ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ

ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ

ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹਥਾੜ ਇਲਾਕੇ 'ਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਅਤੇ ਅੱਜ ਸਵੇਰੇ ਹਰੀਕੇ ਹੈੱਡ ਵਰਕਸ 'ਚ 54,000 ਕਿਊਸਿਕ, ਰਾਜਸਥਾਨ ਫੀਡਰ ਨੂੰ 11,000 ਕਿਊਸਿਕ ਪਾਣੀ ਅਤੇ ਫ਼ਿਰੋਜ਼ਪੁਰ ਫੀਡਰ ਨੂੰ 9432 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਡਾਊਨ ਸਟਰੀਮ ਨੂੰ ਛੱਡੇ ਜਾ ਰਹੇ ਪਾਣੀ ਕਾਰਨ ਹਥਾੜ ਇਲਾਕੇ ਦੀਆਂ ਫ਼ਸਲਾਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਕਿਸਾਨ ਵੱਡੀ ਚਿੰਤਾ 'ਚ ਡੁੱਬ ਗਏ ਹਨ। ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਵਿਭਾਗ ਦੇ ਐੱਸ. ਡੀ. ਓ. ਮੁਕੇਸ਼ ਗੋਇਲ ਨੇ ਦੱਸਿਆ ਕਿ ਰੋਪੜ ਹੈੱਡ ਵਰਕਸ ਤੋਂ 1 ਲੱਖ, 80 ਹਜ਼ਾਰ ਕਿਊਸਿਕ ਪਾਣੀ ਰਿਲੀਜ਼ ਕੀਤਾ ਗਿਆ ਹੈ, ਜਿਹੜਾ ਕਿ 20 ਅਗਸਤ ਤੱਕ ਹਰੀਕੇ ਹੈੱਡ ਵਰਕਸ 'ਚ ਪਹੁੰਚੇਗਾ, ਜਿਸ ਨਾਲ ਹਥਾੜ ਇਲਾਕੇ ਦੇ ਲੋਕਾਂ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।