ਹੁਣ ਪੰਜਾਬ ਦੇ ਇਸ ਪਿੰਡ ‘ਚ ਦਾਖਿਲ ਹੋਣ ਲਈ ਦੇਣਾ ਪਵੇਗਾ ਟੈਕਸ

ਹੁਣ ਪੰਜਾਬ ਦੇ ਇਸ ਪਿੰਡ ‘ਚ ਦਾਖਿਲ ਹੋਣ ਲਈ ਦੇਣਾ ਪਵੇਗਾ ਟੈਕਸ

ਕਪੂਰਥਲਾ :

ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚੋਂ ਚੁੰਗੀ ਖਤਮ ਕਰ ਦਿੱਤੀ ਗਈ ਹੈ, ਪਰ ਨੰਗਲ ਲੁਬਾਣਾ ਦੀ ਨਵੀ ਬਣੀ  ਪੰਚਾਇਤ ਵਲੋਂ ਪਿੰਡ ਵਿੱਚ ਆ ਕੇ ਸਾਮਾਨ ਵੇਚਣ ਵਾਲੇ ਲੋੜਵੰਦ ਲੋਕਾਂ ’ਤੇ ਟੈਕਸ ਲਗਾ ਦਿੱਤਾ ਹੈ । ਇਸ ਦੇ ਤਹਿਤ ਪਿੰਡ ਵਿੱਚ ਦਾਖਿਲ ਹੋ ਕੇ ਸਮਾਨ ਵੇਚਣ ਵਾਲਿਆਂ ਦੀ ਪਰਚੀ ਕੱਟੀ ਜਾਂਦੀ ਹੈ । ਬਣਦੇ ਪੈਸੇ ਨਾ ਦੇਣ ‘ਤੇ ਜਾਂ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ ਜਾਂਦੀ ਹੈ । ਪੰਚਾਇਤ ਵੱਲੋਂ ਲਗਾਏ ਗਏ ਇਸ ਟੈਕਸ ਕਾਰਨ ਪਿੰਡ ਵਾਲੇ ਬਹੁਤ ਜਿਆਦਾ ਨਾਰਾਜ਼ ਹਨ । ਇਸ ਨਵੇਂ ਕਾਨੂੰਨ ਦੇ ਤਹਿਤ ਸਬਜ਼ੀ ਵੇਚਣ ਵਾਲੇ ਲੋਕਾਂ ਨੂੰ ਆਰਥਿਕ ਮਾਰ ਝੱਲਣੀ ਪੈ ਰਹੀ ਹੈ । ਜਿਸ ਕਾਰਨ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ’ਤੇ ਲਾਇਆ ਗਿਆ ਇਹ ਟੈਕਸ ਬੰਦ ਕੀਤਾ ਜਾਵੇ ।

ਇਸ ਸਬੰਧੀ ਜਦੋ ਨੰਗਲ ਲੁਬਾਣਾ ਦੇ ਪੰਚਾਇਤ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਗ੍ਰਾਂਟਾਂ ਸਰਕਾਰ ਵੱਲੋਂ ਮਿਲ ਰਹੀਆਂ ਹਨ ਉਨ੍ਹਾਂ ਗ੍ਰਾਂਟਾਂ ਨੂੰ ਸਬੰਧਿਤ ਕੰਮਾਂ ’ਤੇ ਹੀ ਖਰਚ ਕਰਨਗੇ । ਆਮਦਨ ਦੇ ਸਰੋਤ ਘੱਟ ਹੋਣ ਕਾਰਨ ਪਿੰਡ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ । 

ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਐਕਟ ਦੀ ਧਾਰਾ 88 ਅਧੀਨ ਇਹ ਟੈਕਸ ਲਗਾਇਆ ਜਾ ਸਕਦਾ ਹੈ । ਪੂਰੀ ਪੰਚਾਇਤ ਨੂੰ ਭਰੋਸੇ ਵਿੱਚ ਲੈ ਕੇ ਇਸ ਸਬੰਧੀ ਮਤਾ ਪਾਇਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਫੇਰੀ ਵਾਲਿਆਂ ਵੱਲੋਂ ਕੁੱਟ-ਮਾਰ ਦੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ , ਉਹ ਝੂਠੇ ਤੇ ਬੇਬੁਨਿਆਦ ਹਨ । ਇਸ ਸਬੰਧੀ ਜਦੋਂ ਡੀ.ਡੀ.ਪੀ.ਓ. ਕਪੂਰਥਲਾ ਹਰਜਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਅਜਿਹਾ ਟੈਕਸ ਲਗਾ ਸਕਦੀ ਹੈ । 

ਪੰਚਾਇਤ ਵੱਲੋਂ ਲਗਾਏ ਗਏ ਇਹ ਟੈਕਸ ਇਸ ਪ੍ਰਕਾਰ ਹਨ:ਸਾਈਕਲ ਜਾਂ ਰੇਹੜੇ ’ਤੇ ਸਬਜ਼ੀ ਵੇਚਣ ਵਾਲੇ ਕੋਲੋਂ 20 ਰੁਪਏ । 
ਗੱਡੀ ਵਾਲੇ ਤੋਂ 40 ਰੁਪਏ।
ਡੀ. ਜੇ. ਵਾਲੇ ਕੋਲੋਂ 100 ਰੁਪਏ ।
ਗਟਰ ਸਾਫ ਕਰਨ ਵਾਲੇ ਟੈਂਕਰ ਕੋਲੋਂ 50 ਰੁਪਏ ।
ਸੀਮੇਂਟ, ਖਾਦ, ਕਰੈਸ਼ਰ ਵਾਲੀ ਗੱਡੀ ਕੋਲੋਂ 50 ਰੁਪਏ ।
ਬਾਹਰ ਵਾਲੀ ਟਰਾਲੀ ਤੋਂ 20 ਰੁਪਏ ।
ਗਲੀ ਵਿੱਚ ਖੜ੍ਹੇ ਟਰੈਕਟਰ-ਟਰਾਲੀ ਕੋਲੋਂ ਬਾਕੀ ਪ੍ਰਤੀ ਦਿਨ 50 ਰੁਪਏ ।

.