ਹੜਤਾਲ ਕਾਰਨ ਭਿੱਖੀਵਿੰਡ ਤਹਿਸੀਲ਼ ਦਾ ਕੰਮਕਾਜ ਠੱਪ

ਹੜਤਾਲ ਕਾਰਨ ਭਿੱਖੀਵਿੰਡ ਤਹਿਸੀਲ਼ ਦਾ ਕੰਮਕਾਜ ਠੱਪ

ਭਿੱਖੀਵਿੰਡ 21 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ
ਐਸੋਸੀਏਸ਼ਨ ਦੇ ਸੱਦੇ ‘ਤੇ ਮਾਲ ਵਿਭਾਗ ਦੇ ਦਫਤਰਾਂ ਵਿਚ ਤੈਨਾਤ ਕਲਰਕਾਂ ਵੱਲੋਂ ਆਪਣੀਆਂ
ਮੰਗਾਂ ਲਈ ਬੀਤੇ ਕੁਝ ਦਿਨਾਂ ਤੋਂ ਹੜਤਾਲ ਕਰਕੇ ਦਫਤਰਾਂ ਦਾ ਕੰਮਕਾਜ ਠੱਪ ਕੀਤਾ ਗਿਆ
ਹੈ, ਜਿਸ ਕਾਰਨ ਡੀ.ਸੀ ਦਫਤਰ, ਤਹਿਸੀਲ, ਸਬ ਤਹਿਸੀਲ਼ ਆਦਿ ਦਫਤਰਾਂ ਵਿਖੇ ਕੰਮ ਕਰਵਾਉਣ
ਆਉਦੇਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲ ਨਾਲ
ਭਿੱਖੀਵਿੰਡ ਤਹਿਸੀਲ ਦਫਤਰ ਬੰਦ ਹੋਣ ਕਾਰਨ ਲੋਕਾਂ ਨੂੰ ਬਿਨ੍ਹਾ ਕੰਮ ਕਰਵਾਏ ਵਾਪਸ
ਮੁੜਣਾ ਪੈ ਰਿਹਾ ਹੈ, ਉਥੇ ਪ੍ਰਾਈਵੇਟ ਟਾਈਪਿਸਟ, ਰਜਿਸਟਰੀਆਂ ਵਾਲੇ ਦੁਕਾਨਦਾਰ ਵੀ
ਵਿਹਲੇ ਬੈਠੇ ਹੜਤਾਲ ਦੇ ਖਤਮ ਹੋਣ ਦਾ ਇੰਤਜਾਰ ਕਰ ਰਹੇ ਹਨ। ਪੰਜਾਬ ਸਟੇਟ ਮਨਿਸਟੀਰੀਅਲ
ਸਰਵਸਿਜ ਐਸੋਸੀਏਸ਼ਨ ਦੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਪਣੀਆਂ
ਮੰਗਾਂ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਪੰਜਾਬ ਸਰਕਾਰ ਸਾਡੀਆਂ ਜਨਵਰੀ 2017 ਤੋਂ
ਡੀ.ਏ. ਦੀਆਂ ਚਾਰ ਕਿਸ਼ਤਾਂ ਨਹੀ ਜਾਰੀ ਕੀਤੀਆਂ ਜਾ ਰਹੀਆਂ, ਪੁਰਾਣੀ ਪੈਨਸ਼ਨ ਸਕੀਮ
ਦੁਬਾਰਾ ਚਾਲੂ ਕਰਨ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਵਿਕਾਸ ਟੈਕਸ 200 ਰੁਪਏ ਵਾਪਸ
ਲੈਣ ਆਦਿ ਮੰਗਾਂ ਲਾਗੂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ
ਸਾਡੀਆਂ ਹੱਕੀ ਮੰਗਾਂ ਨਹੀ ਮੰਨਦੀ, ਉਦੋਂ ਤੱਕ ਸਾਡਾ ਸ਼ੰਘਰਸ਼ ਜਾਰੀ ਰਹੇਗਾ।
ਹੜਤਾਲ ਸੰਬੰਧੀ ਜਦੋਂ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ
ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਮੈਂ ਨਵੀਂ ਦਿੱਲੀ ਵਿਖੇ ਹੋਣ ਕਾਰਨ ਗੱਲ
ਨਹੀ ਕਰ ਸਕਦਾ, ਤੁਸੀਂ ਏ.ਡੀ.ਸੀ ਨਾਲ ਗੱਲ ਕਰੋ। ਭਿੱਖੀਵਿੰਡ ਵਿਖੇ ਤੈਨਾਤ ਨਾਇਬ
ਤਹਿਸੀਲਦਾਰ ਅਸ਼ੋਕ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨਾਲ ਸੰਪਰਕ ਨਹੀ ਹੋ
ਸਕਿਆ।