ਜ਼ਮੀਨ ਹੇਠਾਂ ਅੱਗ ਲੱਗਣ ਅਤੇ ਉਥੋਂ ਧੂੰਆਂ ਉਠਦਾ ਵੇਖ ਆਸ ਪਾਸ ਦੇ ਪਿੰਡਾਂ 'ਚ ਮਚ ਗਈ ਹਫ਼ੜਾਤਫ਼ੜੀ

ਜ਼ਮੀਨ ਹੇਠਾਂ ਅੱਗ ਲੱਗਣ ਅਤੇ ਉਥੋਂ ਧੂੰਆਂ ਉਠਦਾ ਵੇਖ ਆਸ ਪਾਸ ਦੇ ਪਿੰਡਾਂ 'ਚ  ਮਚ ਗਈ ਹਫ਼ੜਾਤਫ਼ੜੀ

ਲਖੀਮਪੁਰ ਖ਼ੀਰੀ (ਉੱਤਰ ਪ੍ਰਦੇਸ਼) : 

 ਦਖਣ ਖ਼ੀਰੀ ਜੰਗਲਾਤ ਮਹਿਕਮੇ ਅਧੀਨ ਮੋਹਮਦੀ ਦੇ ਜੰਗਲਾਂ ਵਿਚ ਬੰਜਰ ਜ਼ਮੀਨ ਹੇਠਾਂ ਅੱਗ ਲੱਗਣ ਅਤੇ ਉਥੋਂ ਧੂੰਆਂ ਉਠਦਾ ਵੇਖ ਆਸ ਪਾਸ ਦੇ ਪਿੰਡਾਂ 'ਚ ਹਫ਼ੜਾਤਫ਼ੜੀ ਮਚ ਗਈ। ਬੇਲਾ ਪਹਾੜਾ ਅਤੇ ਮੁਦਾ ਗਾਲਿਬ ਪਿੰਡਾਂ ਦੇ ਲੋਕ ਹੈਰਾਨ ਹੋ ਗਏ ਕਿ ਜ਼ਮੀਨ ਦੀਆਂ ਤਰੇੜਾਂ 'ਚੋਂ ਧੂੰਆਂ ਕਿਵੇਂ ਨਿਕਲ ਰਿਹਾ ਹੈ। ਮੁਦਾ ਗਾਲਿਬ ਪਿੰਡ ਦੇ 72 ਸਾਲਾ ਹੁਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਦ੍ਰਿਸ਼ ਜ਼ਿੰਦਗੀ ਵਿਚ ਕਦੇ ਨਹੀਂ ਵੇਖਿਆ।

ਸਿੰਘ ਨੇ ਖ਼ਦਸ਼ਾ ਜਾਹਰ ਕੀਤਾ ਕਿ ਅੱਗ ਨਾਲ ਉਨ੍ਹਾਂ ਦੇ ਖੇਤਾਂ ਵਿਚ ਖੜੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਡਿੰਡ ਦੇ ਹੀ 75 ਸਾਲਾ ਭਾਈਲਾਲ ਨੇ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਦਸਿਆ। ਪਿੰਡ ਵਾਸੀਆਂ ਨੇ ਇਸ ਖ਼ਦਸ਼ੇ ਦੇ ਚਲਦਿਆਂ ਜੰਗਲਾਤ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਜਾਣਕਾਰੀ ਦਿਤੀ ਕਿ ਅੱਗ ਕਿਤੇ ਖੇਤਾਂ ਅਤੇ ਆਸ ਪਾਸ ਦੇ ਜੰਗਲਾਂ ਵਿਚ ਨਾ ਫ਼ੈਲ ਜਾਵੇ।

ਮੁਹੰਮਦੀ ਦੇ ਤਸੀਲਦਾਰ ਵਿਕਾਸ ਦੁੱਬੇ ਨੇ ਸਥਾਨਕ ਵਣ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਦੁੱਬੇ ਨੇ ਦਸਿਆ ਕਿ ਇਹ ਕੁਦਰਤੀ ਘਟਨਾ ਹੈ, ਜਿਸ ਵਿਚ ਜ਼ਮੀਨ ਦੇ ਹੇਠਾਂ ਮਿੱਟੀ ਦੀ ਪਰਤ ਨੂੰ ਅੱਗ ਲੱਗ ਜਾਂਦੀ ਹੈ। ਉਨ੍ਹਾਂ ਦਸਿਆ ਕਿ ਜਿਸ ਜ਼ਮੀਨ ਹੇਠਾਂ ਅੱਗ ਲਗੀ ਹੈ ਉਹ ਕਈ ਦਹਾਕਿਆਂ ਤੋਂ ਬੰਜਰ ਪਈ ਹੈ। ਇਸ ਜ਼ਮੀਨ 'ਤੇ ਸੁੱਕੇ ਪੱਤੇ, ਟਾਹਣੀਆਂ, ਹੋਰ ਜੰਗਲੀ ਬਚੇ-ਖੁਚੇ ਪਦਾਰਥ ਕਾਫ਼ੀ ਮਾਤਰਾ ਵਿਚ ਇਕੱਠੇ ਹਨ। ਇਸ ਨਾਲ ਜ਼ਮੀਨ ਦੇ ਹੇਠਾਂ ਖ਼ਾਦ-ਮਿੱਟੀ ਦੀ ਪਰਤ ਬਣ ਗਈ। ਇਸ ਨਾਲ ਅੱਗ ਲੱਗਣ ਕਾਰਨ ਜ਼ਮੀਨ ਦੇ ਹੇਠਾਂ ਤਰੇੜਾਂ ਵਿਚੋਂ ਧੂੰਆਂ ਉਠਦਾ ਦਿਖਾਈ ਦਿਤਾ ਹੈ।

ਜੰਗਲਾਤ ਮਹਿਕਮੇ ਦੇ ਅਧਿਕਾਰੀ ਸਮੀਰ ਕੁਮਾਰ ਨੇ ਵੀ ਇਸ ਨੂੰ ਕੁਦਰਤੀ ਘਟਨਾ ਕਰਾਰ ਦਿਤਾ ਅਤੇ ਦੁੱਬੇ ਵਾਂਗ ਹੀ ਤਰਕ ਦਿਤਾ ਕਿ ਜ਼ਮੀਨ ਦੇ ਹੇਠਾਂ ਖ਼ਾਦ-ਮਿੱਟੀ ਦੀ ਪਰਤ ਵਿਚ ਅੱਗ ਲੱਗੀ ਹੈ, ਜਿਸ ਕਾਰਨ ਜ਼ਮੀਨ ਵਿਚ ਪਈਆਂ ਤਰੇੜਾਂ ਵਿਚੋਂ ਧੂੰਆਂ ਉਠ ਰਿਹਾ ਹੈ। ਕੁਮਾਰ ਨੇ ਦਸਿਆ ਕਿ ਵਣ ਅਧਿਕਾਰੀਆਂ ਨੇ ਤਤਕਾਲ ਮੌਕੇ 'ਤੇ ਪਹੁੰਚ ਕੇ ਪੂਰੇ ਇਲਾਕੇ ਦੀ ਖੁਦਾਈ ਕਰਵਾਉਣ ਲਈ ਕਿਹਾ ਤਾਂਕਿ ਅੱਗ ਆਸ ਪਾਸ ਦੇ ਜੰਗਲਾਂ ਵਿਚ ਨਾ ਫ਼ੈਲ ਸਕੇ।