ਮੋਬਾਈਲ ਫ਼ੋਨ ਤੋਂ ਜ਼ਰਾ ਬਚ ਕੇ : ਡਾ ਹਰਸ਼ਿੰਦਰ ਕੌਰ

ਮੋਬਾਈਲ ਫ਼ੋਨ ਤੋਂ ਜ਼ਰਾ ਬਚ ਕੇ : ਡਾ  ਹਰਸ਼ਿੰਦਰ ਕੌਰ

ਜਦੋਂ ਵੀ ਕੋਈ ਨਵੀਂ ਕਾਢ ਕੱਢੀ ਜਾਂਦੀ ਹੈ ਤਾਂ ਪੈਸੇ ਵਾਲੀਆਂ ਵੱਡੀਆਂ ਕੰਪਨੀਆਂ ਉਸ ਕਾਢ ਕੱਢਣ ਵਾਲੇ ਦੀ ਕੀਮਤ ਤਾਰ ਕੇ ਆਮ ਬੰਦਿਆਂ ਵਿਚ ਉਸ ਨੂੰ ਪਹੁੰਚਦਾ ਕਰ ਖਰਬਾਂ ਰੁਪਏ ਕਮਾ ਲੈਂਦੀਆਂ ਹਨ। ਜਦੋਂ ਤਕ ਦੁਬਾਰਾ ਉਸੇ ਵਿਸ਼ੇ ਬਾਰੇ ਕੋਈ ਹੋਰ ਖੋਜ ਹੋਵੇ ਤੇ ਉਹ ਪਹਿਲੀ ਕਾਢ ਵਿਚ ਕੋਈ ਨੁਕਸ ਲੱਭ ਜਾਵੇ ਜਾਂ ਫੇਰ ਕੋਈ ਹੋਰ ਉਸ ਤੋਂ ਵੀ ਨਵੀਂ ਕਾਢ ਮਿਲ ਜਾਵੇ, ਉਦੋਂ ਤਕ ਉਨ੍ਹਾਂ ਕੰਪਨੀਆਂ ਦੇ ਮਾਲਕਾਂ ਦੀਆਂ ਅਗਲੀਆਂ ਆਉਣ ਵਾਲੀਆਂ ਦਸ ਪੁਸ਼ਤਾਂ ਜੋਗਾ ਪੈਸਾ ਇਕੱਠਾ ਹੋ ਚੁੱਕਿਆ ਹੁੰਦਾ ਹੈ।

ਫੇਰ ਦੁਬਾਰਾ ਉਹੀ ਚਕਰਵਿਊ ਸ਼ੁਰੂ ਹੋ ਜਾਂਦਾ ਹੈ।

ਮੋਬਾਈਲ ਫ਼ੋਨ ਦਾ ਤਹਿਲਕਾ ਮਚਾ ਲੈਣ ਬਾਅਦ ਹੁਣ ਜਦੋਂ ਕੂੜਾ ਚੁੱਕਣ ਅਤੇ ਭੀਖ ਮੰਗਣ ਵਾਲਿਆਂ ਤਕ ਦੇ ਹੱਥ ਮੋਬਾਈਲ ਫ਼ੋਨ ਪਹੁੰਚ ਚੁੱਕਿਆ ਹੈ ਤਾਂ ਹੁਣ ਉਸ ਦੇ ਮਾੜੇ ਅਸਰਾਂ ਦਾ ਕਿਤਾਬਚਾ ਖੋਲ੍ਹਿਆ ਗਿਆ ਹੈ। ਖੋਜਾਂ ਰਾਹੀਂ ਬਹੁਤ ਸਾਰੇ ਮਾੜੇ ਅਸਰ ਸਾਹਮਣੇ ਆ ਚੁੱਕੇ ਹਨ ਪਰ ਅਫ਼ਸੋਸ ਹੁਣ ਇਹ ਆਦਤ ਛੁੱਟਣ ਵਾਲੀ ਲੱਗਦੀ ਨਹੀਂ। ਫਿਰ ਵੀ ਮੈਂ ਉਨ੍ਹਾਂ ਸੱਜਣਾਂ ਲਈ ਇਹ ਲੇਖ ਲਿਖ ਰਹੀ ਹਾਂ ਜਿਹੜੇ ਆਪਣੀ ਸਿਹਤ ਪ੍ਰਤੀ ਚਿੰਤਤ ਰਹਿੰਦੇ ਹਨ ਤੇ ਬਾਕੀਆਂ ਨੂੰ ਵੀ ਸਿਹਤਮੰਦ ਵੇਖਣਾ ਚਾਹੁੰਦੇ ਹਨ।

 

ਵਾਸ਼ਿੰਗਟਨ ਵਿਖੇ ਯੇਲ ਸਕੂਲ ਆਫ ਮੈਡੀਸਨ ਵਿੱਚੋਂ ਹਿਊ ਐਸ.ਟੇਲਰ, ਜੋ ਰੀਪਰੋਡਕਟਿਵ ਐਂਡੋਕਰਾਈਨਾਲੋਜੀ ਤੇ ਇਨਫਰਟਿਲਿਟੀ ਵਿਭਾਗ ਦੇ ਪ੍ਰੋਫੈਸਰ ਹਨ, ਨੇ ਆਪਣੇ ਸਾਥੀ ਡਾਕਟਰਾਂ ਨਾਲ ਕੀਤੀ ਖੋਜ ਦੇ ਸਿੱਟੇ ਸਾਡੇ ਸਾਹਮਣੇ ਰੱਖ ਦਿੱਤੇ ਹਨ। ਉਨ੍ਹਾਂ ਨੇ ਗਰਭਵਤੀ ਚੂਹੀ ਕੋਲ ‘ਮਿਊਟ’ (ਯਾਨੀ ਆਵਾਜ਼ ਬੰਦ) ਕਰਕੇ ਮੋਬਾਈਲ ਫੋਨ ਉਸ ਦੇ ਬੰਦ ਪਿੰਜਰੇ ਉੱਤੇ ਰੱਖ ਦਿੱਤਾ।

ਉਹ ਮੋਬਾਈਲ ਫ਼ੋਨ ਆਮ ਵਾਂਗ ਚੱਲਣ ਦਿੱਤਾ ਗਿਆ ਜਿਸ ਉੱਤੇ ਟੈਲੀਫ਼ੋਨ ਕਾਲਾਂ ਆਉਂਦੀਆਂ ਰਹੀਆਂ, ਬਸ ਸਿਰਫ ਘੰਟੀ ਹੀ ਨਹੀਂ ਵੱਜੀ। ਜਰਨਲ ਆਫ ਸਾਇੰਟਿਫਿਕ ਰਿਪੋਰਟ ਨੇ ਉਨ੍ਹਾਂ ਦੀ ਖੋਜ ਛਾਪ ਕੇ ਦੱਸਿਆ ਹੈ ਕਿ ਜਦੋਂ ਅਜਿਹੀ ਚੂਹੀ ਦੇ ਬੱਚੇ ਜੰਮੇ ਤੇ ਫੇਰ ਜਵਾਨ ਹੋਏ ਤਾਂ ਉਨ੍ਹਾਂ ਦੇ ਦਿਮਾਗ਼ ਦੇ ਟੈਸਟ ਕੀਤੇ ਗਏ। ਦੂਜੇ ਨਾਰਮਲ ਚੂਹਿਆਂ ਨਾਲੋਂ ਇਹ ਚੂਹੇ ਜੋ ਮਾਂ ਦੇ ਢਿੱਡ ਦੇ ਅੰਦਰ ਉਨ੍ਹਾਂ ਮੋਬਾਈਲ ਫੋਨ ਦੀਆਂ ਰੇਡੀਓ ਕਿਰਨਾਂ ਦੇ ਅਸਰ ਹੇਠ ਆਏ ਸਨ, ਦੀ ਯਾਦ ਸ਼ਕਤੀ ਘੱਟ ਸੀ ਤੇ ਉਹ ਲੋੜ ਤੋਂ ਵੱਧ ਹਰਕਤਾਂ ਕਰ ਰਹੇ ਸਨ ਯਾਨੀ ਟਿਕ ਕੇ ਬਹਿ ਸਕਣ ਤੋਂ ਅਸਮਰਥ ਸਨ।

ਉਨ੍ਹਾਂ ਦੇ ਬਣਦੇ ਦਿਮਾਗ਼ ਵਿਚਲੇ ਨਿਊਰੌਨ ਸੈੱਲਾਂ ਉੱਤੇ ਜਦੋਂ ਮੋਬਾਈਲ ਫ਼ੋਨ ਵੱਜਣ ਅਤੇ ਖੋਜੀਆਂ ਵੱਲੋਂ ਉਸ ਨੂੰ ਸੁਣਨ ਕਾਰਨ ਰੇਡੀਓ ਕਿਰਨਾਂ ਪਈਆਂ ਤਾਂ ਉਨ੍ਹਾਂ ਵਿਚ ਸਦੀਵੀ ਨੁਕਸ ਪੈ ਗਿਆ। ਇਹ ਨੁਕਸ ਦਿਮਾਗ਼ ਦੇ ਅਗਲੇ ਸਿਰੇ ਯਾਨੀ, ਪਰੀਫਰੰਟਲ ਕੌਰਟੈਕਸ ਹਿੱਸੇ ਵਿਚ ਜ਼ਿਆਦਾ ਲੱਭਿਆ ਗਿਆ ਜਿਸ ਕਾਰਨ ਉਹ ਚੂਹੇ ਸਦਾ ਲਈ ਵਿਗੜੇ ਵਤੀਰੇ ਵਾਲੇ ਬਣ ਕੇ ਰਹਿ ਗਏ।

ਇਸ ਖੋਜ ਦੇ ਨਤੀਜਿਆਂ ਦੇ ਹੇਠਾਂ ਇਕ ਨੋਟ ਪਾਇਆ ਗਿਆ ਸੀ ਕਿ ਇਨਸਾਨੀ ਬੱਚੇ ਦੇ ਦਿਮਾਗ਼ ਦੀ ਬਣਤਰ ਵੀ ਇੰਨ-ਬਿੰਨ ਚੂਹੇ ਵਾਂਗ ਹੀ ਪੱਕੀ ਤੌਰ ਉੱਤੇ ਵਿਗੜ ਸਕਦੀ ਹੈ ਤੇ ਇਸ ਦੇ ਗਵਾਹ ਹਨ ਉਹ ਬੱਚੇ ਜਿਹੜੇ (1484) ਜਿਹੜੇ ਟਿਕ ਕੇ ਬਹਿ ਨਾ ਸਕਣ ਤੇ ਇਕਾਗਰਤਾ ਦੀ ਕਮੀ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਉਨ੍ਹਾਂ ਦੀਆਂ ਮਾਵਾਂ ਗਰਭਵਤੀ ਹੋਣ ਵੇਲੇ ਮੋਬਾਈਲ ਫ਼ੋਨ ਦੀ ਵਰਤੋਂ ਕਰਦੀਆਂ ਰਹੀਆਂ ਸਨ। ਇਸੇ ਲਈ ਗਰਭਵਤੀ ਔਰਤਾਂ ਲਈ ਇਹ ਇਕ ਚੇਤਾਵਨੀ ਗਿਣ ਲੈਣੀ ਚਾਹੀਦੀ ਹੈ ਕਿਉਂਕਿ ਅਜਿਹੇ ਬੱਚਿਆਂ ਦੀ ਭਰਮਾਰ ਸਾਹਮਣੇ ਆਉਣ ਲੱਗ ਪਈ ਹੈ।

ਇਸ ਤੋਂ ਇਲਾਵਾ ਜਿਹੜੇ ਹੋਰ ਮਾੜੇ ਅਸਰਾਂ ਦੀਆਂ ਲਿਸਟਾਂ ਵੱਖੋ ਵੱਖਰੇ ਦੇਸਾਂ ਦੀਆਂ ਖੋਜਾਂ ਵਿੱਚੋਂ ਸਾਹਮਣੇ ਆ ਰਹੀਆਂ ਹਨ, ਉਹ ਵੀ ਲਗਾਤਾਰ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ।

ਜਿਹੜੀਆਂ ਰੇਡੀਓ ਕਿਰਨਾਂ ਮੋਬਾਈਲ ਫ਼ੋਨ ਵਿੱਚੋਂ ਨਿਕਲਦੀਆਂ ਹਨ, ਉਹ ਮੋਬਾਈਲ ਦੇ ਕੰਨ ਨਾਲ ਲਗਦੇ ਸਾਰ ਕੰਨ ਅਤੇ ਉਸ ਦੇ ਚੁਫੇਰੇ ਦੇ ਹਿੱਸੇ ਨੂੰ ਗਰਮ ਕਰ ਦਿੰਦੀਆਂ ਹਨ ਤੇ ਇਹ ਗਰਮ ਕਿਰਨਾਂ ਦੋ ਵਾਟ ਪਾਵਰ ਦੀਆਂ ਹੁੰਦੀਆਂ ਹਨ। ਜਿੰਨੀ ਲੰਬੀ ਜਾਂ ਜ਼ਿਆਦਾ ਵਾਰ ਗੱਲਬਾਤ ਹੁੰਦੀ ਰਹੇ ਓਨੀ ਹੀ ਜ਼ਿਆਦਾ ਦੇਰ ਕੰਨ ਦੀ ਨਸ ਉੱਤੇ ਅਸਰ ਪੈਂਦਾ ਰਹਿੰਦਾ ਹੈ ਤੇ ਹੌਲੀ ਹੌਲੀ ਇਸ ਨਾਲ ਸੁਣਨ ਸ਼ਕਤੀ ਘਟ ਜਾਂਦੀ ਹੈ (ਸ਼ੲਨਸੋਰਨਿੲੁਰੳਲ ਦੲੳਡਨੲਸਸ)।

ਬੱਚਿਆਂ ਦੀਆਂ ਸਿਰ ਦੀਆਂ ਹੱਡੀਆਂ ਕੁਝ ਜ਼ਿਆਦਾ ਪਤਲੀਆਂ ਹੁੰਦੀਆਂ ਹਨ ਇਸ ਲਈ ਉਨ੍ਹਾਂ ਦੇ ਸਿਰ ਅੰਦਰਲੇ ਹਿੱਸਿਆਂ ਉੱਤੇ ਮਾੜਾ ਅਸਰ ਵੱਧ ਪੈਂਦਾ ਹੈ।

ਨਿੱਕੇ ਬੱਚੇ ਦੇ ਹੱਥ ਵਿਚ ਖਿਡੌਣੇ ਵਾਂਗ ਮੋਬਾਈਲ ਫ਼ੋਨ ਫੜਾਉਣ ਵਾਲੇ ਮਾਪਿਆਂ ਨੂੰ ਇਹ ਅੰਦਾਜ਼ਾ ਵੀ ਨਹੀਂ ਹੋਣਾ ਕਿ ਬੱਚੇ ਦੇ ਬਣਦੇ ਦਿਮਾਗ਼ ਉੱਤੇ ਇਨ੍ਹਾਂ ਰੇਡੀਓ ਕਿਰਨਾਂ ਦੇ ਅਸਰ ਹੇਠ ਉਨ੍ਹਾਂ ਦੇ ਡੀ.ਐਨ.ਏ. ਉੱਤੇ ਸਦੀਵੀ ਮਾੜਾ ਅਸਰ ਪੈ ਸਕਦਾ ਹੈ। ਇਸੇ ਲਈ ਹਰ ਪਾਸਿਓਂ ਖੋਜੀ ਡਾਕਟਰਾਂ ਵੱਲੋਂ ਇਹੀ ਸੁਨੇਹਾ ਭੇਜਿਆ ਜਾ ਰਿਹਾ ਹੈ ਕਿ 16 ਸਾਲ ਤੋਂ ਹੇਠਾਂ ਦੇ ਬੱਚਿਆਂ ਦੇ ਨੇੜੇ ਤੇੜੇ ਤਾਂ ਛੱਡੋ, ਕਮਰੇ ਵਿਚ ਵੀ ਮੋਬਾਈਲ ਫ਼ੋਨ ਨਹੀਂ ਹੋਣਾ ਚਾਹੀਦਾ!

ਬੱਚਿਆਂ ਦੇ ਦਿਮਾਗ਼ ਵੱਲ ਜਾਂਦੇ ਲਹੂ ਰਾਹੀਂ ਕੀਟਾਣੂਆਂ ਨੂੰ ਵੜਨ ਤੋਂ ਰੋਕਣ ਲਈ ਕੁਦਰਤ ਨੇ ਇਕ ਝਿੱਲੀ ਬਣਾਈ ਹੁੰਦੀ ਹੈ। ਇਹ ਵੀ ਕਿਆਸ ਲਾਇਆ ਜਾ ਰਿਹਾ ਹੈ ਕਿ ਮੋਬਾਈਲ ਦੀਆਂ ਰੇਡੀਓ ਕਿਰਨਾਂ ਉਸ ਝਿੱਲੀ ਨੂੰ ਵਿਗਾੜ ਦਿੰਦੀਆਂ ਹਨ ਤੇ ਕੀਟਾਣੂ ਦਿਮਾਗ਼ ਅੰਦਰ ਸੌਖਿਆਂ ਵੜ ਸਕਦੇ ਹਨ। ਖੋਜ ਇਹ ਵੀ ਦੱਸ ਰਹੀ ਹੈ ਕਿ ਇਕ ਵਾਰ ਦੇ ਫ਼ੋਨ ਸੁਣਨ ਨਾਲ ਨਿਕਲੀਆਂ ਰੇਡੀਓ ਕਿਰਨਾਂ ਬੱਚੇ ਦੇ ਦਿਮਾਗ਼ ਦੀ ਇਲੈਕਟ੍ਰਿਕ ਪ੍ਰਕਿਰਿਆ ਨੂੰ ਇਕ ਘੰਟੇ ਤਕ ਲਈ ਨਾਰਮਲ ਨਹੀਂ ਹੋਣ ਦਿੰਦੀ। ਜੇ ਇਹ ਲਗਾਤਾਰ ਚਾਲੂ ਰਹੇ ਤਾਂ ਕੋਈ ਨਿਆਣਾ ਵੀ ਸੌਖਿਆਂ ਅੰਦਾਜ਼ਾ ਲਾ ਸਕਦਾ ਹੈ ਕਿ ਕੀ ਕਹਿਰ ਢਹਿ ਸਕਦਾ ਹੈ। ਲਗਾਤਾਰ ਇਸ ਦੇ ਅਸਰ ਹੇਠ ਰਹਿ ਕੇ ਬੱਚੇ ਇਕਾਗਰਤਾ ਨਾਲ ਪੜ੍ਹ ਨਹੀਂ ਸਕਦੇ ਤੇ ਟਿਕ ਕੇ ਬਹਿ ਨਹੀਂ ਸਕਦੇ ਕਿਉਂਕਿ ਇਹ ਕਿਰਨਾਂ ਦਿਮਾਗ਼ ਦੇ ਕੁਝ ਸੈੱਲਾਂ ਨੂੰ ਸੇਕ ਨਾਲ ਖ਼ਤਮ ਵੀ ਕਰ ਦਿੰਦੀਆਂ ਹਨ ਤੇ ਕੁਝ ਸੈੱਲਾਂ ਦੇ ਨਾਰਮਲ ਕੰਮ-ਕਾਰ ਵਿਚ ਵੀ ਖ਼ਰਾਬੀ ਪੈਦਾ ਕਰ ਦਿੰਦੀਆਂ ਹਨ ਜਿਸ ਨਾਲ ਦਿਮਾਗ਼ ਵਿਚਲੇ ਸੁਨੇਹੇ ਵੀ ਉਲਟ ਪੁਲਟ ਹੋ ਸਕਦੇ ਹਨ।

ਵੱਡਿਆਂ ਵਿਚ ਵੀ ਨੀਂਦਰ ਘਟ ਆਉਣੀ ਜਾਂ ਢਹਿੰਦੀ ਕਲਾ ਉਨ੍ਹਾਂ ਵਿਚ ਵਧ ਵੇਖਣ ਵਿਚ ਮਿਲਦੀ ਹੈ ਜਿਹੜੇ ਜ਼ਿਆਦਾ ਸਮਾਂ ਮੋਬਾਈਲ ਦੀ ਵਰਤੋਂ ਕਰਦੇ ਰਹਿਣ।

ਕੁਝ ਬੀਮਾਰੀਆਂ ਦੇ ਪੱਕੇ ਸਬੂਤ ਹਾਲੇ ਤਕ ਨਹੀਂ ਮਿਲੇ ਪਰ ਖੋਜਾਂ ਇਧਰ ਹੀ ਇਸ਼ਾਰਾ ਕਰ ਰਹੀਆਂ ਹਨ ਕਿ ਹੋ ਸਕਦਾ ਹੈ ਜ਼ਿਆਦਾ ਮੋਬਾਈਲ ਫ਼ੋਨ ਦੀ ਵਰਤੋਂ ਨਾਲ ਸਿਰ ਅੰਦਰਲਾ ਕੈਂਸਰ ਵਧ ਹੋਣ ਲੱਗ ਪਿਆ ਹੈ।

ਕਈ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਦੇ ਦਿਮਾਗ਼ ਅੰਦਰ ਖਤਰਨਾਕ ਕਿਸਮ ਦਾ ਕੈਂਸਰ ਉਸੇ ਪਾਸੇ ਲੱਭਿਆ ਗਿਆ, ਜਿਸ ਪਾਸੇ ਲਗਾਤਾਰ ਉਹ ਮੋਬਾਈਲ ਫ਼ੋਨ ਵਰਤ ਰਹੇ ਸਨ। ਖੋਜੀ ਤਾਂ ਇਹ ਸਿੱਟਾ ਵੀ ਕੱਢੀ ਬੈਠੇ ਹਨ ਕਿ ਰੋਜ਼ ਦੀ ਇਕ ਘੰਟੇ ਦੀ ਮੋਬਾਈਲ ਦੀ ਵਰਤੋਂ ਨਾਲ 10 ਸਾਲ ਬਾਅਦ ਦਿਮਾਗ਼ ਦੇ ਕੈਂਸਰ ਹੋਣ ਦਾ ਖ਼ਤਰਾ ਕਈ ਗੁਣਾਂ ਵਧ ਜਾਏਗਾ ਤੇ ਅਗਲੇ ਆਉਣ ਵਾਲੇ ਸਮੇਂ ਵਿਚ ਧੜਾਧੜ ਮੌਤ ਦੇ ਮੂੰਹ ਵੱਲ ਜਾਂਦੇ ਲੋਕਾਂ ਦਾ ਢੇਰ ਲੱਗ ਜਾਣਾ ਹੈ।

ਹੋਰ ਤਾਂ ਹੋਰ, ਜਿਹੜੇ ਬੰਦੇ ਪੈਂਟ ਦੀ ਜੇਬ ਵਿਚ ਮੋਬਾਈਲ ਰੱਖ ਰਹੇ ਹੋਣ, ਉਨ੍ਹਾਂ ਵਿੱਚੋਂ ਬਹੁਤਿਆਂ ਦੇ ਸ਼ੁਕਰਾਣੂਆਂ ਦੀ ਗਿਣਤੀ ਵੀ ਘਟ ਚੁੱਕੀ ਹੋਵੇਗੀ ਜੋ ਚੈੱਕ ਕਰਵਾਈ ਜਾ ਸਕਦੀ ਹੈ ਕਿਉਂਕਿ ਇਸ ਪਾਸੇ ਵੀ ਖੋਜ ਇਸ਼ਾਰਾ ਕਰ ਰਹੀ ਹੈ।

ਜਿਹੜੇ ਵੀ ਲੋਕ ਚਿੰਤਤ ਹੋ ਚੁੱਕੇ ਹੋਣ, ਉਨ੍ਹਾਂ ਲਈ ਇਹ ਸਲਾਹ ਹੈ ਕਿ ਰੋਜ਼ ਦੇ ਮੋਬਾਈਲ ਫ਼ੋਨ ਆਉਂਦੇ ਤੇ ਕੀਤੇ ਗਏ ਗਿਣ ਲਵੋ ਤੇ ਵਰਤੋਂ ਦੇ ਘੰਟੇ ਵੀ ਅਤੇ ਹੁਣ ਚੈੱਕ ਕਰੋ ਕਿ ਕੀ ਤੁਹਾਡੇ ਸਰੀਰ ਉੱਤੇ ਇਸ ਦੇ ਕੋਈ ਮਾੜੇ ਅਸਰ ਪੈ ਚੁੱਕੇ ਹਨ ਜਾਂ ਨਹੀਂ। ਤਰੀਕਾ ਸੌਖਾ ਹੈ – ਤੁਹਾਡੇ ਕੰਨ ਕਿੰਨੇ ਕੁ ਗਰਮ ਹੋਣ ਲੱਗ ਪਏ ਹਨ? ਜ਼ਿਆਦਾ ਗੁੱਸਾ ਤਾਂ ਨਹੀਂ ਆਉਣ ਲੱਗ ਪਿਆ? ਛੇਤੀ ਚਿੜਚਿੜੇ ਤਾਂ ਨਹੀਂ ਹੋਣ ਲੱਗ ਪਏ? ਥਕਾਵਟ, ਸੁਸਤੀ, ਨਜ਼ਰ ਘਟਣੀ, ਵਾਲਾਂ ਦਾ ਝੜਨਾ, ਜੀਅ ਕੱਚਾ ਹੋਣਾ, ਨੀਂਦਰ ਠੀਕ ਨਾ ਆਉਣੀ, ਅਜੀਬ ਖ਼ਿਆਲ ਆਉਣੇ, ਹੱਥਾਂ ਜਾਂ ਬਾਹਵਾਂ ਵਿਚ ਝਣਝਣਾਹਟ, ਇਕ ਕੰਮ ਟਿਕ ਕੇ ਨਾ ਕਰ ਸਕਣਾ, ਧੜਕਣ ਦਾ ਇਕਦਮ ਵਧਣਾ, ਛੇਤੀ ਸੋਚ ਭਟਕ ਜਾਣੀ, ਆਦਿ ਦਸਦੇ ਹਨ ਕਿ ਤੁਹਾਡਾ ਸਰੀਰ ਰੇਡੀਓ ਕਿਰਨਾਂ ਦੇ ਅਸਰ ਹੇਠ ਆ ਚੁੱਕਿਆ ਹੈ।

ਜਿਹੜੇ ਵੀ ਮੇਰੇ ਪਾਠਕ ਮੋਬਾਈਲ ਫ਼ੋਨ ਦਾ ਇਸਤੇਮਾਲ ਘਟਾਉਣ ਨਾਲੋਂ ਜ਼ਿੰਦਗੀ ਘਟਾਉਣ ਨੂੰ ਤਰਜੀਹ ਦਿੰਦੇ ਹਨ, ਉਹ ਤਾਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਚਾਲੂ ਰੱਖਣ! ਜਿਹੜੇ ਫਿਕਰਮੰਦ ਹਨ, ਉਨ੍ਹਾਂ ਲਈ ਕੁਝ ਸਲਾਹਾਂ ਫ਼ਾਇਦੇਮੰਦ ਹੋ ਸਕਦੀਆਂ ਹਨ :

- 16 ਸਾਲ ਤੋਂ ਛੋਟੇ ਬੱਚੇ ਨੂੰ ਮੋਬਾਈਲ ਫੜਾਉਣਾ ਠੀਕ ਨਹੀਂ।

- ਗਰਭਵਤੀ ਔਰਤਾਂ ਇਸ ਦੀ ਵਰਤੋਂ ਜ਼ਿਆਦਾ ਨਾ ਕਰਨ।

- ਗੱਲ ਕਰਨ ਨਾਲੋਂ ‘ਮੈਸੇਜ’ ਨਾਲ ਸਾਰ ਲਵੋ ਤਾਂ ਬਿਹਤਰ ਹੈ।

- ਰਾਤ ਵੇਲੇ ਮੋਬਾਈਲ ਫੋਨ (ਸਵਿੱਚ ਆਫ) ਬੰਦ ਕਰ ਦਿਓ।

- ਬਲਿਊ ਟੁੱਥ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।

- ਘਰ ਦੇ ਲੈਂਡ ਲਾਈਨ ਵੀ ਵਰਤੋਂ ਵਧਾਓ।

- ਜੇਬ ਜਾਂ ਬੈਲਟ ਨਾਲ ਟੁੰਗ ਕੇ ਫ਼ੋਨ ਸੁਣਨ ਨਾਲੋਂ ਪਰ੍ਹਾਂ ਰੱਖ ਕੇ ਜਾਂ ਹੱਥ ਵਿਚ ਫੜ ਕੇ ਈਅਰ ਫ਼ੋਨ ਦੀ ਵਰਤੋਂ ਕਰੋ ਜਾਂ ਸਪੀਕਰ ’ਤੇ ਸੁਣ ਲਵੋ।

- ਰਿਹਾਇਸ਼ੀ ਇਲਾਕੇ ਨੇੜੇ ਮੋਬਾਈਲ ਟਾਵਰ ਲੱਗਣੇ ਠੀਕ ਨਹੀਂ ਹਨ।

- ਬੰਦ ਥਾਂ ਜਾਂ ਘਟ ਸਿਗਨਲ ਵਾਲੀ ਥਾਂ ਉੱਤੇ ਮੋਬਾਈਲ ਨੂੰ ਵੱਧ ਪਾਵਰ ਦੀ ਲੋੜ ਪੈਂਦੀ ਹੈ ਜੋ ਨੁਕਸਾਨਦੇਹ ਹੈ, ਸੋ ਖ਼ਰਾਬ ਕੁਨੈਕਸ਼ਨ ਵੇਲੇ ਕੰਨਾਂ ਉੱਤੇ ਤੇ ਦਿਮਾਗ਼ ਉੱਤੇ ਜ਼ੋਰ ਨਾ ਹੀ ਪਾਓ ਤਾਂ ਚੰਗਾ ਹੈ।

ਸੋ ਹੁਣ ਕੰਨਾਂ ਤੇ ਸਰੀਰ ਤੋਂ ਪਰ੍ਹਾਂ ਰਖੋ ਮੋਬਾਈਲ ਫ਼ੋਨ ਨੂੰ! ਕੁਝ ਕੁ ਫ਼ੋਨ ਕਰਨੇ ਘਟਾਉਣ ਨਾਲ ਅਤੇ ਇਹਤਿਆਤ ਵਰਤਣ ਨਾਲ ਜੇ ਸਿਹਤਮੰਦ ਰਿਹਾ ਜਾ ਸਕਦਾ ਹੈ ਤਾਂ ਕੀ ਹਰਜ਼ ਹੈ ਫ਼ੋਨ ਕਰਨੇ ਘਟਾਉਣ ਵਿਚ ?

ਫ਼ੋਨ ਕਰਨ ਤੋਂ ਬਚੇ ਸਮੇਂ ਦੌਰਾਨ ਆਪਣੇ ਟੱਬਰ ਨਾਲ ਤੇ ਸਾਥੀਆਂ ਨਾਲ ਬਹਿ ਕੇ ਕੁੱਝ ਹਲਕੀ ਫੁਲਕੀ ਗਲਬਾਤ ਕਰੋ ਤੇ ਮਨ ਦੀਆਂ ਗੁੰਝਲਾਂ ਖੋਲ੍ਹ ਲਵੋ ਤਾਂ ਕਿੰਨਾ ਚੰਗਾ ਹੋਵੇ।

ਡਾ. ਹਰਸ਼ਿੰਦਰ ਕੌਰ (0175-2216783)