
ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ----ਤੇਜ ਕੌਰ
Fri 24 May, 2019 0
ਮਾਹਵਾਰੀ ਔਰਤਾਂ ਨਾਲ ਸੰਬੰਧਿਤ ਕੁਦਰਤੀ ਸਰੀਰਕ ਪ੍ਰਕਿਰਿਆ ਹੈ। ਮਾਹਵਾਰੀ ਨੂੰ ਆਮ ਬੋਲਚਾਲ ਵਿਚ ਮਾਸਿਕ ਧਰਮ, Periods, Menstruation, 4ate ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅਜੋਕੇ ਸਮੇਂ ਭਾਰਤੀ ਸਮਾਜ ਵਿਚ ਜਿੱਥੇ ਮਾਹਵਾਰੀ ਬਾਰੇ ਸਹੀ ਜਾਣਕਾਰੀ ਦੀ ਘਾਟ ਹੈ, ਉੱਥੇ ਸਮਾਜਿਕ ਪੱਖ ਤੋਂ ਵੀ ਮਾਹਵਾਰੀ ਨਾਲ ਸੰਬੰਧਿਤ ਕਈ ਗ਼ਲਤ ਧਾਰਨਾਵਾਂ ਪ੍ਰਚਲਿਤ ਹਨ। ਭਾਰਤੀ ਸਮਾਜ ਵਿਚ ਮਾਹਵਾਰੀ ਨੂੰ ਕੁਦਰਤੀ ਸਰੀਰਕ ਪ੍ਰਕਿਰਿਆ ਸਮਝਣ ਦੀ ਬਜਾਇ ‘ਸਰੀਰਕ ਬਿਮਾਰੀ’ ਵਧੇਰੇ ਮੰਨਿਆ ਜਾਂਦਾ ਹੈ। ਦੁੱਖ ਦੀ ਗੱਲ ਇਹ ਵੀ ਹੈ ਕਿ ਜਿੱਥੇ ਦੂਸਰੀਆਂ ਸਰੀਰਕ ਬਿਮਾਰੀਆਂ ਨੂੰ ਕਿਸੇ ਤੋਂ ਬਹੁਤਾ ਲੁਕਾ-ਛੁਪਾ ਕੇ ਨਹੀਂ ਰੱਖਿਆ ਜਾਂਦਾ, ਉੱਥੇ ਇਸ ਨੂੰ ਬਿਮਾਰੀ ਮੰਨਣ ਦੇ ਬਾਵਜੂਦ ਇਸ ਬਾਰੇ ਖੁੱਲ੍ਹ ਕੇ ਗੱਲ ਹੀ ਨਹੀਂ ਕੀਤੀ ਜਾਂਦੀ। ਭਾਰਤੀ ਸਮਾਜ ਵਿਚ ਮਾਹਵਾਰੀ ਸੰਬੰਧੀ ਸਹੀ ਜਾਣਕਾਰੀ ਦੀ ਘਾਟ ਦਾ ਇਕ ਕਾਰਨ ਮਾਹਵਾਰੀ ਨੂੰ ਸ਼ਰਮਨਾਕ, ਅਪਵਿੱਤਰ ਜਾਂ ਅਸ਼ੁੱਧ ਮੰਨਿਆ ਜਾਣਾ ਹੈ।
ਭਾਰਤੀ ਸਮਾਜ ਵਿਚ ਮਾਹਵਾਰੀ ਸੰਬੰਧੀ ਪਿਛਲੇ ਕੁਝ ਸਮੇਂ ਤੋਂ ਥੋੜ੍ਹੀ ਬਹੁਤੀ ਗੱਲਬਾਤ ਹੋਣੀ ਸ਼ੁਰੂ ਹੋਈ ਹੈ। ਹਿੰਦੀ ਸਿਨਮਾ ਵਿਚ ਮਾਹਵਾਰੀ ਨੂੰ ਲੈ ਕੇ ‘ਪੈਡਮੈਨ’ (2018) ਵਰਗੀਆਂ ਫ਼ਿਲਮਾਂ ਅਤੇ ਕਈ ਲਘੂ ਦਸਤਾਵੇਜ਼ੀ ਫ਼ਿਲਮਾਂ ਬਣ ਚੁੱਕੀਆਂ ਹਨ। ਰਾਇਕਾ ਜ਼ਹਿਤਾਬਚੀ ਦੀ ਲਘੂ ਦਸਤਾਵੇਜ਼ੀ ਫ਼ਿਲਮ ‘ਪੀਰੀਅਰਡ: ਐੰਡ ਆਫ ਸੈਨਟੈਂਸ’ (2018) ਨੂੰ ਆਸਕਰ ਐਵਾਰਡ ਮਿਲ ਚੁੱਕਿਆ ਹੈ। ਵਿਚਾਰਨ ਵਾਲਾ ਮਸਲਾ ਇਹ ਹੈ ਕਿ ਭਾਰਤੀ ਸਮਾਜ ਵਿਚ ਜ਼ਮੀਨੀ ਪੱਧਰ ਉੱਪਰ ਮਾਹਵਾਰੀ ਬਾਰੇ ਖੁੱਲ੍ਹ ਕੇ ਗੱਲਬਾਤ ਕਿਉਂ ਨਹੀਂ ਕੀਤੀ ਜਾ ਰਹੀ?
ਭਾਰਤੀ ਸਮਾਜ ਵਿਚ ਮਾਹਵਾਰੀ ਸੰਬੰਧੀ ਅਜਿਹਾ ਵਤੀਰਾ ਸਾਡੇ ਸਾਹਮਣੇ ਕਈ ਸਵਾਲ ਪੈਦਾ ਕਰਦਾ ਹੈ ਕਿ ਭਾਰਤੀ ਸਮਾਜ ਵਿਚ ਮਾਹਵਾਰੀ ਦੇ ਦਿਨਾਂ ਦੌਰਾਨ ਔਰਤਾਂ ਦਾ ਧਾਰਮਿਕ ਪੂਜਾ ਸਥਾਨਾਂ ਵਿਚ ਜਾਣਾ ਅਤੇ ਕਿਸੇ ਧਾਰਮਿਕ ਪੁਸਤਕ ਨੂੰ ਛੂਹਣਾ ਕਿਉਂ ਵਰਜਿਤ ਹੈ? ਔਰਤਾਂ ਕਿਉਂ ਆਪਣੇ ਪਿਤਾ, ਭਰਾਵਾਂ, ਮਰਦ ਦੋਸਤਾਂ ਅਤੇ ਹੋਰ ਮਰਦ ਸਕੇ-ਸੰਬੰਧੀਆਂ ਆਦਿ ਨਾਲ ਮਾਹਵਾਰੀ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਕਰਦੀਆਂ? ਅੱਜ ਵੀ ਸਾਡੇ ਸਮਾਜ ਵਿਚ ਮਾਹਵਾਰੀ ਨੂੰ ਸ਼ਰਮ ਅਤੇ ਅਸ਼ੁੱਧਤਾ ਨਾਲ ਜੋੜ ਕੇ ਕਿਉਂ ਦੇਖਿਆ ਜਾਂਦਾ ਹੈ?
ਨੁਕਤਾ ਇਹ ਹੈ ਕਿ ਮਾਹਵਾਰੀ ਦੀ ਪ੍ਰਕਿਰਿਆ ਔਰਤ ਦੀ ਪ੍ਰਜਨਣ ਪ੍ਰਕਿਰਿਆ ਨਾਲ ਸੰਬੰਧਿਤ ਹੈ ਜੋ ਉਸ ਨੂੰ ਬੱਚਾ ਪੈਦਾ ਕਰਨ ਦੇ ਯੋਗ ਬਣਾਉਂਦੀ ਹੈ। ਨਾਰੀ ਦੀ ਜੱਚਾ ਬਣਨ ਦੀ ਸਮਰੱਥਾ ਤਾਂ ਪ੍ਰਮਾਣ ਹੋਣ ਦੇ ਬਾਵਜੂਦ ਮਾਹਵਾਰੀ ਨੂੰ ਸ਼ਰਮਨਾਕ, ਅਪਵਿੱਤਰ ਜਾਂ ਅਸ਼ੁੱਧ ਅਤੇ ਬਿਮਾਰੀ ਬਣਾ ਕੇ ਪੇਸ਼ ਕਰਨਾ ਕਿਥੋਂ ਤੱਕ ਵਾਜਿਬ ਹੈ? ਭਾਰਤ ਦੇ ਤਕਰੀਬਨ ਸਾਰੇ ਧਰਮਾਂ ਵਿਚ ਮਾਹਵਾਰੀ ਦੇ ਦਿਨਾਂ ਦੌਰਾਨ ਔਰਤ ਨੂੰ ਧਾਰਮਿਕ ਪੂਜਾ-ਸਥਾਨਾਂ ਵਿਚ ਜਾਣ ਦੀ ਮਨਾਹੀ ਹੈ। ਇਸ ਦਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਔਰਤਾਂ ਮਾਹਵਾਰੀ ਦੇ ਦਿਨਾਂ ਵਿਚ ਅਪਵਿੱਤਰ ਹੋ ਜਾਂਦੀਆਂ ਹਨ।
21ਵੀਂ ਸਦੀ ਵਿਚ ਵੀ ਭਾਰਤ ਵਿਚ ਮਾਹਵਾਰੀ ਨਾਲ ਸੰਬੰਧਿਤ ਅਗਿਆਨਤਾ ਭਾਰੂ ਹੈ। ਇਸ ਅਗਿਆਨਤਾ ਦਾ ਸਭ ਤੋਂ ਬੁਰਾ ਅਸਰ 10-12 ਸਾਲ ਦੀਆਂ ਬੱਚੀਆਂ ਉੱਪਰ ਦੇਖਣ ਨੂੰ ਮਿਲਦਾ ਹੈ। ਜਦ 12-14 ਸਾਲ ਦੀਆਂ ਬੱਚੀਆਂ ਵਿਚ ਮਾਹਵਾਰੀ ਸ਼ੁਰੂ ਹੁੰਦੀ ਹੈ, ਤਾਂ ਉਨ੍ਹਾਂ ਨੂੰ ਮਾਹਵਾਰੀ ਬਾਰੇ ਪਹਿਲਾਂ ਕੋਈ ਵੀ ਜਾਣਕਾਰੀ ਨਾ ਹੋਣ ਕਾਰਨ ਉਹ ਘਬਰਾ ਜਾਂਦੀਆਂ ਹਨ ਜਾਂ ਡਿਪਰੈਸ਼ਨ ਵਿਚ ਚਲੀਆਂ ਜਾਂਦੀਆਂ ਹਨ। ਫ਼ਿਕਰ ਵਾਲੀ ਗੱਲ ਇਹ ਹੈ ਕਿ ਨਾ ਤਾਂ ਬੱਚੀਆਂ ਦੇ ਮਾਪੇ ਅਤੇ ਨਾ ਹੀ ਸਕੂਲਾਂ ਵਿਚ ਅਧਿਆਪਕ, ਬੱਚੀਆਂ ਨੂੰ ਮਾਹਵਾਰੀ ਸੰਬੰਧੀ ਕੁਝ ਦੱਸਦੇ ਹਨ। ਉਨ੍ਹਾਂ ਬੱਚੀਆਂ ਨੂੰ ਮਾਹਵਾਰੀ ਸੰਬੰਧੀ ਮੁੱਢਲੀ ਜਾਣਕਾਰੀ, ਜਿਵੇਂ ਮਾਹਵਾਰੀ ਕੀ ਹੁੰਦੀ ਹੈ, ਮਾਹਵਾਰੀ ਸ਼ੁਰੂ ਹੋਣ ਸਮੇਂ ਸਰੀਰ ਵਿਚ ਕੀ ਤਬਦੀਲੀ ਆਉਂਦੀ ਹੈ ਤੇ ਮਾਹਵਾਰੀ ਦੇ ਦਿਨਾਂ ਵਿਚ ਬੱਚੀਆਂ/ਔਰਤਾਂ ਨੇ ਆਪਣੀ ਦੇਖ-ਭਾਲ ਕਿਵੇਂ ਕਰਨੀ ਹੈ, ਆਦਿ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਮਾਹਵਾਰੀ ਸੰਬੰਧੀ ਮੁੱਢਲੀ ਜਾਣਕਾਰੀ ਦੀ ਘਾਟ ਕਾਰਨ ਬਹੁਤੀਆਂ ਬੱਚੀਆਂ ਨੂੰ ਆਪਣੀ ਪੜ੍ਹਾਈ ਤੱਕ ਛੱਡਣੀ ਪੈ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਾਪੇ ਬੱਚੀਆਂ ਦੀ ਮਾਹਵਾਰੀ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਬੱਚੀਆਂ ਨੂੰ ਮਾਹਵਾਰੀ ਸੰਬੰਧੀ ਸਹੀ ਜਾਣਕਾਰੀ ਦੇਣ ਵਿਚ ਆਪਣੀ ਭੂਮਿਕਾ ਅਦਾ ਕਰਨ। ਇਸ ਦੇ ਨਾਲ ਹੀ ਇਸ ਪੱਖ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਮਾਹਵਾਰੀ ਸਿਰਫ਼ ਸਾਡੀ ਸਕੂਲੀ ਸਿੱਖਿਆ ਦੇ ਪਾਠ-ਕ੍ਰਮ ਦਾ ਹਿੱਸਾ ਬਣ ਕੇ ਨਾ ਰਹਿ ਜਾਵੇ ਸਗੋਂ ਹਰ ਵਿਦਿਆਰਥੀ ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ, ਮਾਹਵਾਰੀ ਸੰਬੰਧੀ ਸਹੀ ਸਮਝ ਰੱਖਦਾ ਹੋਵੇ।
ਮਾਹਵਾਰੀ ਸੰਬੰਧੀ ਸਦੀਆਂ ਦੇ ਇਸ ਰੁਝਾਨ ਨੇ ਭਾਰਤੀ ਔਰਤਾਂ ਦੀ ਮਾਨਸਿਕਤਾ ਨੂੰ ਅਜਿਹਾ ਬਣਾ ਦਿੱਤਾ ਹੈ ਕਿ ਬਹੁਤੀਆਂ ਔਰਤਾਂ ਖ਼ੁਦ ਇਹ ਮਹਿਸੂਸ ਕਰਦੀਆਂ ਹਨ ਕਿ ਮਾਹਵਾਰੀ ਸ਼ਰਮਨਾਕ ਪ੍ਰਕਿਰਿਆ ਹੈ। ਬਹੁਤੀਆਂ ਔਰਤਾਂ ਮਾਹਵਾਰੀ ਬਾਰੇ ਗੱਲ ਕਰਨਾ ਤਾਂ ਦੂਰ ਦੀ ਗੱਲ, ਮਾਹਵਾਰੀ, Periods, Menstruation, Date ਆਦਿ ਸ਼ਬਦਾਂ ਨੂੰ ਉੱਚੀ ਉਚਾਰਨ ਵਿਚ ਵੀ ਝਿਜਕ ਮਹਿਸੂਸ ਕਰਦੀਆਂ ਹਨ। ਬਹੁਤੀਆਂ ਔਰਤਾਂ ਸੈਨੇਟਰੀ ਪੈਡ ਖ਼ਰੀਦਣ ਸਮੇਂ ਵੀ ਮਰਦ ਦੁਕਾਨਦਾਰ ਦੀ ਬਜਾਇ ਔਰਤ ਦੁਕਾਨਦਾਰ ਨੂੰ ਤਰਜੀਹ ਦਿੰਦੀਆਂ ਹਨ। ਇੱਥੋਂ ਤੱਕ ਕਿ ਸੈਨੇਟਰੀ ਪੈਡ ਕਿਸੇ ਲਿਫ਼ਾਫ਼ੇ ਵਿਚ ਛੁਪਾ ਕੇ ਰੱਖਿਆ ਜਾਂਦਾ ਹੈ। ਨੈਸ਼ਨਲ ਫੈਮਲੀ ਹੈਲਥ ਸਰਵੇ-2015-16 ਦੇ ਅਨੁਸਾਰ, ਔਰਤਾਂ ਦੁਆਰਾ ਸੈਨੇਟਰੀ ਪੈਡ ਦੀ ਵਰਤੋਂ ਸ਼ਹਿਰੀ ਖੇਤਰਾਂ ਵਿਚ 77.5 % ਅਤੇ ਪੇਂਡੂ ਖੇਤਰਾਂ ਵਿਚ 48.5% ਕੀਤੀ ਜਾਂਦੀ ਹੈ। ਭਾਰਤ ਵਿਚ ਸਮੁੱਚੇ ਤੌਰ ‘ਤੇ 57.6 % ਔਰਤਾਂ ਹੀ ਸੈਨੇਟਰੀ ਪੈਡ ਦੀ ਵਰਤੋਂ ਕਰਦੀਆਂ ਹਨ। ਬਾਕੀ ਔਰਤਾਂ ਸੈਨੇਟਰੀ ਪੈਡ ਦੀ ਬਜਾਇ ਕੱਪੜੇ ਦੀ ਵਰਤੋਂ ਕਰਦੀਆਂ ਹਨ ਜੋ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਭਾਰਤ ਵਿਚ ਮਾਹਵਾਰੀ ਨੂੰ ਅਸ਼ੁੱਧ ਮੰਨੇ ਜਾਣ ਕਾਰਨ ਔਰਤਾਂ ਨੂੰ ਕਈ ਪੱਖਾਂ ਤੋਂ ਬਰਾਬਰੀ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਜਾਂਦਾ ਹੈ; ਜਿਵੇਂ ਕੇਰਲ ਦੇ ਸ਼ਬਰੀਮਾਲਾ ਮੰਦਰ ਵਿਚ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਜਾਣ ਦੀ ਮਨਾਹੀ ਸੀ। ਇਸ ਦਾ ਕਾਰਨ ਮਾਹਵਾਰੀ ਨੂੰ ਮੰਨਿਆ ਜਾਂਦਾ ਸੀ। ਸੁਪਰੀਮ ਕੋਰਟ ਨੇ ਭਾਵੇਂ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਕਾਰਨ ਮੰਦਰ ਵਿਚ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਹਾਲੇ ਵੀ ਭਾਰਤ ਦੀ ਬਹੁ-ਗਿਣਤੀ ਰੀਤੀ-ਰਿਵਾਜਾਂ ਦੇ ਆਧਾਰ ‘ਤੇ ਮੰਦਰ ਵਿਚ ਔਰਤਾਂ ਦੇ ਪ੍ਰਵੇਸ਼ ਨੂੰ ਬੁਰਾ ਹੀ ਸਮਝਦੀ ਹੈ। ਇਕ ਵਿਸ਼ੇਸ਼ ਤਬਕੇ ਦੇ ਵਿਰੋਧ ਦੇ ਬਾਵਜੂਦ 2 ਜਨਵਰੀ 2019 ਨੂੰ ਕੇਰਲ ਦੇ ਸ਼ਬਰੀਮਾਲਾ ਮੰਦਰ ਵਿਚ ਬਿੰਦੂ ਅਤੇ ਕਣਕਦੁਰਗਾ ਨਾਂ ਦੀਆਂ ਦੋ ਔਰਤਾਂ ਨੇ ਪ੍ਰਵੇਸ਼ ਕੀਤਾ। ਇਨ੍ਹਾਂ ਔਰਤਾਂ ਦੇ ਮੰਦਰ ਵਿਚ ਦਾਖ਼ਲੇ ਨਾਲ ਸੋਸ਼ਲ ਮੀਡੀਆ ਉਪਰ ਬਹਿਸ ਛਿੜ ਗਈ।
ਅਜੋਕੇ ਸਮੇਂ ਵਿਚ ਪੜ੍ਹੇ-ਲਿਖੇ ਕੁਝ ਕੁ ਵਰਗ ਦਾ ਮਾਹਵਾਰੀ ਬਾਰੇ ਨਜ਼ਰੀਆ ਬਦਲਿਆ ਹੈ। ਜਿੱਥੇ ਕੁਝ ਕੁ ਕੁੜੀਆਂ/ਔਰਤਾਂ ਨੇ ਮਾਹਵਾਰੀ ਸੰਬੰਧੀ ਸ਼ਰੇਆਮ ਗੱਲ ਕਰਨੀ ਸ਼ੁਰੂ ਕੀਤੀ ਹੈ, ਉੱਥੇ ਕੁਝ ਕੁ ਪੜ੍ਹੇ-ਲਿਖੇ ਮੁੰਡੇ/ਮਰਦ ਵੀ ਮਾਹਵਾਰੀ ਨੂੰ ਲੈ ਕੇ ਸੰਵੇਦਨਸ਼ੀਲ ਹੋਏ ਹਨ। ਹੁਣ ਸਾਨੂੰ ਇਸ ਬਾਰੇ ਨਕਾਰਾਤਮਕ ਨਜ਼ਰੀਆ ਰੱਖਣ ਦੀ ਬਜਾਇ ਸਕਾਰਾਤਮਕ ਸੋਚ ਨੂੰ ਧਾਰਨ ਕਰਨ ਦੀ ਲੋੜ ਹੈ। ਹੁਣ ਮਾਹਵਾਰੀ ਨੂੰ ਸ਼ਰਮਨਾਕ ਅਤੇ ਅਪਵਿੱਤਰ ਮੰਨਣ ਵਾਲੀਆਂ ਧਾਰਨਾਵਾਂ ਰੱਦ ਕਰਨ ਦੀ ਜ਼ਰੂਰਤ ਹੈ। ਸਕੂਲਾਂ ਵਿਚ ਕੁੜੀਆਂ ਅਤੇ ਮੁੰਡਿਆਂ ਨੂੰ ਮਾਹਵਾਰੀ ਬਾਰੇ ਬਰਾਬਰ ਸਿੱਖਿਅਤ ਕਰਨਾ ਚਾਹੀਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਔਰਤਾਂ ਨੂੰ ਮਾਹਵਾਰੀ ਬਾਰੇ ਸਿਹਤ-ਸਹੂਲਤਾਂ ਮੁਹੱਈਆ ਕਰਵਾਏ। ਚੰਗੀ ਗੁਣਵੱਤਾ ਵਾਲੇ ਸੈਨੇਟਰੀ ਪੈਡ ਹਰ ਔਰਤ ਨੂੰ ਮੁਫ਼ਤ ਮਿਲਣੇ ਚਾਹੀਦੇ ਹਨ। ਪੇਂਡੂ ਔਰਤਾਂ ਨੂੰ ਮਾਹਵਾਰੀ ਬਾਰੇ ਜਾਗਰੂਕ ਕਰਨ ਲਈ ਪਿੰਡਾਂ ਵਿਚ ਖ਼ਾਸ ਤੌਰ ‘ਤੇ ਜਾਗਰੂਕਤਾ ਕੈਂਪ ਲਗਾਉਣੇ ਚਾਹੀਦੇ ਹਨ। ਔਰਤਾਂ ਨੂੰ ਮਾਹਵਾਰੀ ਦੌਰਾਨ ਬਦਲ ਰਹੇ ਆਪਣੇ ਸੁਭਾਅ ਅਤੇ ਇਸ ਨਾਲ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਜਿੱਥੇ ਆਪਣੀ ਮਾਂ, ਭੈਣਾਂ ਅਤੇ ਸਹੇਲੀਆਂ ਨਾਲ ਗੱਲ ਕਰਨੀ ਚਾਹੀਦੀ ਹੈ, ਉੱਥੇ ਆਪਣੇ ਪਿਤਾ, ਭਰਾਵਾਂ ਅਤੇ ਮਰਦ ਦੋਸਤਾਂ ਨੂੰ ਵੀ ਇਨ੍ਹਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।
ਜਦੋਂ ਕੁੜੀਆਂ ਆਪਣੇ ਭਰਾਵਾਂ, ਪਿਤਾ, ਸਹਿਪਾਠੀ ਮੁੰਡਿਆਂ ਨਾਲ, ਮਾਵਾਂ ਆਪਣੇ ਪੁੱਤਰਾਂ ਨਾਲ, ਔਰਤਾਂ ਆਪਣੇ ਸਹਿਯੋਗੀ ਮਰਦ ਕਰਮਚਾਰੀਆਂ ਨਾਲ ਮਾਹਵਾਰੀ ਬਾਰੇ ਖੁੱਲ੍ਹ ਕੇ ਗੱਲ ਕਰ ਸਕਣਗੀਆਂ ਤਾਂ ਸਾਡਾ ਸਮਾਜ ਵਧੇਰੇ ਮਾਨਵੀ, ਵਧੇਰੇ ਆਜ਼ਾਦ ਅਤੇ ਵਧੇਰੇ ਬਰਾਬਰੀ ਵਾਲਾ ਹੋ ਜਾਵੇਗਾ। ਇਸ ਨਾਲ ਕੁੜੀਆਂ-ਮੁੰਡਿਆਂ ਦਰਮਿਆਨ ਬੇਵਜ੍ਹਾ ਵਾਲਾ ਪਾੜਾ ਵੀ ਖ਼ਤਮ ਹੋਵੇਗਾ ਅਤੇ ਉਹ ਰਲ ਕੇ ਜੀਵਨ ਨੂੰ ਹੋਰ ਸੋਹਣਾ ਬਣਾਉਣ ਲਈ ਕੰਮ ਕਰ ਸਕਣਗੇ।
Comments (0)
Facebook Comments (0)