ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੀ ਮਹੱਤਵਪੂਰਨ ਸਿਹਤ ਬੀਮਾ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਕੀਤਾ ਆਗਾਜ਼
Wed 21 Aug, 2019 0ਐਸ.ਏ.ਐਸ. ਨਗਰ :
ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 75ਵੀਂ ਜਨਮ ਵਰੇਗੰਢ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਰਕਾਰ ਦੀ ਮਹੱਤਵਪੂਰਨ ਸਿਹਤ ਬੀਮਾ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਆਗਾਜ਼ ਕੀਤਾ ਜਿਸ ਨਾਲ 46 ਲੱਖ ਪਰਿਵਾਰਾਂ ਨੂੰ ਲਾਭ ਪੁੱਜੇਗਾ। ਸਕੀਮ ਦੀ ਸ਼ੁਰੂਆਤ ਕਰਦਿਆਂ ਮੋਹਾਲੀ ਜ਼ਿਲ੍ਹੇ ਦੇ ਪਹਿਲੇ 11 ਲਾਭਪਾਤਰੀਆਂ ਨੂੰ ਈ-ਕਾਰਡ ਵੀ ਸੌਂਪੇ ਗਏ। ਇਸ ਸਕੀਮ ਨਾਲ ਲਾਭਪਾਤਰੀ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤਕ ਦਾ ਨਕਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਨਾਲ ਲਾਭਪਾਤਰੀਆਂ ਦਾ ਮੁਫ਼ਤ ਅਤੇ ਬਿਹਤਰ ਇਲਾਜ ਹੋ ਸਕੇਗਾ ਜਿਸ ਵਿਚ ਉਨ੍ਹਾਂ ਦੇ ਪਹਿਲਾਂ ਤੋਂ ਹੋਏ ਰੋਗ ਦਾ ਇਲਾਜ ਵੀ ਸ਼ਾਮਲ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦੇ ਜਾਰੀ ਕਰਨ ਨਾਲ ਸੂਬੇ ਦੀ 76 ਫ਼ੀ ਸਦੀ ਵਸੋਂ ਸਿਹਤ ਬੀਮਾ ਤਹਿਤ ਕਵਰ ਹੋ ਗਈ ਹੈ ਅਤੇ ਇੰਨੀ ਵੱਡੀ ਗਿਣਤੀ ਨੂੰ ਕਵਰ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਲੋਕ ਭਲਾਈ ਦੀ ਇਸ ਮਹੱਤਵਪੂਰਨ ਸਕੀਮ ਨੂੰ ਰਾਜੀਵ ਗਾਂਧੀ ਨੂੰ ਸਮਰਪਤ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇਸ਼ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਦੀ ਸੋਚ ਨੂੰ ਅੱਗੇ ਵਧਾਉਂਦੀ ਹੋਈ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਪੂਰੀ ਤਰਾਂ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਨਾਲ 31 ਲੱਖ ਹੋਰ ਪਰਵਾਰਾਂ ਨੂੰ 5-5 ਲੱਖ ਰੁਪਏ ਦਾ ਪ੍ਰਤੀ ਸਾਲ ਬੀਮਾ ਕਵਰ ਮਿਲਿਆ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ 14.86 ਲੱਖ ਪਰਵਾਰ ਕਵਰ ਹੁੰਦੇ ਹਨ ਜਿਸ ਦੇ ਪ੍ਰੀਮੀਅਮ ਦਾ ਖਰਚਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ 60:40 ਅਨੁਪਾਤ ਵਿਚ ਚੁੱਕਿਆ ਜਾਣਾ ਹੈ। ਇਹ ਅੰਕੜੇ ਸਮਾਜਕ-ਆਰਥਕ ਜਾਤੀਆਂ ਜਨਗਣਨਾ (ਐਸ.ਈ.ਸੀ.ਸੀ.) ਅਨੁਸਾਰ ਲਏ ਗਏ ਹਨ। ਸੂਬਾ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਸਕੀਮ ਵਿੱਚ ਹੋਰ ਨਵੇਂ ਸ਼ਾਮਲ ਕੀਤੇ ਗਏ 31 ਲੱਖ ਲਾਭਪਾਤਰੀਆਂ ਦੇ ਪ੍ਰੀਮੀਅਰ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਕਈ ਮਹੀਨੇ ਪਹਿਲਾਂ 76 ਫ਼ੀਸਦੀ ਵਸੋਂ ਨੂੰ ਸਿਹਤ ਬੀਮਾ ਤਹਿਤ ਕਵਰ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਜੇ ਅਸੀਂ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਨੂੰ ਹੂਬਹੂ ਲਾਗੂ ਕਰਦੇ ਤਾਂ ਸੂਬੇ ਦੀ 12 ਫ਼ੀਸਦੀ ਵਸੋਂ ਹੀ ਕਵਰ ਹੋਣੀ ਸੀ। ਬਾਕੀ ਸੂਬਿਆਂ ਵਿੱਚ ਇਸ ਸਕੀਮ ਤਹਿਤ ਵੱਧ ਤੋਂ ਵੱਧ 30 ਫੀਸਦੀ ਵਸੋਂ ਨੂੰ ਹੀ ਸਿਹਤ ਬੀਮਾ ਤਹਿਤ ਕਵਰ ਕੀਤਾ ਗਿਆ।
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤੇ 46 ਲੱਖ ਪਰਿਵਾਰਾਂ ਬਾਰੇ ਵਿਸਥਾਰ ਵਿਚ ਖੁਲਾਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ 20.43 ਲੱਖ ਲਾਭਪਾਤਰੀ ਸਮਾਰਟ ਰਾਸ਼ਨ ਕਾਰਡ ਹੋਲਡਰ ਪਰਵਾਰ ਹਨ। ਇਸ ਤੋਂ ਇਲਾਵਾ ਸੀ.ਈ.ਸੀ.ਸੀ. ਦੇ ਅੰਕੜਿਆਂ ਅਨੁਸਾਰ 14.86 ਲੱਖ ਪਰਵਾਰ, 2.8 ਲੱਖ ਛੋਟੇ ਕਿਸਾਨ, ਸੂਬਾ ਉਸਾਰੀ ਭਲਾਈ ਬੋਰਡ ਕੋਲ ਨਾਮਜ਼ਦ 2.38 ਲੱਖ ਤੋਂ ਜ਼ਿਆਦਾ ਉਸਾਰੀ ਕਿਰਤੀ, 46 ਹਜ਼ਾਰ ਛੋਟੇ ਵਪਾਰੀ ਵੀ ਸ਼ਾਮਲ ਹਨ। ਇਸ ਸਕੀਮ 'ਚ ਸੂਬਾ ਸਰਕਾਰ ਦੇ ਐਕਰੀਡੇਟਿਡ ਤੇ ਪੀਲਾ ਕਾਰਡ ਧਾਰਕ 4500 ਪੱਤਰਕਾਰ ਵੀ ਕਵਰ ਕੀਤੇ ਗਏ ਹਨ।
ਇਸ ਸਕੀਮ ਰਾਹੀਂ ਲਾਭਪਾਤਰੀ 200 ਸਰਕਾਰੀ ਹਸਪਤਾਲਾਂ ਸਮੇਤ 450 ਤੋਂ ਵੱਧ ਸੂਚੀਬੱਧ ਹਸਪਤਾਲਾਂ ਰਾਹੀਂ ਆਪਣਾ ਇਲਾਜ ਕਰਵਾ ਸਕਣਗੇ। ਇਸ ਸਕੀਮ ਤਹਿਤ ਵਿਸ਼ੇਸ਼ ਤੌਰ ’ਤੇ 1396 ਟ੍ਰੀਟਮੈਂਟ ਪੈਕੇਜ ਡਿਜ਼ਾਈਨ ਕੀਤੇ ਗਏ ਹਨ। ਮਹਾਤਮਾ ਗਾਂਧੀ ਸਰਬਤ ਸਿਹਤ ਬੀਮਾ ਯੋਜਨਾ ਅਧੀਨ 333 ਕਰੋੜ ਦੇ ਕੁਲ ਪ੍ਰੀਮੀਅਮ ਵਿੱਚੋਂ 276 ਕਰੋੜ ਰੁਪਏ ਦੀ ਰਾਸ਼ੀ ਜੋ 83 ਫ਼ੀਸਦੀ ਬਣਦੀ ਹੈ, ਸੂਬਾ ਸਰਕਾਰ ਦੀ ਹਿੱਸੇਦਾਰੀ ਹੋਵੇਗੀ ਜਦਕਿ ਬਾਕੀ ਬਚਦੀ 57 ਕਰੋੜ ਰੁਪਏ ਦੀ ਹਿੱਸੇਦਾਰੀ ਭਾਰਤ ਸਰਕਾਰ ਦੀ ਹੋਵੇਗੀ। ਇਸ ਸਕੀਮ ਤਹਿਤ ਅਪਰੇਸ਼ਨਾਂ ਸਬੰਧੀ ਪੈਕੇਜ ਵਿਚ ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਦੇ ਤਿੰਨ ਦਿਨ ਅਤੇ ਬਾਅਦ ਦੇ 15 ਦਿਨ ਵੀ ਸ਼ਾਮਲ ਕੀਤੇ ਜਾਣਗੇ।
ਇਸ ਮੌਕੇ ਪੰਜਾਬ ਹੈਲਸ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਸੰਤੋਖ ਸਿੰਘ ਭਲਾਈਪੁਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅੱਗਰਵਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਅਤੇ ਰਾਜ ਸਿਹਤ ਏਜੰਸੀ ਪੰਜਾਬ ਦੇ ਸੀ.ਈ.ਓ. ਅਮਿਤ ਕੁਮਾਰ ਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਪੁਨੀਤ ਗੋਇਲ ਵੀ ਹਾਜ਼ਰ ਸਨ।
Comments (0)
Facebook Comments (0)