ਕਹਾਣੀਆਂ -----ਅਣਜਾਣ ਫੁੱਲ

ਕਹਾਣੀਆਂ -----ਅਣਜਾਣ ਫੁੱਲ

ਕਹਾਣੀਆਂ -----ਅਣਜਾਣ ਫੁੱਲ

 

ਇੱਕ ਨੰਨ੍ਹਾ ਜਿਹਾ ਫ਼ੁੱਲ ਦੁਨੀਆਂ ਵਿੱਚ ਰਹਿੰਦਾ ਸੀ। ਕੋਈ ਨਹੀਂ ਜਾਣਦਾ ਸੀ ਕਿ ਉਹ ਵੀ ਇਸ ਧਰਤੀ ਉੱਪਰ ਹੈ। ਉਹ ਬੰਜ਼ਰ ਥਾਂ ਉੱਪਰ ਇਕੱਲਾ ਹੀ ਉਗਿਆ ਹੋਇਆ ਸੀ। ਗਾਵਾਂ ਅਤੇ ਮੱਝਾਂ ਇਸ ਬੰਜ਼ਰ ਧਰਤੀ ਉੱਪਰ ਚਰਨ ਨਹੀਂ ਆਉਂਦੀਆਂ ਸਨ ਅਤੇ ਨਾ ਹੀ ਬੱਚੇ ਉੱਥੇ ਕਦੇ ਖੇਡਣ ਆਉਂਦੇ ਸਨ। ਇਸ ਬੰਜ਼ਰ ਜ਼ਮੀਨ ਉੱਪਰ ਘਾਹ ਨਹੀਂ ਉਗਦਾ ਸੀ, ਇੱਥੇ ਪੁਰਾਣੇ ਪੱਥਰ ਹੀ ਖਿਲਰੇ ਹੋਏ ਸੀ ਅਤੇ ਉਹਨਾਂ ਵਿੱਚ ਸੀ ਸੁੱਕੀ, ਨਿਰਜਿੰਦ ਚੀਕਣੀ ਮਿੱਟੀ। ਇਸ ਬੰਜ਼ਰ ਉੱਪਰ ਬਸ ਹਵਾ ਹੀ ਘੁੰਮਦੀ ਸੀ। ਹਵਾ ਆਪਣੇ ਨਾਲ਼ ਬੀਜ ਲਿਆਉਂਦੀ ਅਤੇ ਉਹਨਾਂ ਨੂੰ ਚਾਰੇ ਪਾਸੇ ਖਿਲਾਰ ਜਾਂਦੀ ਸੀ, ਕਾਲੀ, ਗਿੱਲੀ ਮਿੱਟੀ ਵਿੱਚ ਅਤੇ ਰੜੇ ਪਥਰੀਲੇ ਬੰਜ਼ਰ ਉੱਪਰ ਵੀ। ਕਾਲ਼ੀ ਉਪਜਾਊ ਮਿੱਟੀ ਵਿੱਚ ਬੀਜਾਂ ਤੋਂ ਫ਼ੁੱਲ ਉਗਦੇ ਸੀ, ਪੱਥਰ ਅਤੇ ਚੀਕਣੀ ਮਿੱਟੀ ਵਿੱਚ ਬੀਜ ਮਰ ਜਾਂਦੇ ਸਨ। ਇੱਕ ਵਾਰ ਹਵਾ ਨਾਲ਼ ਇੱਕ ਬੀਜ ਪੱਥਰ ਅਤੇ ਚੀਕਣੀ ਮਿੱਟੀ ਦੇ ਛੋਟੇ ਜਿਹੇ ਟੋਏ ਵਿੱਚ ਆ ਡਿੱਗਾ। ਬੜੀ ਦੇਰ ਤੱਕ ਉਹ ਦੁਖਿਆਰਾ ਉੱਥੇ ਬੇਜਾਨ ਪਿਆ ਰਿਹਾ। ਤ੍ਰੇਲ ਦੇ ਤੁਪਕੇ ਪੀ ਪੀ ਕੇ ਆਖਰ ਉਹ ਜੀ ਪਿਆ। ਕਰੂੰਬਲ ਫ਼ੁੱਟੀ, ਜੜ੍ਹਾਂ ਦੇ ਬਾਰੀਕ ਰੇਸ਼ੇ ਨਿਕਲੇ, ਪੱਥਰ ਅਤੇ ਚੀਕਣੀ ਮਿੱਟੀ ਨਾਲ਼ ਚਿੰਬੜ ਗਏ ਅਤੇ ਪੌਦਾ ਵਧਣ ਲੱਗਾ। ਇਸ ਤਰ੍ਹਾਂ ਉਸ ਨੰਨ੍ਹੇ ਜਿਹੇ ਫ਼ੁੱਲ ਦਾ ਇਸ ਸੰਸਾਰ ਵਿੱਚ ਜੀਵਨ ਅਰੰਭ ਹੋਇਆ। ਪੱਥਰ ਅਤੇ ਚੀਕਣੀ ਮਿੱਟੀ ਤੋਂ ਉਸ ਨੂੰ ਕੋਈ ਭੋਜਨ ਨਹੀਂ ਮਿਲਦਾ ਸੀ। ਆਸਮਾਨ ਤੋਂ ਡਿੱਗਣ ਵਾਲੀਆਂ ਮੀਂਹ ਦੀਆਂ ਕਣੀਆਂ ਜ਼ਮੀਨ ਦੀ ਉਤਲੀ ਤਹਿ ‘ਤੇ ਹੀ ਵਹਿ ਜਾਂਦੀਆਂ ਸਨ, ਉਸ ਦੀਆਂ ਜੜਾਂ ਤੱਕ ਨਹੀਂ ਪਹੁੰਚਦੀਆਂ ਸਨ, ਪਰ ਪੌਦਾ ਫ਼ਿਰ ਵੀ ਜੀਅ ਰਿਹਾ ਸੀ ਅਤੇ ਹੌਲ਼ੀ ਹੌਲ਼ੀ ਵਧਦਾ ਜਾ ਰਿਹਾ ਸੀ। ਉਹ ਹਵਾ ਦੇ ਸਾਹਮਣੇ ਆਪਣੇ ਪੱਤੇ ਫ਼ੈਲਾਂਦਾ ਅਤੇ ਹਵਾ ਪੌਦੇ ਦੇ ਕੋਲ ਜਾ ਕੇ ਸ਼ਾਂਤ ਹੋ ਜਾਂਦੀ;ਹਵਾ ਆਪਣੇ ਨਾਲ਼ ਉਪਜਾਊ ਧਰਤੀ ਦੇ ਜੋ ਕਣ ਲਿਆਂਦੀ, ਉਹ ਬੰਜ਼ਰ ਉੱਤੇ ਡਿੱਗ ਜਾਂਦੇ ਅਤੇ ਉਹਨਾਂ ਕਣਾਂ ਵਿੱਚ ਫ਼ੁੱਲ ਲਈ ਭੋਜਨ ਹੁੰਦਾ, ਪਰ ਉਹ ਕਣ ਸੁੱਕੇ ਹੁੰਦੇ। ਉਹਨਾਂ ਨੂੰ ਗਿੱਲਾ ਕਰਨ ਲਈ ਪੌਦਾ ਸਾਰੀ ਰਾਤ ਤ੍ਰੇਲ ਦੇ ਇਤਜ਼ਾਰ ਵਿੱਚ ਪੱਤਿਆਂ ਨੂੰ ਫ਼ੈਲਾਈ ਖੜਾ ਰਹਿੰਦਾ ਅਤੇ ਤ੍ਰੇਲ ਦੀ ਇੱਕ ਇੱਕ ਤੁੱਪ ਪੱਤਿਆਂ ‘ਤੇ ਜਮ੍ਹਾਂ ਕਰਦਾ ਰਹਿੰਦਾ। ਜਦ ਪੱਤੇ ਤ੍ਰੇਲ ਨਾਲ਼ ਭਾਰੇ ਹੋ ਜਾਂਦੇ ਤਾਂ ਉਹ ਉਹਨਾਂ ਨੂੰ ਝੁਕਾ ਦਿੰਦਾ ਅਤੇ ਤ੍ਰੇਲ ਹੇਠਾਂ ਡਿੱਗ ਜਾਂਦੀ ਅਤੇ ਉਪਜਾਊ ਕਣਾਂ ਨੂੰ ਗਿੱਲਾ ਕਰਦੀ, ਚੀਕਣੀ ਮਿੱਟੀ ਨੂੰ ਕੱਟਦੀ। ਦਿਨ ਵਿੱਚ ਪੌਦਾ ਹਵਾ ਦੇ ਇੰਤਜ਼ਾਰ ਵਿੱਚ ਪਹਿਰਾ ਦਿੰਦਾ ਅਤੇ ਰਾਤ ਨੂੰ ਤ੍ਰੇਲ ਦੇ। ਉਸ ਨੇ ਬੜੇ-ਬੜੇ ਪੱਤੇ ਉਗਾ ਲਏ ਸਨ ਤਾਂ ਕਿ ਉਹ ਹਵਾ ਨੂੰ ਰੋਕ ਸਕੇ ਅਤੇ ਤ੍ਰੇਲ ਨੂੰ ਜਮ੍ਹਾਂ ਕਰ ਸਕੇ। ਬਹੁਤ ਮੁਸ਼ਕਲ ਸੀ ਉਸ ਪੌਦੇ ਲਈ – ਕੇਵਲ ਹਵਾ ਨਾਲ਼ ਲਿਆਂਦੀ ਮਿੱਟੀ ਦੇ ਕਣਾਂ ਤੋਂ ਭੋਜਨ ਪ੍ਰਾਪਤ ਸਕਣਾ ਅਤੇ ਉਸ ਲਈ ਵੀ ਤ੍ਰੇਲ ਜਮ੍ਹਾਂ ਕਰਨਾ। ਪਰ ਉਹ ਜੀਣਾ ਚਾਹੁੰਦਾ ਸੀ ਅਤੇ ਭੁੱਖ ਜਾਂ ਥਕਾਵਟ ਦੀ ਆਪਣੀ ਪੀੜ ਨੂੰ ਵੀ ਸਬਰ ਨਾਲ ਜਰਦਾ। ਚੌਵੀਂ ਘੰਟਿਆਂ ਵਿੱਚ ਕੇਵਲ ਇੱਕ ਵਾਰ ਪੌਦਾ ਖੁਸ਼ ਹੁੰਦਾ ਸੀ – ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਸ ਦੇ (ਕਲਾਂਤ-ਮਾਸੂਮ) ਪੱਤਿਆਂ ਨੂੰ ਛੂੰਹਦੀਆਂ ਸਨ। ਜੇਕਰ ਹਵਾ ਬਹੁਤ ਦੇਰ ਤੱਕ ਬੰਜ਼ਰ ਜ਼ਮੀਨ ਉੱਪਰ ਨਾ ਆਉਂਦੀ ਤਾਂ ਨਿੱਕੇ ਪੌਦੇ ਨੂੰ ਬਹੁਤ ਦੁੱਖ ਹੁੰਦਾ ਸੀ, ਉਸ ਲਈ ਜੀਣਾ ਅਤੇ ਵਧਣਾ ਮੁਸ਼ਕਲ ਹੋ ਜਾਂਦਾ ਸੀ। ਪਰ ਪੌਦਾ ਉਦਾਸ ਹੋ ਕੇ ਨਹੀਂ ਜੀਣਾ ਚਾਹੁੰਦਾ ਸੀ, ਇਸ ਲਈ ਜਦੋਂ ਉਹ ਬਹੁਤ ਹੀ ਦੁਖੀ ਹੁੰਦਾ ਤਾਂ ਉਹ ਊਂਘਣ ਲਗਦਾ। ਉਹ ਹਰ ਹਾਲਤ ਵਿੱਚ ਵਧਣ ਦੀ ਕੋਸ਼ਿਸ਼ ਕਰਦਾ, ਚਾਹੇ ਉਸ ਦੀਆਂ ਜੜਾਂ ਨੂੰ ਰੜੇ ਪੱਥਰ ਅਤੇ ਚੀਕਣੀ ਮਿੱਟੀ ਨੂੰ ਝੰਜੋੜਨਾ ਪੈਂਦਾ। ਇਸ ਤਰ੍ਹਾਂ ਦੇ ਸਮੇਂ ਵਿੱਚ ਉਸੇ ਦੇ ਪੱਤੇ ਪੂਰੀ ਤਾਕਤ ਨਾਲ਼ ਹਰੇ ਨਹੀਂ ਹੋ ਸਕਦੇ ਸਨ: ਉਹਨਾਂ ਦਾ ਇੱਕ ਸਿਰਾ ਨੀਲਾ ਹੁੰਦਾ, ਦੂਸਰਾ ਲਾਲ, ਤੀਸਰਾ ਆਸਮਾਨੀ ਜਾਂ ਸੁਨਹਰੇ ਰੰਗ ਦਾ। ਇਹ ਇਸ ਲਈ ਹੁੰਦਾ ਸੀ ਕਿ ਪੌਦੇ ਨੂੰ ਭੋਜਨ ਪੂਰਾ ਨਹੀਂ ਮਿਲਦਾ ਸੀ ਅਤੇ ਉਸ ਦਾ ਦੁੱਖ ਪੱਤਿਆਂ ਵਿੱਚ ਅਲੱਗ ਅਲੱਗ ਰੰਗ ਨਾਲ਼ ਉਭਰ ਆਉਂਦਾ। ਪਰ ਪੌਦਾ ਖੁਦ ਇਹ ਨਹੀਂ ਜਾਣਦਾ ਸੀ: ਉਹ ਤਾਂ ਅੰਨ੍ਹਾ ਸੀ, ਆਪਣੇ ਆਪ ਨੂੰ ਨਹੀਂ ਦੇਖ ਸਕਦਾ ਸੀ ਕਿ ਉਹ ਕਿਸ ਤਰ੍ਹਾਂ ਹੈ। ਗਰਮੀਆਂ ਵਿੱਚ ਪੌਦੇ ਨੂੰ ਇੱਕ ਫ਼ੁੱਲ ਖਿੜਿਆ। ਹੁਣ ਤੱਕ ਤਾਂ ਉਹ ਮਾਮੂਲੀ ਘਾਹ-ਫ਼ੂਸ ਵਰਗਾ ਹੀ ਸੀ, ਪਰ ਹੁਣ ਫ਼ੁੱਲ ਦਾ ਪੌਦਾ ਬਣ ਗਿਆ ਸੀ। ਫ਼ੁੱਲ ਦੀਆਂ ਪੰਖੜੀਆਂ ਸਾਦੇ, ਖਿੜੇ ਹੋਏ ਰੰਗ ਦੀਆਂ ਸਨ, ਸਾਫ਼ ਤੇ ਤੇਜ਼, ਜਿਸ ਤਰ੍ਹਾਂ ਤਾਰੇ ਦਾ ਹੁੰਦਾ ਹੈ। ਅਤੇ ਤਾਰੇ ਦੀ ਤਰ੍ਹਾਂ ਉਸ ਵਿੱਚ ਸਜੀਵ ਪ੍ਰਕਾਸ਼ ਟਿਮ-ਟਿਮਾਂਦਾ ਸੀ ਅਤੇ ਹਨ੍ਹੇਰੀ ਰਾਤ ਵਿੱਚ ਵੀ ਉਹ ਨਜ਼ਰ ਆਉਂਦਾ ਸੀ। ਜਦੋਂ ਬੰਜ਼ਰ ਉੱਪਰ ਹਵਾ ਆਉਂਦੀ ਸੀ ਤਾਂ ਉਹ ਹਮੇਸ਼ਾ ਫ਼ੁੱਲ ਨੂੰ ਛੁਹ ਕੇ ਲੰਘਦੀ ਸੀ ਅਤੇ ਉਸ ਦੀ ਖੁਸ਼ਬੂ ਆਪਣੇ ਨਾਲ਼ ਲੈ ਜਾਂਦੀ ਸੀ। ਇੱਕ ਵਾਰ ਸਵੇਰੇ-ਸਵੇਰੇ ਦਾਸ਼ਾ ਨਾਂ ਦੀ ਕੁੜੀ ਉਸ ਬੰਜ਼ਰ ਦੇ ਕੋਲ ਦੀ ਲੰਘ ਰਹੀ ਸੀ। ਉਹ ਆਪਣੀਆਂ ਸਹੇਲੀਆਂ ਨਾਲ਼ ਪਾਯੋਨਿਅਰ ਕੈਂਪ ਵਿੱਚ ਰਹਿ ਰਹੀ ਸੀ, ਅੱਜ ਸਵੇਰੇ ਉੱਠਣ ‘ਤੇ ਉਸ ਨੂੰ ਮਾਂ ਦੀ ਬੜੀ ਯਾਦ ਆਉਣ ਲੱਗ ਪਈ ਸੀ। ਉਸ ਨੇ ਮਾਂ ਨੂੰ ਚਿੱਠੀ ਲਿਖੀ ਸੀ ਅਤੇ ਉਹ ਉਸ ਨੂੰ ਪਾਉਣ ਸਟੇਸ਼ਨ ਤੇ ਜਾ ਰਹੀ ਸੀ, ਤਾਂ ਕਿ ਇਹ ਜਲਦੀ ਮਾਂ ਨੂੰ ਮਿਲ ਜਾਵੇ। ਰਾਹ ‘ਚ ਦਾਸ਼ਾ ਚਿੱਠੀ ਦਾ ਲਿਫ਼ਾਫ਼ਾ ਚੁੰਮ ਰਹੀ ਸੀ, ਉਸ ਨੂੰ ਕਹਿ ਰਹੀ ਸੀ ਕਿ ਉਹ ਕਿੰਨਾ ਖੁਸ਼ ਕਿਸਮਤ ਹੈ – ਦਾਸ਼ਾ ਤੋਂ ਪਹਿਲਾਂ ਮਾਂ ਨੂੰ ਮਿਲੇਗਾ। ਬੰਜ਼ਰ ਦੇ ਸਿਰੇ ਤੋਂ ਦਾਸ਼ਾ ਨੂੰ ਖੁਸ਼ਬੂ  ਆਈ। ਉਸ ਨੇ ਇਧਰ-ਉਧਰ ਦੇਖਿਆਂ। ਆਸ ਪਾਸ ਕੋਈ ਫ਼ੁੱਲ ਨਹੀਂ ਸੀ। ਪਗਡੰਡੀ ‘ਤੇ ਸਿਰਫ਼ ਛੋਟਾ ਛੋਟਾ ਘਾਹ ਉਗ ਰਿਹਾ ਸੀ ਅਤੇ ਬੰਜ਼ਰ ਤਾਂ ਬਿਲਕੁਲ ਨੰਗਾ ਬੁੱਚਾ ਸੀ। ਪਰ ਹਵਾ ਬੰਜ਼ਰ ਤੋਂ ਆ ਰਹੀ ਸੀ ਅਤੇ ਉਥੋਂ ਹਲਕੀ ਖੁਸ਼ਬੂ ਲਿਆ ਰਹੀ ਸੀ, ਜੋ ਕਿਸੇ ਹਲਕੀ ਨਿੱਕੀ ਅਣਜਾਨ ਜਾਨ ਦੀ ਪੁਕਾਰ ਵਰਗੀ ਲਗਦੀ ਸੀ। ਦਾਸ਼ਾ ਨੂੰ ਇੱਕ ਕਹਾਣੀ ਯਾਦ ਆ ਗਈ, ਜੋ ਮਾਂ ਨੇ ਉਸ ਨੂੰ ਬਹੁਤ ਪਹਿਲਾ ਸੁਣਾਈ ਸੀ: ਇੱਕ ਫ਼ੁੱਲ ਆਪਣੀ ਮਾਂ ਬਿਨਾਂ ਬਹੁਤ ਉਦਾਸ ਰਹਿੰਦਾ ਸੀ, ਪਰ ਉਹ ਰੋ ਨਹੀਂ ਸਕਦਾ ਸੀ, ਉਹ ਆਪਣੀ ਸਾਰੀ ਉਦਾਸੀ ਖੁਸ਼ਬੂ ਵਿੱਚ ਹੀ ਵਹਾ ਦਿੰਦਾ ਸੀ। “ਸ਼ਾਇਦ ਇਹ ਫ਼ੁੱਲ ਵੀ ਮੇਰੀ ਤਰ੍ਹਾਂ ਆਪਣੀ ਮਾਂ ਦੇ ਬਿਨਾਂ ਉਦਾਸ ਹੋ ਰਿਹਾ ਹੈ।” ਦਾਸ਼ਾ ਨੇ ਸੋਚਿਆ। ਉਹ ਬੰਜ਼ਰ ‘ਤੇ ਗਈ ਅਤੇ ਉੱਥੇ ਪੱਥਰ ਦੇ ਕੋਲ ਉਸਨੇ ਨਿੱਕੇ ਫ਼ੁੱਲ ਨੂੰ ਦੇਖਿਆ। ਦਾਸ਼ਾ ਨੇ ਇਸ ਤਰ੍ਹਾਂ ਦਾ ਫ਼ੁੱਲ ਪਹਿਲਾਂ ਕਦੇ ਨਹੀਂ ਦੇਖਿਆ ਸੀ – ਨਾ ਖੇਤ-ਮੈਦਾਨ ‘ਚ, ਨਾ ਜੰਗਲ, ਨਾ ਕਿਤਾਬਾਂ ਦੀਆਂ ਤਸਵੀਰਾਂ ‘ਚ, ਨਾ ਬਨਸਪਤੀ ਵਿਭਾਗ ਵਿੱਚ – ਕਿਤੇ ਵੀ ਨਹੀਂ। ਫ਼ੁੱਲ ਦੇ ਕੋਲ ਜ਼ਮੀਨ ਉੱਪਰ ਬੈਠ ਕੇ ਉਸ ਨੇ ਪੁੱਛਿਆ: “ਤੂੰ ਇਸ ਤਰ੍ਹਾਂ ਦਾ ਕਿਉਂ ਏਂ?” “ਪਤਾ ਨਹੀਂ,” ਫ਼ੁੱਲ ਨੇ ਜਵਾਬ ਦਿੱਤਾ। “ਤੂੰ ਦੂਸਰੇ ਫ਼ੁੱਲਾਂ ਨਾਲੋਂ ਅਲੱਗ ਕਿਉਂ ਏਂ?” ਫ਼ੁੱਲ ਇਸ ਸਵਾਲ ਦਾ ਜਵਾਬ ਨਹੀਂ ਜਾਣਦਾ ਸੀ। ਪਰ ਉਹ ਪਹਿਲੀ ਵਾਰ ਏਨਾ ਨੇੜੇ ਇਨਸਾਨ ਦੀ ਅਵਾਜ਼ ਸੁਣ ਰਿਹਾ ਸੀ, ਪਹਿਲੀ ਵਾਰ ਉਸ ਨੂੰ ਕੋਈ ਦੇਖ ਰਿਹਾ ਸੀ, ਇਸ ਲਈ ਉਹ ਚੁੱਪ ਰਹਿ ਕੇ ਦਾਸ਼ਾ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀ। “ਇਸ ਲਈ ਕਿ ਮੇਰਾ ਜੀਵਨ ਕਿੰਨਾ ਕਠੋਰ ਹੈ।” ਫ਼ੁੱਲ ਨੇ ਕਿਹਾ। “ਤੇਰਾਂ ਨਾਂ ਕੀ ਹੈ?” ਦਾਸ਼ਾ ਨੇ ਪੁੱਛਿਆ। “ਮੈਨੂੰ ਕਦੇ ਕਿਸੇ ਨੇ ਨਾਂ ਲੈ ਕੇ ਨਹੀਂ ਬੁਲਾਇਆ,” ਨੰਨ੍ਹੇ ਫ਼ੁੱਲ ਨੇ ਕਿਹਾ, “ਮੈਂ ਇੱਥੇ ਇਕੱਲਾ ਰਹਿੰਦਾ ਹਾਂ।” ਦਾਸ਼ਾ ਨੇ ਬੰਜ਼ਰ ਵੱਲ ਨਜ਼ਰ ਘੁੰਮਾਈ। “ਇਥੇ ਤਾਂ ਬਸ ਪੱਥਰ ਅਤੇ ਚੀਕਣੀ ਮਿੱਟੀ ਹੀ ਹੈ,” ਦਾਸ਼ਾ ਨੇ ਕਿਹਾ। “ਕਿਸ ਤਰ੍ਹਾਂ ਤੂੰ ਇਕੱਲਾ ਜੀਅ ਰਿਹਾ ਏਂ, ਕਿਸ ਤਰ੍ਹਾਂ ਤੂੰ, ਨੰਨ੍ਹੀ ਜਾਨ, ਚੀਕਣੀ ਮਿੱਟੀ ਵਿੱਚ ਉੱਗ ਆਇਆ ਤੇ ਮਰਿਆ ਨਹੀਂ?” “ਪਤਾ ਨਹੀਂ”, ਫ਼ੁੱਲ ਨੇ ਜਵਾਬ ਦਿੱਤਾ। ਦਾਸ਼ਾ ਨੇ ਝੁਕ ਕੇ ਉਸ ਨੂੰ ਚੁੰਮ ਲਿਆ। ਅਗਲੇ ਦਿਨ ਸਾਰੇ ਬੱਚੇ ਨਿੱਕੇ ਫ਼ੁੱਲ ਨੂੰ ਮਿਲਣ ਆਏ। ਦਾਸ਼ਾ ਉਹਨਾਂ ਨੂੰ ਲੈ ਆਈ ਸੀ, ਪਰ ਬੰਜ਼ਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਸਭ ਨੂੰ ਸਾਹ ਖਿਚਣ ਲਈ ਕਿਹਾ ਅਤੇ ਬੋਲੀ: “ਦੇਖਿਆ ਕਿਸ ਤਰ੍ਹਾਂ ਦੀ ਖੁਸ਼ਬੂ  ਆ ਰਹੀ ਹੈ! ਇਹ ਉਸ ਦੇ ਸਾਹ ਨੇ।” ਬੱਚੇ ਬਹੁਤ ਦੇਰ ਤੱਕ ਨੰਨ੍ਹੇ ਫ਼ੁੱਲ ਦੁਆਲੇ ਖੜੇ ਰਹੇ, ਬਾਂਕੇ ਵੀਰ ਦੀ ਤਰ੍ਹਾਂ ਉਸ ਨੂੰ ਨਿਹਾਰਦੇ ਰਹੇ। ਫ਼ਿਰ ਉਹਨਾਂ ਨੇ ਸਾਰੇ ਬੰਜ਼ਰ ਦਾ ਚੱਕਰ ਲਗਾਇਆ, ਆਪਣੇ ਕਦਮਾਂ ਨਾਲ਼ ਉਸ ਨੂੰ ਨਾਪਿਆ ਅਤੇ ਹਿਸਾਬ ਲਗਾਇਆ ਕਿ ਇਸ ਬੰਜ਼ਰ ਵਿੱਚ ਜਾਨ ਪਾਉਣ ਲਈ ਕਿੰਨੇ ਠੇਲੇ ਗੋਹੇ ਅਤੇ ਸਵਾਹ ਦੇ ਲਿਆਉਣੇ ਪੈਣਗੇ। ਉਹ ਚਾਹੁੰਦੇ ਸੀ ਕਿ ਬੰਜ਼ਰ ਧਰਤੀ ਉਪਜਾਊ ਬਣ ਜਾਵੇ। ਉਦੋਂ ਉਸ ਨਿੱਕੇ ਅਣਜਾਣ ਫ਼ੁੱਲ ਨੂੰ ਵੀ ਆਰਾਮ ਮਿਲੇਗਾ, ਉਸ ਦੇ ਬੀਜਾਂ ਤੋਂ ਉਸ ਦੀ ਬੇਹਤਰੀਨ ਔਲਾਦ ਵੀ ਜਨਮ ਲਏਗੀ ਅਤੇ ਮਰੇਗੀ ਨਹੀਂ – ਸਭ ਤੋਂ ਵਧੀਆ, ਸਜੀਵ ਪ੍ਰਕਾਸ ਵਿੱਚ ਚਮਕਦੇ ਫ਼ੁੱਲ ਉੱਗਣਗੇ, ਜੋ ਹੋਰ ਕਿਤੇ ਨਹੀਂ ਹਨ। ਚਾਰ ਦਿਨ ਤਾਂ ਬੱਚੇ ਬੰਜ਼ਰ ਉੱਪਰ ਖਾਦ ਪਾਉਣ ਦਾ ਕੰਮ ਕਰਦੇ ਰਹੇ। ਇਸ ਤੋਂ ਬਾਅਦ ਉਹ ਦੂਸਰੇ ਖੇਤਾਂ, ਜੰਗਲਾਂ ਵਿੱਚ ਘੁੰਮਣ ਗਏ, ਇਸ ਬੰਜ਼ਰ ਉੱਪਰ ਫ਼ਿਰ ਨਹੀਂ ਆਏ। ਬਸ ਦਾਸ਼ਾ ਹੀ ਇੱਕ ਵਾਰ ਨੰਨ੍ਹੇ ਫ਼ੁੱਲ ਤੋਂ ਵਿਦਾ ਲੈਣ ਆਈ। ਗਰਮੀਆਂ ਖਤਮ ਹੋ ਗਈਆਂ ਸੀ, ਬੱਚਿਆਂ ਨੇ ਪਾਯੋਨਿਅਰ ਕੈਂਪ ਤੋਂ ਘਰ ਮੁੜਨਾ ਸੀ, ਅਤੇ ਉਹ ਚਲੇ ਗਏ। ਅਗਲੀਆਂ ਗਰਮੀਆਂ ਵਿੱਚ ਦਾਸ਼ਾ ਫ਼ਿਰ ਉਸੇ ਪਾਯੋਨਿਅਰ ਕੈਂਪ ਵਿੱਚ ਅਰਾਮ ਕਰਨ ਆਈ। ਸਾਰੀਆਂ ਲੰਬੀਆਂ ਸਰਦੀਆਂ ਵਿੱਚ ਉਹ ਨੰਨ੍ਹੇ ਫ਼ੁੱਲ ਨੂੰ ਗੁਮਨਾਮ ਨਾਂ ਨਾਲ਼ ਯਾਦ ਕਰਦੀ ਰਹੀ ਸੀ। ਉਹ ਉਸੇ ਸਮੇਂ ਬੰਜ਼ਰ ਉੱਪਰ ਉਸ ਨੂੰ ਮਿਲਣ ਗਈ। ਦਾਸ਼ਾ ਨੇ ਦੇਖਿਆਂ ਕਿ ਬੰਜ਼ਰ ਬਿਲਕੁਲ ਹੀ ਬਦਲ ਗਿਆ ਹੈ। ਉਥੇ ਘਾਹ-ਫ਼ੂਸ ਅਤੇ ਫ਼ੁੱਲ ਉੱਗ ਰਹੇ ਸੀ, ਉਹਨਾਂ ਦੇ ਉੱਪਰ ਚਿੜੀਆਂ ਅਤੇ ਤਿੱਤਲੀਆਂ ਉੱਡ ਰਹੀਆਂ ਸਨ। ਫ਼ੁੱਲਾਂ ਤੋਂ ਖੁਸ਼ਬੂ ਆ ਰਹੀ ਸੀ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਉਸ ਨਿੱਕੇ ਮਿਹਨਤੀ ਫ਼ੁੱਲ ਤੋਂ ਆ ਰਹੀ ਸੀ। ਪਰ ਪੱਥਰ ਅਤੇ ਚੀਕਣੀ ਮਿੱਟੀ ਵਿੱਚ ਉਗਿਆ ਪਿਛਲੇ ਸਾਲ ਦਾ ਪੌਦਾ ਉਥੇ ਨਹੀਂ ਸੀ। ਉਹ ਪਿਛਲੀ ਪਤਝੜ ਵਿੱਚ ਮਰ ਗਿਆ ਹੋਵੇਗਾ। ਨਵੇਂ ਫ਼ੁੱਲ ਪੌਦੇ ਵੀ ਵਧੀਆ ਸਨ, ਪਰ ਪਹਿਲੇ ਫ਼ੁੱਲ ਜਿੰਨੇ ਨਹੀਂ। ਦਾਸ਼ਾ ਉਦਾਸ ਹੋ ਗਈ ਕਿ ਉਹ ਪਹਿਲਾਂ ਵਾਲਾ ਫ਼ੁੱਲ ਨਹੀਂ ਹੈ ਤੇ ਵਾਪਸ ਚਲ ਪਈ। ਤੇ ਫ਼ਿਰ ਅਚਾਨਕ ਰੁਕ ਗਈ। ਇਕ ਦੂਸਰੇ ਨਾਲ਼ ਜੁੜੇ ਦੋ ਪੱਥਰਾਂ ‘ਚ ਨਵਾਂ ਫ਼ੁੱਲ ਉੱਗ ਆਇਆ ਸੀ – ਬਿਲਕੁਲ ਪੁਰਾਣੇ ਫ਼ੁੱਲ ਵਰਗਾ ਹੀ, ਬਸ ਉਸ ਨਾਲ਼ੋਂ ਥੋੜਾ ਜਿਹਾ ਵਧਿਆ, ਉਸ ਨਾਲੋਂ ਵੀ ਜ਼ਿਆਦਾ ਸੋਹਣਾ। ਇਹ ਫ਼ੁੱਲ ਪੱਥਰਾਂ ‘ਚੋਂ ਉੱਗ ਰਿਹਾ ਸੀ; ਉਹ ਆਪਣੇ ਪਿਤਾ ਦੀ ਤਰ੍ਹਾਂ ਹੀ ਜ਼ਿੰਦਾ ਅਤੇ ਸਬਰ ਵਾਲਾ ਸੀ, ਅਤੇ ਪਿਤਾ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਕਿਉਂਕਿ  ਉਹ ਪੱਥਰਾਂ ‘ਚ ਵੀ ਜੀਉਂਦਾ ਸੀ। ਦਾਸ਼ਾ ਨੂੰ ਲੱਗਿਆ ਕਿ ਫ਼ੁੱਲ ਉਸ ਦੇ ਵੱਲ ਹੱਥ ਵਧਾ ਰਿਹਾ ਹੈ ਅਤੇ ਬਿਨਾਂ ਸ਼ਬਦ ਸਿਰਫ਼ ਆਪਣੀ ਖੁਸ਼ਬੂ ਨਾਲ਼ ਉਸ ਨੂੰ ਬੁਲਾ ਰਿਹਾ ਹੈ।
– ਆਂਦਰੇਈ ਪਲਾਤੋਨੋਵ