''ਹਾਏ ਓ ਰੱਬਾ, ਮੈਂ ਕਿੱਧਰ ਜਾਵਾਂ। ਮੇਰਾ ਅਜੀਤ ਮਰ ਕੇ ਮੇਰੀ ਝੋਲੀ ਸੁੰਨੀ ਕਰ ਗਿਆ
Fri 28 Jun, 2019 0''ਹਾਏ ਓ ਰੱਬਾ, ਮੈਂ ਕਿੱਧਰ ਜਾਵਾਂ। ਮੇਰਾ ਅਜੀਤ ਮਰ ਕੇ ਮੇਰੀ ਝੋਲੀ ਸੁੰਨੀ ਕਰ ਗਿਆ। ਮੇਰਾ ਪੁੱਤ ਕਿਸ ਕਸੂਰ 'ਚ ਮਾਰਿਆ ਗਿਆ, ਇੰਨਾ ਤਾਂ ਦੱਸ ਦਿਓ ਪੁਲਿਸ ਵਾਲਿਓ।''
ਇਹ ਸ਼ਬਦ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਗੇਟ ਅੱਗੇ ਕੀਰਨੇ ਪਾਉਂਦੀ ਮਾਂ ਦੇ ਹਨ।
ਅਸਲ ਵਿੱਚ ਇਸ ਮਾਂ ਦਾ ਪੁੱਤ 19 ਸਾਲਾ ਅਜੀਤ ਬਾਬਾ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹੋਈ ਗੋਲੀਬਾਰੀ ਦੌਰਾਨ ਮਾਰਿਆ ਗਿਆ ਹੈ।
ਲੁਧਿਆਣਾ ਜੇਲ੍ਹ 'ਚ ਵਾਪਰੀ ਘਟਨਾ ਦੌਰਾਨ ਪੰਜਾਬ ਪੁਲਿਸ ਦੇ 7 ਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਏਸੀਪੀ ਸੰਦੀਪ ਵਧੇਰਾ ਵੀ ਸ਼ਾਮਲ ਹਨ।
ਏਸੀਪੀ ਤੇ ਬਾਕੀ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਲੁਧਿਆਣਾ ਦੇ ਇੱਕ ਨਿੱਜੀ ਅਤੇ ਦਇਆਨੰਦ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ।
ਜੇਲ੍ਹ ਅੰਦਰ ਲੜਾਈ ਕਿਉਂ ਹੋਈ
ਲੁਧਿਆਣਾ ਜੇਲ੍ਹ 'ਚ ਘਟਨਾ ਉਸ ਵੇਲੇ ਵਾਪਰੀ ਜਦੋਂ ਐਨਡੀਪੀਐਸ ਐਕਟ ਅਧੀਨ ਜੇਲ੍ਹ 'ਚ ਬੰਦ ਸਨੀ ਸੂਦ ਦੀ ਅਚਾਨਕ ਸਿਹਤ ਵਿਗੜ ਗਈ ਤੇ ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸਨੀ ਸੂਦ ਦੀ ਮੌਤ ਹੋ ਗਈ।
ਮੁੱਢਲੀ ਜਾਂਚ 'ਚ ਇਹ ਪਤਾ ਲੱਗਿਆ ਹੈ ਕਿ ਸਨੀ ਸੂਦ ਦੀ ਮੌਤ ਦੇ ਮੁੱਦੇ 'ਤੇ ਵੀਰਵਾਰ ਨੂੰ ਜੇਲ੍ਹ 'ਚ ਕੈਦੀਆਂ ਨੇ 11.30 ਵਜੇ ਦੇ ਕਰੀਬ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ।
ਜੇਲ੍ਹ ਪ੍ਰਸਾਸ਼ਨ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਅਸਲ ਵਿੱਚ ਜੇਲ੍ਹਾਂ 'ਚ ਬੰਦ ਗੈਂਗਸਟਰ ਤੇ ਨਸ਼ਾ ਵਿਰੋਧੀ ਕਾਨੂੰਨ ਐਨਡੀਪੀਐਸ ਐਕਟ ਤਹਿਤ ਬੰਦ ਵਿਚਾਰ-ਅਧੀਨ ਕੈਦੀ ਜਾਂ ਸਜ਼ਾ-ਯਾਫ਼ਤਾ ਕੈਦੀ ਜੇਲ੍ਹਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਬਣਨ ਲੱਗੇ ਹਨ।
ਇਹ ਵੀ ਪੜ੍ਹੋ:
ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ, ''ਇਸ ਵੇਲੇ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ 3100 ਦੇ ਕਰੀਬ ਕੈਦੀ ਤੇ ਵਿਚਾਰ-ਅਧੀਨ ਕੈਦੀ ਹਨ।
ਜੇਲ੍ਹ ਵਿੱਚ ਉਸਾਰੀ ਦਾ ਕੰਮ ਨਿਰਮਾਣ-ਅਧੀਨ ਹੋਣ ਕਾਰਨ ਉੱਥੇ ਇੱਟਾਂ-ਰੋੜ ਪਏ ਸਨ, ਜਿਨਾਂ ਨੂੰ ਹੁਲੱੜਬਾਜ਼ੀ ਕਰਨ ਵਾਲਿਆਂ ਨੇ ਜੇਲ੍ਹ 'ਚ ਤਾਇਨਾਤ ਪੁਲਿਸ ਵਾਲਿਆਂ 'ਤੇ ਸੁੱਟਣਾ ਸ਼ੁਰੁ ਕਰ ਦਿੱਤਾ।
ਕੈਦੀਆਂ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਕੁੱਝ ਲੋਕਾਂ ਨੇ ਜੇਲ੍ਹ 'ਚੋਂ ਭੱਜਣ ਦਾ ਯਤਨ ਕੀਤਾ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ।"
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, "ਮੁੱਢਲੀ ਜਾਂਚ 'ਚ ਇਹ ਤੱਥ ਵੀ ਉੱਭਰਿਆ ਹੈ ਕਿ ਭੰਨ-ਤੋੜ ਕਰਨ ਵਾਲਿਆਂ ਨੇ ਜੇਲ੍ਹ ਦੇ ਰਿਕਾਰਡ ਰੂਮ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।"
ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਸਬੰਧੀ ਮੈਜਿਸਟਰੇਟ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
Comments (0)
Facebook Comments (0)