
ਮੁੰਗੇਰੀ ਲਾਲ ਦੇ ਹਸੀਨ ਸੁਪਨੇ
Sun 30 Jun, 2019 0
ਮੁੰਗੇਰੀ ਲਾਲ ਦੇ ਹਸੀਨ ਸੁਪਨੇ
ਬਾਊ ਸ਼ਾਮ ਲਾਲ ਇਕ ਸਰਕਾਰੀ ਮਹਿਕਮੇ ਵਿਚ ਹੈੱਡ ਕਲਰਕ ਲੱਗਾ ਹੋਇਆ ਸੀ। ਸਾਰੇ ਛੋਟੇ ਵੱਡੇ ਮੁਲਾਜ਼ਮ ਉਸ ਨੂੰ ਬਾਊ ਜੀ ਬਾਊ ਜੀ ਕਹਿੰਦੇ ਨਹੀਂ ਸਨ ਥਕਦੇ। ਉਸ ਨੂੰ ਜ਼ਿੰਦਗੀ ਵਿਚ ਬਸ ਦੋ ਹੀ ਵੈਲ ਸਨ, ਇਕ ਮੁਫ਼ਤ ਦੀ ਦਾਰੂ ਪੀਣ ਦਾ ਤੇ ਦੂਸਰਾ ਚਾਰ ਛਿੱਲੜ ਲੈਣ ਦਾ। ਹਰ ਫ਼ਾਈਲ ਉਸੇ ਰਾਹੀਂ ਉੱਪਰ ਥੱਲੇ ਜਾਂਦੀ ਸੀ। ਉਹ ਕਿਸੇ ਦਾ ਵੀ ਕੰਮ ਜੇਬ ਗਰਮ ਕੀਤੇ ਬਗੈਰ ਨਹੀਂ ਸੀ ਕਰਦਾ।
ਜੇ ਕੋਈ ਇਮਾਨਦਾਰ ਬੰਦਾ ਐਵੇਂ ਕਾਮਰੇਡੀ ਘੋਟਣ ਦੀ ਕੋਸ਼ਿਸ਼ ਕਰਦਾ ਜਾਂ ਸ਼ਾਮ ਲਾਲ ਨੂੰ ਪੈਸੇ ਦਿਤੇ ਬਗੈਰ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀ ਫਾਈਲ ਉਤੇ ਲਾਲ ਸਿਆਹੀ ਨਾਲ ਅਜਿਹਾ ਇਤਰਾਜ਼ ਲਗਦਾ ਕਿ ਆਖ਼ਰ ਅਗਲੇ ਨੂੰ ਢਹਿ ਕੇ ਚਰਨੀਂ ਪੈਣਾ ਹੀ ਪੈਂਦਾ। ਉਹ ਰੋਜ਼ ਕਿਸੇ ਨਾ ਕਿਸੇ ਮੁਰਗੀ ਨੂੰ ਫਸਾ ਕੇ ਦਾਰੂ ਮੁਰਗੇ ਦਾ ਪ੍ਰਬੰਧ ਕਰ ਹੀ ਲੈਂਦਾ ਸੀ। ਦਾਰੂ ਮੁਫ਼ਤ ਦੀ ਹੋਵੇ ਤਾਂ ਫਿਰ ਪੈੱਗਾਂ ਦੀ ਗਿਣਤੀ ਕੌਣ ਕਰਦਾ ਹੈ? ਚੰਗੀ ਤਰ੍ਹਾਂ ਟਾਈਟ ਹੋ ਕੇ ਜਦੋਂ ਉਹ ਅੱਧੀ ਰਾਤ ਨੂੰ ਅਪਣੇ ਦਾਜ ਵਿਚ ਮਿਲੇ ਪ੍ਰਿਯਾ ਸਕੂਟਰ ਉਤੇ ਆਠੇ ਵਾਹੁੰਦਾ ਘਰ ਪਹੁੰਚਦਾ
ਤਾਂ ਇੰਤਜ਼ਾਰ ਕਰ ਰਹੀ ਪਤਨੀ ਸ਼ਾਂਤੀ ਬਹੁਤ ਹੀ ਪਿਆਰ ਨਾਲ ਝਾੜੂ, ਚੱਪਲ, ਲੂਣ ਘੋਟਣਾ ਜਾਂ ਵੇਲਣਾ, ਜੋ ਵੀ ਉਸ ਵੇਲੇ ਉਸ ਦੇ ਹੱਥ ਵਿਚ ਹੁੰਦਾ, ਨਾਲ ਬਾਊ ਦੀ ਰੱਜ ਕੇ ਸੇਵਾ ਕਰਦੀ। ਪਰ ਬੁਲੇਟ ਪਰੂਫ਼ ਤਬੀਅਤ ਦੇ ਬਾਊ ਦੀ ਸਿਹਤ ਉਤੇ ਇਨ੍ਹਾਂ ਛੋਟੀਆਂ ਮੋਟੀਆਂ ਗੱਲਾਂ ਦਾ ਕੋਈ ਬਹੁਤਾ ਅਸਰ ਨਾ ਹੁੰਦਾ। ਸਵੇਰੇ ਨਹਾਉਣ ਧੋਣ ਤੋਂ ਬਾਅਦ ਲਿਸ਼ਕ ਪੁਸ਼ਕ ਕੇ ਦਫ਼ਤਰ ਪਹੁੰਚ ਜਾਂਦਾ ਤੇ ਕਿਸੇ ਨਵੇਂ ਸ਼ਿਕਾਰ ਦੀ ਭਾਲ ਵਿਚ ਅਜਗਰ ਵਾਂਗ ਕੁੰਡਲੀ ਮਾਰ ਕੇ ਬੈਠ ਜਾਂਦਾ। ਸ਼ਾਂਤੀ ਦਾ ਨਾਮ ਵੀ ਮਾਪਿਆਂ ਨੇ ਪਤਾ ਨਹੀਂ ਕੀ ਸੋਚ ਕੇ ਰਖਿਆ ਹੋਣੈ। ਉਹ ਮੁਹੱਲੇ ਦੀ ਸਭ ਤੋਂ ਵੱਧ ਮੂੰਹ ਫੱਟ, ਲੜਾਕੀ ਅਤੇ ਜਰਵਾਣੀ ਤੀਵੀਂ ਸੀ।
ਸਾਢੇ ਕੁ ਚਾਰ ਫ਼ੁਟ ਦੀ ਸ਼ਾਂਤੀ ਲੜਨ ਵੇਲੇ ਚੰਗੇਜ਼ ਖਾਨ ਅਤੇ ਤੈਮੂਰ ਲੰਗੜੇ ਨੂੰ ਵੀ ਸ਼ਰਮਿੰਦਾ ਕਰ ਦੇਂਦੀ ਸੀ। ਉਸ ਦੀਆਂ ਕੋਲੰਬਸ ਵਾਂਗ ਖੋਜੀਆਂ ਨਵੀਆਂ-ਨਵੀਆਂ ਗਾਲ੍ਹਾਂ ਕਈ ਵਾਰ ਮੁਹੱਲੇ ਵਾਲੇ ਡਾਇਰੀ ਵਿਚ ਨੋਟ ਕਰ ਲੈਂਦੇ ਕਿ ਚਲੋ ਕਿਸੇ ਨੂੰ ਕੱਢਾਂਗੇ। ਅੱਵਲ ਤਾਂ ਮੁਹੱਲੇ ਦੀ ਕਿਸੇ ਬੰਦੇ ਜ਼ਨਾਨੀ ਵਿਚ ਐਨੀ ਜੁਰਅਤ ਹੀ ਨਹੀਂ ਸੀ ਕਿ ਉਸ ਨਾਲ ਪੰਗਾ ਲਵੇ, ਪਰ ਜੇ ਕੋਈ ਲੈ ਲੈਂਦਾ ਤਾਂ ਸ਼ਾਂਤੀ ਉਸ ਦੀਆਂ ਸੱਤ ਪੀੜ੍ਹੀਆਂ ਪੁਣ ਦਿੰਦੀ। ਜੇ ਕਿਸੇ ਨੇ ਅਪਣੇ ਖ਼ਾਨਦਾਨ ਦਾ ਇਤਿਹਾਸ ਜਾਣਨਾ ਹੋਵੇ ਤਾਂ ਸ਼ਾਂਤੀ ਨਾਲ ਲੜ ਲਵੇ, ਹਰਦਵਾਰ ਜਾ ਕੇ ਪੰਡੇ ਕੋਲੋਂ ਤਫ਼ਸੀਲ ਹਾਸਲ ਕਰਨ ਦੀ ਜ਼ਰੂਰਤ ਨਹੀਂ।
ਮੁਕਾਬਲੇਬਾਜ਼ ਔਰਤ ਅਜੇ ਸੋਚ ਹੀ ਰਹੀ ਹੁੰਦੀ ਕਿ ਸ਼ਾਂਤੀ ਦੀ ਜ਼ੁਬਾਨ ਭੰਗੀਆਂ ਦੀ ਤੋਪ ਵਾਂਗ ਅੱਗ ਵਰ੍ਹਾਉਣ ਲੱਗ ਜਾਂਦੀ। ਉਹ ਔਰਤ ਜਦ ਤਕ ਦੋ ਲਫਜ਼ ਬੋਲਦੀ, ਤਦ ਤਕ ਸ਼ਾਂਤੀ ਉਸ ਦਾ ਸਾਰਾ ਕੱਚਾ ਚਿੱਠਾ ਖੋਲ੍ਹ ਦਿੰਦੀ। ਉਹ ਬਗ਼ਦਾਦੀ ਵਾਂਗ ਜਾਣਦੀ ਸੀ ਕਿ ਪਹਿਲਾਂ ਹਮਲਾ ਕਰ ਦੇਣਾ ਹੀ ਸਭ ਤੋਂ ਵਧੀਆ ਸੁਰੱਖਿਆ ਹੈ। ਉਹ ਦੁਸ਼ਮਣ ਔਰਤ ਦੇ ਸਬੰਧ ਮੁਹੱਲੇ ਦੇ ਸਾਰੇ ਮੁਸ਼ਟੰਡਿਆਂ ਨਾਲ ਜੋੜ ਦਿੰਦੀ। ਅਗਲੀ ਵਿਚਾਰੀ ਸ਼ਰਮ ਦੀ ਮਾਰੀ ਭੱਜਣ ਲੱਗੀ ਪੱਲਾ ਨਾ ਲੈਂਦੀ। ਜਿਸ ਦਿਨ ਸ਼ਾਂਤੀ ਦਾ ਕਿਸੇ ਨਾਲ ਜੱਫ ਗੜੱਫਾ ਪੈਂਦਾ, ਲੋਕ ਕੰਮ ਛੱਡ ਕੇ ਤਮਾਸ਼ਾ ਵੇਖਣ ਲਈ ਇਕੱਠੇ ਹੋ ਜਾਂਦੇ।
ਇਕ ਦਿਨ ਉਸ ਦਾ ਗਵਾਂਢਣ ਨਾਮੋ ਨਾਲ ਸੜਕ ਉਤੇ ਪਾਣੀ ਡੋਲ੍ਹਣ ਪਿਛੇ ਦਸਤ ਪੰਜਾ ਪੈ ਗਿਆ। ਜੀਤਾ ਨੰਬਰਦਾਰ ਵੀ ਤਮਾਸ਼ਾ ਵੇਖਣ ਲਈ ਕੋਲ ਆ ਖਲੋਤਾ। ਨਾਮੋ ਨੇ ਲਲਕਾਰਾ ਮਾਰਿਆ, ''ਨੀ ਸ਼ਾਂਤੀਏ, ਤੈਨੂੰ ਲੈ ਜੇ ਨੀ ਚਗਲੇ ਕੱਢ ਕੇ ਜੀਤਾ ਨੰਬਰਦਾਰ।” ਜੀਤਾ ਮੁਸ਼ਕਣੀਆਂ ਵਿੱਚ ਮੁਸਕਰਾ ਕੇ ਕਲਫ਼ ਲਗੀਆਂ ਮੁੱਛਾਂ ਮਰੋੜਨ ਲੱਗਾ। ਸ਼ਾਂਤੀ ਕਿਹੜਾ ਘੱਟ ਸੀ? ਉਸ ਨੇ ਫੱਟ ਜਵਾਬੀ ਪ੍ਰਿਥਵੀ ਮਿਜ਼ਾਈਲ ਦਾਗੀ, ''ਨੀ ਕਮੀਨੀਏ ਮੈਨੂੰ ਕਿਉਂ ਲੈ ਜੇ ਜੀਤਾ? ਜੀਤਾ ਲੈ ਜੇ ਤੈਨੂੰ ਜਾਂ ਲੈ ਜੇ ਆਪਦੀ ਕੁੜੀ ਨੂੰ।” ਲੜਾਈ ਦਾ ਸਵਾਦ ਲੈ ਰਹੇ ਨੰਬਰਦਾਰ ਦੇ ਸਿਰ ਵਿਚ ਸੌ ਘੜਾ ਪਾਣੀ ਪੈ ਗਿਆ।
ਲੋਕ ਤਾੜੀਆਂ ਮਾਰ ਕੇ ਹੱਸ ਪਏ। ਉਹ ਤੁਰਦਾ-ਤੁਰਦਾ ਬੁੜਬੜਾਇਆ, ''ਬੀਬੀ ਅਪਣੀ ਲੜਾਈ ਲੜੋ। ਐਵੇਂ ਨਾ ਲੋਕਾਂ ਦੇ ਨਾਮ ਲਈ ਜਾਉ।”ਅਜਿਹੀ ਹੋਣਹਾਰ ਅਰਧਾਂਗਣੀ ਤੀਵੀਂ ਦੇ ਪਤੀ ਬਾਊ ਸ਼ਾਮ ਲਾਲ ਨੂੰ ਇਕ ਰਾਤ ਬਹੁਤ ਹੀ ਵਧੀਆ ਸੁਪਨਾ ਆਇਆ। ਉਸ ਦਿਨ ਬਾਊ ਨੂੰ ਇਕ ਦਿਲਦਾਰ ਵਲੈਤੀ 'ਸਾਮੀ' ਟੱਕਰ ਗਈ ਸੀ। ਉਸ ਨੇ ਬਾਊ ਦੀ ਚੰਗੇ ਹੋਟਲ ਵਿਚ ਟਿਕਾ ਕੇ ਸੇਵਾ ਕੀਤੀ। ਸਕਾਚ ਪੀਣ ਕਾਰਨ ਉਸ ਦੀ ਚਾਲ ਨਾ ਬਦਲੀ ਤੇ ਘਰ ਵੀ ਟਾਈਮ ਸਿਰ ਪਹੁੰਚ ਗਿਆ।
ਮੂੰਹ ਵਿਚੋਂ ਮਰੇ ਹੋਏ ਕੁੱਤੇ ਵਰਗਾ ਮੁਸ਼ਕ ਨਾ ਆਉਣ ਕਾਰਨ ਸ਼ਾਂਤੀ ਦੀ ਛਿਤਰੌਲ ਤੋਂ ਵੀ ਬਚ ਗਿਆ। ਸਗੋਂ ਸ਼ਾਂਤੀ ਨੇ ਉਸ ਨੂੰ ਚੰਗੀ ਤਰ੍ਹਾਂ ਰੋਟੀ ਵੀ ਖਵਾਈ ਤੇ ਗਰਮਾ ਗਰਮ ਦੁੱਧ ਵੀ ਪਿਆਇਆ। ਸੁੱਖ ਦੀ ਨੀਂਦ ਸੁੱਤੇ ਬਾਊ ਨੂੰ ਮਿੱਠੇ-ਮਿੱਠੇ ਸੁਪਨੇ ਆਉਣ ਲੱਗੇ। ਅੱਗੇ ਤਾਂ ਰੋਜ਼ ਸ਼ਾਂਤੀ ਸੁਪਨੇ ਵਿਚ ਚੁੜੇਲ ਬਣ ਕੇ ਡਰਾਉਂਦੀ ਸੀ ਪਰ ਉਸ ਦਿਨ ਵਾਕਈ ਦੇਵੀ ਦਿਖਾਈ ਦੇਣ ਲੱਗੀ।
ਸੁਪਨੇ ਵਿਚ ਸ਼ਾਂਤੀ ਬਹੁਤ ਹੀ ਪਿਆਰ ਨਾਲ ਬੋਲੀ, ''ਮੈਂ ਕਿਹਾ ਜੀ ਅੱਜ ਛੁੱਟੀ ਹੈ। ਦੁਪਹਿਰ ਵਾਸਤੇ ਮੈਂ ਤੁਹਾਡੇ ਪੀਣ ਲਈ ਕਰਾਉਨ ਬੀਅਰ ਦਾ ਡੱਬਾ ਫਰਿੱਜ ਵਿਚ ਲਗਾ ਦਿਤਾ ਹੈ। ਤੁਹਾਡੇ ਦੋਸਤ ਮਿੱਤਰ ਤਾਸ਼ ਖੇਡਣ ਆਉਂਦੇ ਹੀ ਹੋਣਗੇ। ਉਨ੍ਹਾਂ ਵਾਸਤੇ ਭੁੰਨੇ ਕਾਜੂ, ਬਦਾਮ ਤੇ ਰਸ਼ੀਅਨ ਸਲਾਦ ਤਿਆਰ ਹੈ। ਦੁਪਹਿਰ ਦੇ ਖਾਣੇ ਵਾਸਤੇ ਮੈਂ ਦਾਲ ਮੱਖਣੀ ਤੇ ਬਟਰ ਚਿਕਨ ਪਕਾ ਲਿਆ ਹੈ। ਨਾਲੇ ਮੈਂ ਕਾਕੇ ਦੇ ਢਾਬੇ ਤੋਂ ਕੀਮਾ ਨਾਨ ਵੀ ਮੰਗਵਾ ਲਏ ਹਨ।” ਸੁਪਨੇ ਵਿਚ ਹੀ ਬਾਊ ਨੇ ਸਾਰਾ ਸਮਾਨ ਛਕ ਲਿਆ ਤੇ ਬੋਲਿਆ, ''ਧਿਆਨ ਰੱਖੀਂ। ਅੱਗੇ ਤੋਂ ਕਰਾਊਨ ਬੀਅਰ ਮੰਗਾਈ ਤਾਂ ਪਾਸੇ ਭੰਨ ਦਿਆਂਗਾ।
ਜਿਹੜੀ ਸਾਡੇ ਦੇਸ਼ ਭਗਤ ਵਿਜੇ ਮਾਲਿਆ ਨੇ ਕਿੰਗਫਿਸ਼ਰ ਬਣਾਉਣ ਲਈ ਅਰਬਾਂ ਰੁਪਏ ਦੀ ਫੈਕਟਰੀ ਲਾਈ ਏ, ਉਹ ਕਿਨ੍ਹੇ ਪੀਣੀ ਏ? ਐਵੇਂ ਪੈਸਾ ਵਿਦੇਸ਼ੀ ਕੰਪਨੀ ਨੂੰ ਕਿਉਂ ਦਈਏ? ਹੁਣ ਰਾਤ ਵਾਸਤੇ ਕੀ ਤਿਆਰ ਕੀਤਾ ਈ?” ਬਾਊ ਦਾ ਵਿਕਰਾਲ ਰੂਪ ਵੇਖ ਕੇ ਸ਼ਾਂਤੀ ਕੰਬ ਉੱਠੀ। ਵਿਚਾਰੀ ਨੇ ਡਰਦੇ ਮਾਰੇ ਮੁਆਫ਼ੀ ਵੀ ਮੰਗ ਲਈ (ਸੁਪਨੇ ਵਿਚ) ਉਹ ਮਰੀ ਜਿਹੀ ਅਵਾਜ਼ ਵਿਚ ਬੋਲੀ, ''ਤੁਹਾਨੂੰ ਤਾਂ ਪਤਾ ਹੈ ਕਿ ਅੱਜ ਡਰਾਈ ਡੇਅ ਹੈ। ਇਸ ਲਈ ਮੈਂ ਤੁਹਾਡੇ ਵਾਸਤੇ ਕਲ੍ਹ ਹੀ ਬਲਿਊ ਲੇਬਲ ਦੀ ਬੋਤਲ ਲੈ ਆਂਦੀ ਸੀ। ਗੁਪਤਾ ਜੀ ਤੇ ਗਿੱਲ ਸਾਹਿਬ ਦੀ ਪਸੰਦ ਦੀਆਂ ਬਲੈਕ ਡਾਗ ਦੀਆਂ 2 ਬੋਤਲਾਂ ਵੀ ਮੰਗਵਾ ਲਈਆਂ ਸਨ।
ਸਨੈਕਸ ਲਈ ਮਲਾਈ ਟਿੱਕਾ, ਸੀਖ ਕਬਾਬ, ਮਟਨ ਚਾਂਪ ਅਤੇ ਚਿੱਲੀ ਚਿੱਕਨ ਤਿਆਰ ਕਰ ਦਿਤਾ ਹੈ। ਬਾਹਰ ਦਾ ਸਮਾਨ ਨਹੀਂ ਖਾਣਾ। ਪਤਾ ਨਹੀਂ ਕਿਹੋ ਜਿਹੇ ਗੰਦੇ ਮੰਦੇ ਮਸਾਲੇ ਪਾਉਂਦੇ ਹਨ, ਮਰ ਜਾਣੇ ਹੋਟਲਾਂ ਵਾਲੇ। ਤੁਸੀਂ 10 ਵਜੇ ਤਕ ਪਲੀਜ਼ ਪੈੱਗ ਸ਼ੈੱਗ ਦਾ ਪ੍ਰੋਗਰਾਮ ਖ਼ਤਮ ਕਰ ਲਿਉ। ਮੈਂ ਡਿਨਰ ਵਾਸਤੇ ਸ਼ਾਹੀ ਕੋਰਮਾ, ਮੁਗਲਈ ਚਿਕਨ, ਪੀਲੀ ਦਾਲ ਤੜਕਾ ਅਤੇ ਮਲਾਈ ਕੋਫ਼ਤੇ ਤਿਆਰ ਕੀਤੇ ਹਨ। ਫੁਲਕੇ ਮੈਂ ਤਾਜ਼ੇ-ਤਾਜ਼ੇ ਨਾਲ ਹੀ ਤਿਆਰ ਕਰਾਂਗੀ। ਬਾਅਦ ਵਿਚ ਖਾਣ ਲਈ ਮੈਂ ਬਦਾਮਾਂ ਵਾਲੀ ਖੀਰ ਅਤੇ ਫਰੂਟ ਕਸਟਰਡ ਫਰਿੱਜ਼ ਵਿਚ ਲਗਾ ਦਿਤੇ ਨੇ।” ਏਨਾ ਕਹਿ ਕੇ ਉਹ ਬਾਊ ਦੀਆਂ ਲੱਤਾਂ ਦੱਬਣ ਲੱਗੀ।
ਬਾਊ ਨੇ ਖਿੱਚ ਕੇ ਇਕ ਦੁਲੱਤੀ ਸ਼ਾਂਤੀ ਦੇ ਮਾਰੀ, ''ਮੈਂ ਤੈਨੂੰ ਕਿਹਾ ਸੀ ਕਿ ਰੋਗਨ ਜੋਸ਼ ਵੀ ਬਣਾਈਂ। ਉਹ ਹੁਣ ਤੇਰਾ ਪਿਉ ਬਣਾਊਗਾ?” ਸ਼ਾਂਤੀ ਵਿਚਾਰੀ ਉੱਠ ਕੇ ਦੁਬਾਰਾ ਪੈਰ ਘੁੱਟਣ ਲੱਗ ਗਈ। ਇਹ ਅਲੋਕਾਰ ਸੁਹਾਵਣਾ ਸੁਪਨਾ ਵੇਖ ਕੇ ਬਾਊ ਨੂੰ ਐਨਾ ਚਾਅ ਚੜ੍ਹਿਆ ਕਿ ਉਸ ਕੋਲੋਂ ਖੁਸ਼ੀ ਬਰਦਾਸ਼ਤ ਹੀ ਨਾ ਹੋਈ। ਉਸ ਨੂੰ ਫੌਰਨ ਦਿਲ ਦਾ ਘਾਤਕ ਦੌਰਾ ਪੈ ਗਿਆ।
ਇਸ ਤੋਂ ਪਹਿਲਾਂ ਕਿ ਘਰ ਦੇ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਂਦੇ, ਉਸ ਦਾ ਘੋਰੜੂ ਬੋਲ ਗਿਆ। ਉਹ ਸਿੱਧਾ ਯਮਰਾਜ ਦੀ ਕਚਿਹਰੀ ਪਹੁੰਚ ਗਿਆ। ਇਸ ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਕਦੀ ਵੀ ਝੂਠੇ ਸੁਪਨੇ ਵੇਖ ਕੇ ਜ਼ਿਆਦਾ ਖ਼ੁਸ਼ ਨਹੀਂ ਹੋਣਾ ਚਾਹੀਦਾ। ਇਹ ਜਾਨ ਲੇਵਾ ਵੀ ਹੋ ਸਕਦੇ ਹਨ। ਹਮੇਸ਼ਾਂ ਅਪਣੀ ਔਕਾਤ ਵਿਚ ਹੀ ਰਹੋ ਤਾਂ ਸੁਖੀ ਰਹੋਗੇ।
Comments (0)
Facebook Comments (0)