ਰਹਿਨੁਮਾ---- ਰਣਜੀਤ ਕੌਰ ਗੁੱਡੀ ਤਰਨ ਤਾਰਨ
Mon 20 Jan, 2020 0ਇਹ ਕਥਾ ਪੁਰਾਣੀ ਨਹੀਂ ਹੈ ਬਲਕਿ ਇਹ ਹਰ ਪੰਜ ਸਾਲ ਬਾਦ ਫਿਰ ਤੋਂ ਤਰੋ ਤਾਜ਼ਾ ਹੋ ਜਾਂਦੀ ਹੈ,ਇਹ ਮਰਦੀ ਨਹੀਂ ਪੁਨਰ ਜੀਵੰਤ ਹੋ ਜਾਂਦੀ ਹੈ।
ਘਣੇ ਜੰਗਲ ਦੀ ਹਨੇਰੀ ਰਾਤ ਕਿਤੇ ਕਿਤੇ ਜੁਗਨੂ ਚਮਕਦੇ ਤੇ ਕੁਝ ਦਿਖਾਈ ਪੈ ਜਾਂਦਾ ਇਕ ਰੁੱਖ ਤੇ ਬਟਨ ਚਮਕਦੇ ਪਏ ਸਨ ਧਿਆਨ ਕੀਤਾ ਤਾਂ ਇਹ ਸ਼ਾਖ਼ ਤੇ ਉਲੂ ਤਾਕ ਲਾਈ ਬੈਠਾ ਸੀ ।ਦੋ ਖਰਗੋਸ਼ ਦੱਬੇ ਪੈਰੀਂ ਤੇਜ ਤੇਜ ਨਿਕਲ ਰਹੇ ਸਨ ਕਿ ਜਿਵੇਂ ਉਹਨਾਂ ਨੂੰ ਕੋਈ ਸ਼ਿਕਾਰੀ ਸੁੰਘ ਨਾਂ ਲਵੇ।ਉਲੂ ਨੇ ਉਹਨਾਂ ਨੂੰ ਵੇਖ ਲਿਆ ਸੀ ਤੇ ਉਸਨੇ ਉਹਨਾਂ ਨੂੰ ਆਵਾਜ਼ ਦਿੱਤੀ- ‘ਰੁਕੋ ਜਰਾ ਰੁਕੋ।
ਦੋਨਾਂ ਖਰਗੋਸ਼ਾਂ ਨੂੰ ਆਪਣੇ ਕੰਨਾਂ ਤੇ ਯਕੀਨਂ ਨਹੀਂ ਹੋ ਰਿਹਾ ਸੀ ਕਿ ਇੰਨੇ ਸੰਘਣੇ ਹਨੇਰੇ ਵਿੱਚ ਵੀ ਕੋਈ ਉਹਨਾਂ ਨੂੰ ਪਹਿਚਾਣ ਸਕਦਾ ਹੈ।
ਫਿਰ ਆਵਾਜ਼ ਆਈ ‘ਰੁਕੋ’-
ਦੋਹੇ ਖਰਗੋਸ਼ ਮਿਲ ਕੇ ਬੋਲੇ ‘ ਕੌਣ’
ਖਰਗੋਸ਼ ਭਰਾਵੋ ਜਰਾ ਠਹਿਰੋ ਤੇ ਮੇਰੀ ਗਲ ਸੁਣ ਕੇ ਚਲੇ ਜਾਣਾ-ਉਲੂ ਨੇ ਨਿਮਰਤਾ ਸਹਿਤ ਕਿਹਾ।
ਖਰਗੋਸ਼ ਡਰੇ ਤਾਂ ਪਰ ਹੋਸ਼ ਕਰ ਕੇ ਪੂਰੀ ਸਪੀਡ ਵਿੱਚ ਭੱਜ ਉਠੇ, ਤੇ ਜਾ ਕੇ ਆਪਣੇ ਸਾਰੇ ਸਾਥੀ ਪੰਛੀਆਂ ਤੇ ਜਾਨਵਰਾਂ ਨੂੰ ਦਸਿਆ ਕਿ ਜੰਗਲ ਵਿੱਚ ਉਲੂ ਹੀ ਇਕ ਚਲਾਕ ਤੇ ਬੁੱਧੀਮਾਨ ਜਾਨਵਰ ਹੈ ਜੋ ਕਾਲੀ ਹਨੇਰੀ ਰਾਤ ਵਿੱਚ ਵੀ ਪੂਰਾ ਵੇਖ ਸਕਦਾ ਹੈ।ਤੇ ਇਹ ਯਕੀਨਨ ਹੈ ਕਿ ਉਹ ਜੰਗਲ ਵਿੱਚ ਹੋਣ ਵਾਲੇ ਖਤਰਿਆਂ ਦਾ ਬੁੱਧੀ ਸਹਿਤ ਮੁਕਾਬਲਾ ਕਰ ਸਕਦਾ ਹੈ।ਤਦੇ ਹੀ ਤੇ ਉਹ ਆਪਣਾ ਕਾਮਯਾਬ ਨੇਤਾ ਸਾਬਤ ਹੋ ਸਕਦਾ ਹੈ।
ਲੂੰਮੜੀ ਖਰਗੋਸ਼ਾਂ ਦੀ ਗਲ ਸੁਣ ਅਚੰਬਿਤ ਹੋਈ ਕਿ ਉਸ ਤੋਂ ਵੱਧ ਵੀ ਕੋਈ ਚਲਾਕ ਹੋ ਸਕਦਾ ਹੈ,ਉਹ ਝਟ ਬੋਲੀ,’ਮੈਨੂੰ ਜਰਾ ਇਸ ਗਲ ਦੀ ਜਾਂਚ ਕਰ ਲੈਣ ਦਿਓ’।
ਅਗਲੀ ਰਾਤ ਲੂੰਮੜੀ ਉਸ ਰੁੱਖ ਕੋਲ ਪੁੱਜੀ ਜਿਦੀ੍ਹ ਸ਼ਾਖ਼ ਤੇ ਉਲੂ ਬੈਠਾ ਸੀ-ਤੇ ਉਸ ਨੇ ਉਲੂ ਦੀ ਨਜ਼ਰ ਪਰਖਣ ਲਈ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਲੂੰਮੜੀ ਉਲੂ ਨੂੰ-ਦੱਸ ਮੈਂ ਇਸ ਵਕਤ ਕਿੰਨੇ ਪੰਜੇ ਚੁੱਕ ਰੱਖੇ ਨੇ?
ਉਲੂ- ਇਕ
ਲੂੰਮੜੀ= ਠੀਕ ਅੱਛਾ ਇਹ ਦੱਸੋ,’ਅਰਥਾਤ ਦਾ ਅਰਥ ਕੀ ਹੁੰਦੈ?
ਉਲੂ-ਅਰਥਾਤ ਦਾ ਅਰਥ ਉਦਾਹਰਣ ਦੇਣਾ ਹੁੰਦਾ ਹੈ।
ਲੂੰਮੜੀ ਲਈ ਇਹ ਵੀ ਉੱਤਰ ਸਹੀ ਸੀ,ਉਹ ਨੱਸ ਪਈ ਆਪਣੇ ਸਾਥੀਆਂ ਵੱਲ,ਤੇ ਸਾਰਿਆਂ ਨੂੰ ਇਕੱਠੈ ਕਰ ਕੇ ਦਸਿਆ ਕਿ ਵਾਕਿਆ ਹੀ ਉਲੂ ਸੱਭ ਨਾਲੋਂ ਬਹੁਤ ਚਲਾਕ ਤੇ ਬੁਧੀਮਾਨ ਹੈ,ਕਿਉਂਕਿ ਉਹ ਹਨੇਰੇ ਵਿੱਚ ਵੇਖ ਸਕਦਾ ਹੈ ਤੇ ਔਖੇ ਸਵਾਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਕੀ ਉਹ ਦਿਨ ਦੀ ਰੌਸ਼ਨੀ ਵਿੱਚ ਵੀ ਵੇਖ ਸਕਦਾ ਹੈ?ਬੁੱਢੇ ਬਗਲੇ ਨੇ ਪੁੱਛਿਆ-
ਵੱਡੇ ਜੰਗਲੀ ਬਿੱਲੇ ਨੇ ਵੀ ਲੂੰਮੜੀ ਤੇ ਖਰਗੋਸ਼ਾਂ ਸਾਹਮਣੇ ਇਹੋ ਸਵਾਲ ਰੱਖਿਆ-
ਸਾਰੇ ਜਾਨਵਰ ਉਹਨਾਂ ਨੂੰ ਖਿੱੱਝ ਕੇ ਪੈ ਗਏ-ਇਹ ਸਵਾਲ ਮੂਰਖਤਾ ਭਰਿਆ ਹੈ।ਤੇ ਉੱਚੇ ਉੱਚੇ ਕਹਿਕਹੇ ਲਾਉਣ ਲਗੇ।ਜੰਗਲੀ ਵੱਡੇ ਬਿੱਲੇ ਤੇ ਬੁੱਢੇ ਬਗਲੇ ਨੂੰ ਇਕੱਠ ਵਿਚੋਂ ਬਾਹਰ ਕੱਢ ਦਿੱਤਾ ਗਿਆ।ਅਤੇ ਉਲੂ ਨੂੰ ਇਕਮੱਤ ਕਰਕੇ ਨਿਮਰਤਾ ਸਹਿਤ ਨਿਉਤਾ ਦਿੱਤਾ ਗਿਆ ਕਿ ਉਹ ਉਹਨਾਂ ਦਾ ਮੁਖੀ ਬਣ ਜਾਵੇ,ਕਿਉਂਜੋ ਉਹ ਉਹਨਾਂ ਸੱਭ ਤੋਂ ਬੁਧੀਮਾਨ ਹੈ।ਇਸ ਲਈ ਉਨ੍ਹਾ ਦੀ ਰਹਿਨੁਮਾਈ ਤੇ ਪੱਥ ਪ੍ਰਦਰਸ਼ਨ ਕਰਨ ਦਾ ਅਧਿਕਾਰ ਕੇਵਲ ਉਸਨੂੰ ਹੈ।
ਉਲੂ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ,ਉਸਨੇ ਝੱਟ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ।
ਸਾਰੇ ਪੰਛੀ ਤੇ ਜਾਨਵਰ ਇਕ ਜਲੂਸ ਦੇ ਰੂਪ ਵਿੱਚ ਬੜੀ ਸ਼ੋਭਾ ਨਾਲ ਉਸਨੂੰ ਲੈਣ ਗਏ,ਇਹ ਦੁਪਹਿਰ ਦਾ ਵਕਤ ਸੀ। ਚੁਫੇਰੇ ਸੂਰਜ ਪੂਰੇ ਜਲੌਅ ਵਿੱਚ ਸੀ,ਇੰਨੀ ਤੇਜ ਰੌਸ਼ਨੀ ਵਿੱਚ ਉਲੂ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ,ਤੇ ਉਹ ਟੋਹ ਟੋਹ ਕੇ ਕਦਮ ਰੱਖ ਰਿਹਾ ਸੀ,ਜਿਸ ਕਰਕੇ ਉਹਦੀ ਚਾਲ ਵੀ ਆਈ ਪੀ ਲਗ ਰਹੀ ਸੀ ਉਲੂ ਆਪਣੀ ਗੋਲ ਅੱਖਾਂ ਨੂੰ ਘੁੰਮਾ ਘੁੰਮਾ ਕੇ ਚੌੜਾ ਚੌੜਾ ਫੇਲਾਅ ਕੇ ਇਧਰ ਉਧਰ ਵੇਖਣ ਦਾ ਜਤਨ ਕਰ ਰਿਹਾ ਸੀ ਪੰਛੀ ਤੇ ਜਾਨਵਰ ਉਸਦੇ ਇਸ ਢੰਗ ਚਾਲ ਨੂੰ ਉਦ੍ਹੀ ਚੌਕਸ ਵਿਸ਼ੇਸ਼ਤਾ ਸਮਝ ਸਮਝ ਪ੍ਰਭਾਵਿਤ ਹੋ ਰਹੇ ਸਨ।
ਇਹ ਸਾਡਾ ਪੱਥ ਪ੍ਰਦਰਸ਼ਕ ਹੀ ਨਹੀਂ,ਰਹਿਨੁਮਾ ਹੋਣ ਦੇ ਨਾਲ ਸਾਡਾ ਨੇਤਾ ਵੀ ਹੈ।ਇਹ ਤਾਂ ਦੇਵਤਾ ਹੈ ਸਾਡਾ,ਇਕ ਮੁਰਗਾਬੀ ਨੇ ਉੱਚੀ ਦੇਣੇ ਸਾਰਿਆਂ ਨੂੰ ਸੁਣਾ ਕੇ ਕਿਹਾ।ਦੂਜੇ ਪੰਛੀਆਂ \ ਜਾਨਵਰਾਂ ਨੇ ਉਸਦੀ ਨਕਲ ਕੀਤੀ ਤੇ ਸਹਿਮਤੀ ਦੀ ਪ੍ਰਪਕਤਾ ਲਈ ‘ਨੇਤਾ ਜੀ.ਨੇਤਾ ਜੀ’ ਦੇ ਨਾਅ੍ਹਰੇ ਲਾਉਣ ਲਗੇ।
ਉਲੂ ਸੱਚਮੁੱਚ ਆਪਣੇ ਆਪ ਨੂੰ ਉਹਨਾਂ ਦਾ ਪੱਥ ਪ੍ਰਦਰਸ਼ਕ ਸਮਝਣ ਲਗਾ ਭਾਂਵੇ ਉਸਨੂੰ ਪੱਥ ਦਿਸ ਹੀ ਨਹੀਂ ਸੀ ਰਿਹਾ,ਉਹ ਟੋਹ ਟੋਹ ਕੇ ਅੱਗੇ ਵੱਧ ਰਿਹਾ ਸੀ ਤੇ ਬਾਕੀ ਸਾਰੇ,ਅਕਲ ਦੇ ਅੰਨ੍ਹੇ ਅੰਨ੍ਹੇਵਾਹ ਉਸਦੇ ਪਿਛੈ ਪਿਛੈ ਠੇਡੇ ਖਾਂਦੇ ਚਲ ਰਹੇ ਸਨ।ਤੇਜ ਰੌਸ਼ਨੀ ਕਰਕੇ ਉਲੂ ਦੀਆਂ ਅੱਖੀਆਂ ਕੁਝ ਵੇਖਣ ਦੇ ਕਾਬਲ ਤੇ ਸਨ ਨਹੀਂ,ਕਦੇ ਉਹ ਪੱਥਰਾਂ ਵਿੱਚ ਵੱਜਦਾ ਤੇ ਕਦੇ ਦਰੱਖਤਾਂ ਦੇ ਟਹਿਣਿਆਂ ਵਿੱਚ।ਉਸਦੇ ਚੇਲਿਆਂ ਦੀ ਵੀ ਇਹੋ ਦੁਰਦਸ਼ਾ ਸੀ।ਇਸ ਤਰਾਂ ਡਿੱਗਦੇ ਬੱਚਦੇ ਉਹ ਸਾਰੇ ਪੱਕੀ ਸੜਕ ਤੇ ਆਣ ਪਹੁੰਚੇ।ਉਲੂ ਸੜਕ ਦੇ ਅੇਨ ਵਿਚਕਾਰ ਚਲ ਰਿਹਾ ਸੀ ਤੇ ਬਾਕੀ ਸਾਰੇ ਉਸਦੇ ਪੈਰਾਂ ਪਿਛੇ।‘’ਗਰੁੜ’ ਜੋ ਭੀੜ ਦੇ ਨਾਲ ਨਾਲ ਚਲ ਰਿਹਾ ਸੀ ਚਿਲਾਇਆ ਕਿ ਸੜਕ ਤੇ ਇਕ ਟਰੱਕ ਬਹੁਤ ਤੇਜ ਸਪੀਡ ਵਿੱਚ ਆ ਰਹਾ ਹੈ ,ਸਾਰੇ ਸੜਕ ਤੋਂ ਹੇਠਾਂ ਹੋ ਜਾਓ।ਕਿਸੇ ਧਿਆਨ ਨਾਂ ਦਿੱਤਾ ਤਾਂ ਉਸ ਲੂੰਮੜੀ ( ਜੋ ਨੇਤਾ ਜੀ ਦੀ ਮੁੱਖ ਸਕੱਤਰ ਦੇ ਰੂਪ ਵਿੱਚ ਡਿਉਟੀ ਦੇ ਰਹੀ ਸੀ ) ਦੇ ਕੰਨ ਵਿੱਚ ਜਾ ਖਤਰੇ ਤੋਂ ਆਗਾਹ ਕੀਤਾ।
ਦੇਵਤਾ ਜੀ ਓ ਦੇਵਤਾ ਜੀ ਅੱਗੇ ਖਤਰਾ ਹੈ-ਲੂੰਮੜੀ ਨੇ ਬੜੇ ਆਦਰ\ਸਤਿਕਾਰ ਸਹਿਤ ਉਲੂ ਨੇਤਾ ਜੀ ਦੇ ਚਰਨਾਂ ਚ ਬੇਨਤੀ ਕੀਤੀ।
ਚੰਗਾ- ਉਲੂ ਨੇ ਬੇਧਿਆਨੀ ਤੇ ਲਾਪ੍ਰਵਾਹੀ ਚ ਉਤਰ ਮੋੜਿਆ।
ਐ ਦੇਵਤਾ ਕੀ ਤੁਹਾਨੂੰ ਆਉਣ ਵਾਲੇ ਜਾਨ ਲੇਵਾ ਖਤਰੇ ਤੋਂ ਡਰ ਨਹੀਂ ਲਗਦਾ?
ਖਤਰਾ- ਕਿਹੜਾ ਖਤਰਾ ਕਿਥੇ ਖਤਰਾ-ਮੈਨੂੰ ਤੇ ਦਿਸਦਾ ਨਹੀਂ,ਉਲੂ ਬਹਾਦਰ ਹੋਣ ਦੀ ਚਲਾਕੀ ਵਿਖਾ ਰਹਾ ਸੀ ਤੇ ਆਪਣੀ ਨਾਬੀ੍ਹਨੀ ਛੁਪਾ ਰਹਾ ਸੀ।ਲੂੰਮੜੀ ਜੋਰ ਜੋਰ ਦੀ ਬੋਲਣ ਲਗੀ ਤੇ ਉਤੇ ੳੁੱਡਦਾ ਗਰੁੜ ਵੀ ਸਾਥੀਆਂ ਨੂੰ ਰੱੇਡ ਅਲਰਟ ਕਰ ਰਿਹਾ ਸੀ। ਟਰੱਕ ਨੇੜੈ ਨੇੜੇ ਆ ਰਿਹਾ ਸੀ,ਪਰ ਉਲੂ ਸਾਹਬ ਆਪਣੀ ਨੇਤਾਗਰੀ ਦੀ ਟੋਹਰ ਵਿੱਚ ਆਕੜ ਆਕੜ ਚਲ ਰਹੇ ਸਨ ਤੇ ਬਾਕੀ ਚੇਲੇ ਬਾਲਕੇ ਉਹਦੇ ਪਦ-ਚਿਨ੍ਹਾ ਤੇ ਆਪਣੀ ਚਾਲ ਚਲ ਚਲ ਰਹੇ ਸਨ।ਨਾਲ ਨਾਲ ਨਾਅ੍ਹਰੇ ਮਾਰ ਰਹੇ ਸਨ ਸਾਡਾ ਨੇਤਾ ਚਲਾਕ ਬੁਧੀਮਾਨ ਤੇ ਬਹਾਦਰ ਹੈ।ਲੂੰਮੜੀ ਨੂੰ ਮੌਤ ਨੇੜੇ ਦਿਸ ਗਈ ਤੇ ਉਹ ਚਲਾਕੀ ਨਾਲ ਪਾਸੇ ਤੋਂ ਖਿਸਕ ਸੜਕ ਤੋਂ ਹੇਠਾਂ ਦੌੜ ਗਈ।
ਤੇ ਟਰੱਕ ਬਾਕੀਆਂ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ।------------
ਪੂਰੇ ਦਿਨ ਦੇ ਅੰਨ੍ਹੇ ਉਲੂ ਮਹਾਨ ਨੇਤਾ ਦੀ ਬੁੱਧੀਮਤਾ ਦੇ ਨਿਹਾਲੇ ਮੂਰਖ ਚੇਲੇ ਬਾਲਕਿਆਂ ਦੇ ਜਿਸਮਾਂ ਦੇ ਪਰਸ਼ੇ ਇਧਰ ਉਧਰ ਖਿਲਰੇ ਵੇਖਣ ਵਾਲਿਆਂ ਨੂੰ ਰੁਆ ਰਹੇ ਸਨ।
( ਇਹ ਅਮਰੀਕੀ ਕਹਾਣੀ ਦਾ ਅਨੁਵਾਦ ਮੈਂ ਕਿਤੇ ਪੜ੍ਹਿਆ ਸੀ )
“ ਹਰ ਸ਼ਾਖ਼ ਪੇ ਉਲੂ ਬੈਠਾ ਹੈ ਅੰਜਾਮ-ਏ ਗੁਲਸਤਾਂ ਕਿਆ ਹੋਗਾ
ਨਾਂ ਜੀ ਨਾਂ ਅੰਜਾਮ ਏ ਹਿੰਦੁਸਤਾਂ ਕਿਆ ਹੋਗਾ ?॥
ਬਾਬੇ ਨਾਨਕ ਆਖਿਆ ਸੀ “ ਅੰਧੀ ਰਈਅਤ ਗਿਆਨ ਵਿਹੂਣੀ…….----
ਰਣਜੀਤ ਕੌਰ ਗੁੱਡੀ ਤਰਨ ਤਾਰਨ
Comments (0)
Facebook Comments (0)