ਦਿੱਲੀ ਸਰਕਾਰ ਵੱਲੋਂ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਟ੍ਰੇਨ ਦਾ ਅੰਮ੍ਰਿਤਸਰ ਵਿੱਖੇ ਕੀਤਾ ਗਿਆ ਸਵਾਗਤ

ਦਿੱਲੀ ਸਰਕਾਰ ਵੱਲੋਂ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਟ੍ਰੇਨ ਦਾ ਅੰਮ੍ਰਿਤਸਰ ਵਿੱਖੇ ਕੀਤਾ ਗਿਆ ਸਵਾਗਤ

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ) ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਲੋਂ ਬਜ਼ੁਰਗਾਂ ਲਈ ਸ਼ੁਰੂ ਕੀਤੀ ਗਈ ਮੁਫ਼ਤ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਟ੍ਰੇਨ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੀ। ਇਸ ਟ੍ਰੇਨ ਨੂੰ ਬੀਤੇ ਦਿਨ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਰਵਾਨਾ ਕੀਤਾ ਸੀ। ਅੰਮ੍ਰਿਤਸਰ ਪਹੁੰਚਨ ਤੇ ਇਸ ਟ੍ਰੇਨ ਦਾ ਸਵਾਗਤ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ,ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ,ਕੋ ਪ੍ਰਧਾਨ ਰਜਿੰਦਰ ਪਲਾਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਵਲੰਟੀਅਰਾਂ ਨੇ ਕੀਤਾ। ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦਾ ਧਿਆਨ ਰੱਖਦੀ ਹੈ। ਉਹਨਾਂ ਕਿਹਾ ਕਿ ਇਸ ਟ੍ਰੇਨ ਵਿੱਚ ਆਏ ਸਾਰੇ ਯਾਤਰੀਆਂ ਦਾ ਰਹਿਣ ਖਾਣ ਅਤੇ ਆਉਣ ਦਾ ਪ੍ਰਬੰਧ ਦਿੱਲੀ ਸਰਕਾਰ ਵਲੋਂ ਆਪਣੇ ਖ਼ਰਚੇ ਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਟ੍ਰੇਨ 15 ਤਰੀਕ ਨੂੰ ਇਹਨਾਂ ਯਾਤਰੀਆਂ ਨੂੰ ਲੈਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗੀ।ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਵਲੋਂ ਇਹ ਬਹੁਤ ਵਧਿਆ ਉਪਰਾਲਾ ਕੀਤਾ ਗਿਆ ਹੈ। ਇਸ ਪਹਿਲੀ ਟ੍ਰੇਨ ਵਿੱਚ ਦਿੱਲੀ ਸਰਕਾਰ ਦੇ ਦੋ ਵਿਧਾਇਕ ਵੀ ਯਾਤਰੀਆਂ ਦੇ ਨਾਲ ਆਏ ਹਨ। ਧਾਲੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਦਿੱਲੀ ਤੋਂ ਵੈਸ਼ਨੋ ਦੇਵੀ ਦੀ ਯਤਰਾ ਲਈ ਟ੍ਰੇਨ ਜਾਵੇਗੀ। ਇਸ ਮੌਕੇ ਟ੍ਰੇਨ ਵਿਚ ਆਏ ਯਾਤਰੀ ਵੀ ਦਿੱਲੀ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਦਿਖਾਈ ਦਿੱਤੇ। ਇਸ ਮੌਕੇ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ, ਹਰਭਜਨ ਸਿੰਘ ਈ ਟੀ ਓ,ਡਾ ਇੰਦਰਪਾਲ,ਸਰਬਜੋਤ ਸਿੰਘ,ਯੂਥ ਪ੍ਰਧਾਨ ਵੇਦ ਪ੍ਰਕਾਸ਼ ਬਬਲੂ,ਪਦਮ ਐਂਥਨੀ,ਅਨਿਲ ਮਹਾਜਨ,ਵਿਪਿਨ ਕੁਮਾਰ,ਸੋਹਣ ਸਿੰਘ ਨਾਗੀ,ਨਰਿੰਦਰ ਮਰਵਾਹਾ,ਅਜੈ ਨੋਈਲ ਮਸੀਹ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਿਰ ਸਨ।