ਵੱਖ ਹੋਏ ਸੀਨੀਅਰ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ

ਵੱਖ ਹੋਏ ਸੀਨੀਅਰ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਕੀਤਾ ਐਲਾਨ

ਅੰਮ੍ਰਿਤਸਰ, 15 ਦਸੰਬਰ: ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੀਨੀਅਰ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਆਦਿ ਨੇ ਅੱਜ ਇਥੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗੀ। ਇਸ ਦੌਰਾਨ ਪਾਰਟੀ ਦੀ ਸ਼ੁਰੂਆਤ ਲਈ 16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ ਜਿਸ ਵਿਚ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।
ਟਕਸਾਲੀ ਆਗੂ ਅੱਜ ਇਥੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਤੇ ਨਿਰਾਸ਼ ਆਗੂਆਂ ਤੇ ਕਾਰਕੁਨਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਪੁੱਜੇ ਸਨ। ਨਵੀਂ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਰਹੂਮ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਦੇ ਬੇਟੇ ਗੁਰਪ੍ਰੀਤ ਸਿੰਘ ਕਲਕੱਤਾ, ਸਾਬਕਾ ਜ਼ਿਲਾ ਪ੍ਰਧਾਨ ਪ੍ਰਦੀਪ ਸਿੰਘ ਵਾਲੀਆ, ਸ੍ਰੀ ਅਕਾਲ ਤਖ਼ਤ ਦੇ ਮਰਹੂਮ ਜਥੇਦਾਰ ਚੇਤ ਸਿੰਘ ਦੇ ਬੇਟੇ ਤਰਲੋਚਨ ਸਿੰਘ ਸਮੇਤ ਜ਼ਿਲਾ ਅਕਾਲੀ ਜਥੇ ਦੇ ਹੋਰ ਸਾਬਕਾ ਆਗੂ ਤੇ ਕਾਰਕੁਨ ਸ਼ਾਮਲ ਸਨ।