ, ਜਿਸ ਅੱਗੇ ਸਭ ਕੁਝ ਅਸਫ਼ਲ ਰਹਿ ਜਾਂਦਾ। ਵੱਡੇ ਨੇਤਾ ਨੂੰ ਸਵਾਲ ਕਰਨਾ ਹੀ ਗੁਨਾਹ ਬਣ ਜਾਂਦਾ, ਜਿਸ ਬਦਲੇ ਉਸ ਦੀ ਧੁਲਾਈ ਵੀ ਹੋ ਜਾਂਦੀ ਹੈ ਅਤੇ ਮਾਨਸਿਕ ਪੀੜਾ ਵੀ। ਕਿਸੇ ਮੰਤਰੀ ਬਾਰੇ ਸਵਾਲ ਉਠਾਉਣਾ ਹੀ ਗਲਤ ਸਮਝਿਆ ਜਾਂਦਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਂਦਾ। ਪ੍ਰਧਾਨ ਮੰਤਰੀ ਬਾਰੇ ਸਵਾਲ ਕਰਨ ਵਾਲੇ ਨੂੰ ਤਾਂ ਸਿੱਧਾ ਹੀ ਦੇਸ਼-ਧ੍ਰੋਹੀ ਗਰਦਾਨ ਦਿੱਤਾ ਜਾਂਦਾ ਹੈ, ਜਿਸ ਕਾਰਨ ਸਵਾਲ-ਕਰਤਾ ਸਵਾਲ ਦੇ ਰਾਹ ਹੀ ਨਹੀਂ ਪੈਂਦੇ।
       ਜਦ ਮਾਹਿਰਾਂ ਨਾਲ ਗੱਲ ਵਿਚਾਰੀ ਤਾਂ ਸਭ ਇਹ ਹੀ ਕਹਿ ਰਹੇ ਸਨ ਕਿ ਲੋਕਤੰਤਰ ਵਿੱਚ ਵਿਚਾਰ-ਚਰਚਾ ਕਰਨੀ ਵੀ ਇਕਦਮ ਜਾਇਜ਼ ਹੈ ਅਤੇ ਸਵਾਲ ਉਠਾਉਣੇ ਵੀ। ਅਜਿਹਾ ਕਰਨ ਦਾ ਹੱਕ ਦੇਸ਼ ਦੇ ਸੰਵਿਧਾਨ ਵਿੱਚ ਦਿੱਤਾ ਗਿਆ ਹੈ, ਜਿਸ ਨੂੰ  ਦੇਸ਼ ਦੇ ਜਿਹੜੇ ਨੇਤਾ ਨਹੀਂ ਮੰਨਦੇ ਤਾਂ ਉਹ ਸਰੇਆਮ ਸੰਵਿਧਾਨ ਦੀ ਉਲੰਘਣਾ ਕਰਦੇ ਹਨ, ਰਾਖੀ ਬਿਲਕੁਲ ਨਹੀਂ। ਲੋਕਤੰਤਰ ਵਿੱਚ ਤਾਂ ਰਾਸ਼ਟਰਪਤੀ ਤੱਕ ਨੂੰ ਲੋਕਾਂ ਦੇ ਮਨਾਂ ਵਿੱਚ ਉੱਠਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਤਾਂ ਜੋ ਜਨਤਾ ਦਾ ਵਿਸ਼ਵਾਸ ਸੰਵਿਧਾਨ ਵਿੱਚ ਵੀ ਪੱਕਾ ਹੋਵੇ ਅਤੇ ਮੌਕੇ ਦੀ ਸਰਕਾਰ ਵਿੱਚ ਵੀ। ਦੇਸ਼ ਦੇ ਕਿਸੇ ਵੀ ਮਸਲੇ ਬਾਰੇ ਸਵਾਲ-ਕਰਤਾ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਲੈਣਾ ਠੀਕ ਨਹੀਂ, ਕਿਉਂਕਿ ਸਵਾਲ-ਕਰਤਾ ਕਿਸੇ ਤਰ੍ਹਾਂ ਵੀ ਦੇਸ਼-ਧ੍ਰੋਹੀ ਨਹੀਂ ਹੋ ਸਕਦਾ। ਜਿਹੜੇ ਸਵਾਲ-ਕਰਤਾ 'ਤੇ ਉਂਗਲ ਉਠਾਉਂਦੇ ਹਨ, ਉਹ ਮਨ ਦੇ ਸਾਫ਼ ਨਹੀਂ ਮੰਨੇ ਜਾ ਸਕਦੇ।
       ਕੋਈ ਚੋਣਾਂ ਵਿੱਚ ਕੀਤੇ ਵਾਅਦਿਆਂ ਬਾਰੇ ਸਵਾਲ ਉਠਾਵੇ ਤਾਂ ਕੋਈ ਜਵਾਬ ਨਹੀਂ। ਜੇ ਜਵਾਬ ਹੈ ਤਾਂ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਨਾਲ ਸਿੱਧਾ ਹੀ ਮਜ਼ਾਕ ਕਿ ਦਾਅਵੇ ਨਹੀਂ ਜੁਮਲੇ। ਕੋਈ ਕੀ ਕਰ ਲਊ? ਕਿੱਥੇ ਕਦੋਂ ਕਿਸ ਪਾਸ ਸ਼ਿਕਾਇਤ ਕਰੇ। ਮਸਲਾ ਬਹੁਤ ਹੀ ਗੰਭੀਰ ਹੈ, ਪਰ ਅਣਸੁਣਿਆ ਹੀ ਰਹਿ ਜਾਵੇਗਾ, ਕਿਉਂਕਿ ਇਸ ਵਿਰੁੱਧ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ। ਸਰਜੀਕਲ ਅਪ੍ਰੇਸ਼ਨ ਬਾਰੇ ਸਵਾਲ ਤਾਂ ਕਰਨ ਤੋਂ ਪਹਿਲਾਂ ਹੀ ਦਬਾ ਦਿੱਤਾ ਜਾਂਦਾ। ਕੋਈ ਨਹੀਂ ਪੁੱਛ ਸਕਦਾ ਕਿੰਨੇ ਮਰੇ ਕਿੰਨੇ ਮਾਰੇ? ਪੁਲਵਾਮਾ ਦਾ ਹਾਦਸਾ ਛੁਪਿਆ ਹੀ ਆ ਰਿਹਾ। ਸਵਾਲ ਕਰਨ ਵਾਲੇ ਨੂੰ ਏਹੀ ਸੁਣਨਾ ਪਵੇਗਾ ਕਿ ਕੌਣ ਹੈਂ ਤੂੰ, ਅਜਿਹੀ ਸੋਚ ਹੈ ਤਾਂ ਪਾਕਿਸਤਾਨ ਚਲਾ ਜਾ। ਇਹ ਕੋਈ ਗੱਲ ਬਣੀ? ਇਹ ਸਵਾਲ-ਕਰਤਾ ਦਾ ਸੰਵਿਧਾਨਕ ਹੱਕ ਹੈ, ਜੋ ਦੇਸ਼-ਧ੍ਰੋਹੀ ਨਹੀਂ ਹੋ ਸਕਦਾ।
        ਪੰਜ ਸਾਲ ਲਈ ਚੁਣੀ ਜਾਂਦੀ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਦੇਸ਼ ਦੇ ਨਾਗਰਿਕਾਂ ਨੂੰ ਦੇਸ਼-ਭਗਤ ਦੇ ਸਰਟੀਫਿਕੇਟ ਵੰਡਣ ਦਾ ਕੰਮ ਕਰੇ। ਦੇਸ਼-ਧ੍ਰੋਹੀ ਦੀਆਂ ਸਨਦਾਂ ਤਾਂ ਬਣਾਈਆਂ ਹੀ ਨਹੀਂ ਜਾ ਸਕਦੀਆਂ, ਕਿਉਂਕਿ ਕਿਸੇ ਛਾਪੇਖਾਨੇ (ਪ੍ਰੈੱਸ) ਵਾਲੇ ਨੇ ਅਜਿਹਾ ਕੁਝ ਛਾਪਣ ਲਈ ਤਿਆਰ ਹੀ ਨਹੀਂ ਹੋਣਾ। ਜੇ ਕੋਈ ਦੇਸ਼ ਵਿੱਚ ਫੈਲਾਏ ਜਾ ਰਹੇ ਝੂਠ ਤੋਂ ਪਰਦਾ ਲਾਹੁਣ ਲਈ ਸਵਾਲ ਕਰਦਾ ਹੈ ਤਾਂ ਉਸ ਨੂੰ ਇਸ ਸੱਚਾਈ ਨੂੰ ਬਾਹਰ ਲਿਆਉਣ ਤੋਂ ਰੋਕਣਾ ਦੇਸ਼ ਭਗਤੀ ਨਹੀਂ। ਹੁਣ ਵਕਤ ਆ ਗਿਆ ਹੈ ਕਿ ਲੀਡਰ ਸੱਚ ਬੋਲਣ ਅਤੇ ਸਪੱਸ਼ਟ ਗੱਲਾਂ ਕਰਨ ਕਿਉਂਕਿ ਜਾਗਰਤ, ਪੜ੍ਹੇ-ਲਿਖੇ ਅਤੇ ਚੇਤੰਨ ਲੋਕਾਂ ਅੱਗੇ ਅਨਪੜ੍ਹਤਾ ਨਹੀਂ ਚੱਲ ਸਕਦੀ। ਜੇ ਇੱਕ ਮਹਿਕਮਾ ਹੀ ਜਵਾਬ ਦੇਣ ਲਈ ਬਣਾ ਦਿੱਤਾ ਜਾਵੇ ਤਾਂ ਸਰਕਾਰ ਆਲੋਚਨਾ ਤੋਂ ਬਚ ਸਕੇਗੀ। ਲੋਕਾਂ ਨੂੰ ਵੀ ਦੇਸ਼-ਧ੍ਰੋਹੀ ਹੋਣ ਦੇ ਦੋਸ਼ ਤੋਂ ਮੁਕਤ ਕੀਤਾ ਜਾ ਸਕੇਗਾ, ਕਿਉਂਕਿ ਸਵਾਲ-ਕਰਤਾ ਦੇਸ਼ ਧ੍ਰੋਹੀ ਹੋ ਹੀ ਨਹੀਂ ਸਕਦਾ।


ਲਤੀਫ਼ੇ ਦਾ ਚਿਹਰਾ ਮੋਹਰਾ

ਇੱਕ ਖੂਬਸੂਰਤ ਖ਼ਿਆਲਾਂ ਵਾਲੀ ਔਰਤ ਨੇ ਆਪਣੀ ਮਾੜੀ ਸ਼ਕਲ 'ਤੇ ਵੀ ਮਾਣ ਕਰਨਾ ਕਦੇ ਨਹੀਂ ਭੁੱਲਿਆ। ਉਹ ਇੱਕ ਦਿਨ ਮਹਾਂ ਝੂਠੇ ਆਦਮੀ ਨੂੰ ਮਿਲੀ ਤਾਂ ਉਸ ਆਦਮੀ ਨੇ ਸੁੰਦਰਤਾ ਬਾਰੇ ਦੁਨੀਆ ਭਰ ਦੇ ਵਿਸ਼ੇਸ਼ਣ ਵਰਤ ਕੇ ਉਸ ਔਰਤ ਦੀ ਸੁੰਦਰਤਾ ਦੀ ਤਾਰੀਫ਼ ਕੀਤੀ। ਔਰਤ ਕਹਿਣ ਲੱਗੀ, ਤੁਸੀਂ ਗੱਪ ਤਾਂ ਨਹੀਂ ਮਾਰੀ। ਆਦਮੀ ਕਹਿਣ ਲੱਗਾ ਇਹ ਜੁਮਲਾ ਹੈ, ਗੱਪ ਨਹੀਂ।
-0-
ਲੱਗਦਾ ਹੈ ਤੁਹਾਨੂੰ ਅੱਜ ਵਾਲੀ ਪੱਤਰਕਾਰਤਾ ਦੀ ਜਾਣਕਾਰੀ ਨਹੀਂ। ਊਲ-ਜਲੂਲ ਪ੍ਰਸ਼ਨ ਪੁੱਛੇ ਜਾ ਰਹੇ ਨੇ। ਪੱਤਰਕਾਰ ਦੇ ਸਵਾਲਾਂ ਦਾ ਨੇਤਾ ਜਵਾਬ ਹੀ ਨਾ ਦੇਵੇ। ਅਗਲਾ ਸਵਾਲ ਕੀਤਾ ਤਾਂ ਨੇਤਾ ਭੜਕ ਪਿਆ ਕਿ ਤੈਨੂੰ ਪਤਾ ਹੀ ਨਹੀਂ ਸਵਾਲ ਕੀ ਕਰਨਾ ਹੈ ਨੇਤਾ ਪੱਤਰਕਾਰ ਨੂੰ ਕਹਿਣ ਲੱਗਾ ਕਿ ਤੈਨੂੰ ਪੁੱਛੇ ਜਾਣ ਵਾਲੇ ਉਨ੍ਹਾਂ ਸਵਾਲਾਂ ਦੀ ਸੂਚੀ ਨਹੀਂ ਮਿਲੀ, ਜੋ ਪੁੱਛੇ ਜਾਣੇ ਹਨ?

ਸੰਪਰਕ : 98141-13338