ਬੇਅਦਬੀ ਦੇ ਦੋਸ਼ੀ ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਭਗਵੰਤ ਮਾਨ

ਬੇਅਦਬੀ ਦੇ ਦੋਸ਼ੀ ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਭਗਵੰਤ ਮਾਨ

ਚੰਡੀਗੜ੍ਹ ਅਕਤੂਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਕਮੇਟੀ (ਸਿਟ) ਵੱਲੋਂ ਤਤਕਾਲੀ ਗ੍ਰਹਿ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸਾਜ਼ਿਸ਼-ਕਰਤਾ ਵਜੋਂ ਚਲਾਨ ਪੇਸ਼ ਕਰਨ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

Sukhbir BadalSukhbir Badal

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸਿਟ ਵੱਲੋਂ ਦੋਸ਼ੀਆਂ ਵਜੋਂ ਬਾਦਲ ਅਤੇ ਸੈਣੀ ਵਿਰੁੱਧ ਚਲਾਨ ਪੇਸ਼ ਕਰਨ ਉਪਰੰਤ ਹੁਣ ਸੁਖਬੀਰ ਬਾਦਲ ਅਤੇ ਸੈਣੀ ਦਾ ਖੁੱਲ੍ਹਾ ਘੁੰਮਣਾ ਠੀਕ ਨਹੀਂ ਹੈ, ਕਿਉਂਕਿ ਇਨ੍ਹਾਂ ਦੋਵਾਂ ਪ੍ਰਭਾਵਸ਼ਾਲੀ ਦੋਸ਼ੀਆਂ ਨੇ ਬਾਹਰ ਰਹਿੰਦਿਆਂ ਅਗਲੇਰੀ ਜਾਂਚ ਨੂੰ ਪ੍ਰਭਾਵਿਤ ਕਰਨਾ ਹੈ ਅਤੇ ਸਬੂਤ ਮਿਟਾਉਣ ਲਈ ਹਰ ਚਾਲ ਖੇਡਣੀ ਹੈ।

Sumedh SainiSumedh Saini

ਭਗਵੰਤ ਮਾਨ ਨੇ ਸਿਟ ਦੀ ਜਾਂਚ ਰਿਪੋਰਟ 'ਤੇ ਤਸੱਲੀ ਤਾਂ ਜਤਾਈ ਪਰ ਚਲਾਨ ਪੇਸ਼ ਕਰਨ 'ਚ ਵਿਖਾਈ ਦੇਰੀ 'ਤੇ ਸਵਾਲ ਵੀ ਉਠਾਏ। ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨਿੱਜੀ ਅਤੇ ਸਿਆਸੀ ਤੌਰ 'ਤੇ ਬਾਦਲ ਪਰਿਵਾਰ ਦੇ ਪਹਿਰੇਦਾਰ ਵਜੋਂ ਕੰਮ ਕਰ ਰਹੇ ਹਨ। ਜੇ ਕੈਪਟਨ ਚਾਹੁੰਦੇ ਤਾਂ 2017 'ਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਅਤੇ ਹੋਰਨਾਂ ਨੂੰ ਇਸ ਬੱਜਰ ਗੁਨਾਹ ਬਦਲੇ ਕਦੋਂ ਦੇ ਸਲਾਖ਼ਾਂ ਪਿੱਛੇ ਸੁੱਟ ਚੁੱਕੇ ਹੁੰਦੇ।

Bhagwant MannBhagwant Mann

ਭਗਵੰਤ ਮਾਨ ਨੇ ਇਹ ਵੀ ਦੋਸ਼ ਲਗਾਇਆ ਕਿ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ-2019 ਲੰਘਾਉਣ ਲਈ ਬੇਅਦਬੀ ਮਾਮਲਿਆਂ 'ਚ ਬਾਦਲ ਪਰਿਵਾਰ 'ਤੇ ਪੂਰੀ ਮਿਹਰਬਾਨੀ ਰੱਖੀ, ਨਹੀਂ ਤਾਂ ਜੋ ਚਲਾਨ ਹੁਣ ਪੇਸ਼ ਹੋਇਆ ਹੈ ਇਹ ਕਾਫ਼ੀ ਪਹਿਲਾਂ ਹੋ ਜਾਣਾ ਸੀ ਅਤੇ ਪੰਜਾਬ ਦੇ ਲੋਕਾਂ ਨੇ ਬਾਦਲ ਜੋੜੇ ਨੂੰ ਵੀ ਜਿੱਤਣ ਨਹੀਂ ਦੇਣਾ ਸੀ।

Kunwar Vijay Partap SinghKunwar Vijay Partap Singh

ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਵੀ ਸਿਟ ਦੀ ਜਾਂਚ ਰਿਪੋਰਟ ਅਤੇ ਚਲਾਨ ਲਟਕਾਏ ਜਾਣ ਦੀ ਨੀਅਤ ਨਾਲ ਉਠਾਇਆ ਗਿਆ 'ਸਰਕਾਰੀ' ਕਦਮ ਸੀ। ਭਗਵੰਤ ਮਾਨ ਨੇ ਅਦਾਲਤ ਤੋਂ ਮੰਗ ਕੀਤੀ ਕਿ ਬੇਅਦਬੀਆਂ ਦੇ ਮਾਮਲੇ 'ਚ ਸ਼ਾਮਲ ਕਿਸੇ ਵੀ ਛੋਟੇ-ਵੱਡੇ ਦੋਸ਼ੀ ਨੂੰ ਬਖ਼ਸ਼ਿਆ ਨਾ ਜਾਵੇ ਅਤੇ ਅਜਿਹੀ ਮਿਸਾਲੀਆ ਸਜਾ ਦਿੱਤੀ ਜਾਵੇ ਕਿ ਭਵਿੱਖ 'ਚ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਕਰ ਸਕੇ।