ਸ਼੍ਰੀ ਅਨੰਦਪੁਰ ਸਾਹਿਬ ਵਿਖੇ ਛੇਤੀ ਹੀ ਇਕ ਤਿੰਨ ਦਿਨਾਂ ਪੰਥਕ ਇਕੱਠ ਕਰਵਾਇਆ ਜਾਵੇਗਾ: ਸ਼੍ਰੋਮਣੀ ਅਕਾਲੀ ਦਲ ਟਕਸਾਲੀ
Tue 16 Jul, 2019 0ਐਸ.ਏ.ਐਸ. ਨਗਰ :
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਮੋਹਾਲੀ ਵਿਖੇ ਹੋਈ। ਇਹ ਮੀਟਿੰਗ 'ਚ ਜਥੇਦਾਰ ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ ਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਸ਼ਾਮਲ ਹੋਏ ਜਿਸ 'ਚ ਪੰਜਾਬ ਦੇ ਮੌਜੂਦਾ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਤੇ ਕਈ ਅਹਿਮ ਫ਼ੈਸਲੇ ਲਏ ਗਏ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਪੰਥ ਦੋਖੀ ਬਾਦਲ ਦਲ ਤੇ ਕਾਂਗਰਸ ਨਾਲ ਸਟੇਜ ਸਾਂਝੀ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤੇ ਇਹ ਸ਼ਤਾਬਦੀ ਸਮਾਰੋਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਪੰਥ ਦਰਦੀ ਹੋਰ ਪਾਰਟੀਆਂ ਤੇ ਪੰਥਕ ਜਥੇਬੰਦੀਆਂ ਨਾਲ ਵਿਚਾਰ ਕਰ ਕੇ ਵੱਖਰੇ ਤੌਰ 'ਤੇ ਇਕਠਿਆਂ ਮਨਾਉਣ ਦਾ ਫੈਸਲਾ ਲਿਆ ਗਿਆ।
ਦੂਜਾ ਇਹ ਫ਼ੈਸਲਾ ਕੀਤਾ ਗਿਆ ਕਿ ਕੌਮ ਤੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਅਧਾਰਿਤ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ 'ਤੇ ਵਿਚਾਰ ਚਰਚਾ ਤੇ ਸੋਧ ਕਰਨ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਛੇਤੀ ਹੀ ਇਕ ਤਿੰਨ ਦਿਨਾਂ ਪੰਥਕ ਇਕੱਠ ਕਰਵਾਇਆ ਜਾਵੇਗਾ ਜਿਸ 'ਚ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਸਿੱਖ ਇੰਟਲੈਕਚੁਅਲ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤਿੰਨ ਦਿਨਾਂ ਕਾਨਫਰੰਸ ਵਿਚ 1973 ਅਤੇ 1978 ਵਾਲੇ ਸ਼੍ਰੀ ਅਨੰਦਪੁਰ ਸਾਹਿਬ ਮਤਿਆਂ ਤੇ ਚਰਚਾ ਕੀਤੀ ਜਾਵੇਗੀ ਅਤੇ ਸਭਨਾਂ ਦੀ ਪ੍ਰਵਾਨਗੀ ਨਾਲ ਹੋ ਸਕਣ ਵਾਲੀਆਂ ਸੋਧਾਂ ਤੇ ਵਾਧੇ ਕਰਕੇ ਨਵਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਖਾਲਸਾ ਪੰਥ ਅੱਗੇ ਪੇਸ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਿਚ ਸ਼ਾਮਿਲ ਡੇਰਾ ਪ੍ਰੇਮੀਆਂ ਦੀ ਸੀ.ਬੀ.ਆਈ ਵਲੋਂ ਕੋਰਟ ਵਿੱਚ ਕਲੋਜ਼ਰ ਰਿਪੋਰਟ ਨੂੰ ਬੰਦ ਕਰਨ ਦੀ ਕੀਤੀ ਸ਼ਿਫ਼ਾਰਸ ਤੇ ਕਿਹਾ ਕਿ ਹਰਿਆਣੇ ਵਿੱਚ ਆ ਰਹੀਆਂ ਵਿਧਾਨ ਸਭਾ ਚੌਣਾਂ ਵਿਚ ਮੱਦਦ ਲੈਣ ਦੀ ਬੀ.ਜੇ.ਪੀ ਅਤੇ ਬਾਦਲ ਦਲ ਨੇ ਸੌਦਾ ਸਾਧ ਨੂੰ ਖੁਸ਼ ਕਰਨ ਲਈ ਮੋਹਾਲੀ ਦੀ ਅਦਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰਵਾਈ ਹੈ। ਇਸ ਤੋਂ ਪਹਿਲਾਂ ਵੀ ਉਹ ਸੌਦਾ ਸਾਧ ਨੂੰ ਪਰੋਲ ਦੇਣਾ ਚਾਹੁੰਦੇ ਸਨ ਜੋਕਿ ਲੋਕਾਂ ਦੇ ਰੋਹ ਕਾਰਨ ਸਿਰੇ ਨਾ ਚੜ੍ਹ ਸਕਿਆ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਹਾ ਕਿ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀ ਤਾਂ ਦੇਸ਼ ਦਾ ਪੇਟ ਭਰਨ ਲਈ ਜ਼ਮੀਨੀ ਪਾਣੀ ਵੀ ਗਵਾ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਾਹਿਬ ਸਿੰਘ ਬਡਾਲੀ , ਜਗਰੂਪ ਸਿੰਘ ਸੇਖਵਾਂ, ਬਾਬਾ ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਇਕਬਾਲ ਸਿੰਘ, ਜਗਤਾਰ ਸਿੰਘ ਘੜੂੰਆ, ਗੁਰਸ਼ੇਰ ਸਿੰਘ ਬਾਦਲ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)