ਪੇਟ ਦਰਦ ਦੇ ਕਾਰਨ, ਲੱਛਣ ਤੇ ਉਪਾਅ : ਡਾ ਅਜੀਤਪਾਲ ਸਿੰਘ ਐਮ ਡੀ
Wed 23 Oct, 2019 0ਪੇਟ ਦਰਦ ਦੇ ਕਾਰਨ ਲੱਛਣ ਅਤੇ ਉਪਾਅ :
ਡਾ: ਅਜੀਤਪਾਲ ਸਿੰਘ ਅੈਮ ਡੀ
ਪੇਟ ਦਰਦ ਕਿਸੇ ਵੀ ਉਮਰ ਵਿੱਚ ਸਮੱਸਿਆ ਬਣ ਕੇ ਸਾਹਮਣੇ ਆ ਸਕਦਾ ਹੈ, ਪਰ ਬੱਚਿਆਂ ਚ ਪੇਟ ਦੇ ਦਰਦ ਦੀ ਸਮੱਸਿਆ ਕੁਝ ਜ਼ਿਆਦਾ ਹੀ ਹੋ ਸਕਦੀ ਹੈ। ਬੱਚਿਆਂ ਚ ਪੇਟ ਦਰਦ ਕੁਝ ਸਮਾਂ ਹੀ ਰਹਿੰਦਾ ਹੈ ਅਤੇ ਫਿਰ ਆਪਣੇ ਆਪ ਠੀਕ ਹੋ ਜਾਂਦਾ ਹੈ ਉਦੋਂ ਇਹ ਕਠਿਨ ਸਮੱਸਿਆ ਨਹੀਂ ਹੁੰਦੀ, ਪਰ ਜਦ ਪੇਟ ਦਰਦ ਦੇ ਨਾਲ ਉਲਟੀ ਤੇ ਬੁਖਾਰ ਹੋਵੇ ਤਾਂ ਇਸ ਦੀ ਵਜ੍ਹਾ ਗੰਭੀਰ ਹੋ ਸਕਦੀ ਹੈ ਅਤੇ ਅਜਿਹੇ ਵਿੱਚ ਡਾਕਟਰ ਨੂੰ ਵਿਖਾਉਣ ਚ ਦੇਰੀ ਨਹੀਂ ਕਰਨੀ ਚਾਹੀਦੀ। ਪੇਟ ਦਰਦ ਜਦੋਂ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ, ਉਦੋਂ ਇਸ ਦੇ ਕਾਰਨ ਨਾਲ ਨਿਮਨਲਿਖਤ ਹੋ ਸਕਦੇ ਹਨ:-
ਮਰੋੜ ਤੇ ਪੇਚਿਸ :- ਬਹੁਤੇ ਰੋਗੀਆਂ ਵਿੱਚ ਪੇਟ ਦਰਦ ਦੀ ਵਜ੍ਹਾ ਪੇਚਿਸ ਤੇ ਮਰੋੜ ਹੁੰਦੀ ਹੈ। ਪੇਚਿਸ ਚਾਹੇ ਉਹ ਲੇਸਦਾਰ ਹੋਵੇ ਜਾਂ ਖੂਨੀ, ਦੋਨੋਂ ਹਾਲਤਾਂ 'ਚ ਵੱਡੀ ਅਾਂਤੜੀ ਵਿੱਚ ਜ਼ਖਮ ਹੋ ਜਾਂਦੇ ਹਨ ਤੋਂ ਪੇਟ ਦਰਦ ਦੀ ਵਜ੍ਹਾ ਬਣਦੇ ਹਨ। ਪੇਟ ਦੇ ਕੀੜੇ ਵੀ ਪੇਟ ਦਰਦ ਦਾ ਵੱਡਾ ਕਾਰਨ ਹਨ,ਖਾਸ ਕਰਕੇ ਬੱਚਿਆਂ ਵਿੱਚ ਇਹ ਸਮੱਸਿਆ ਵੱਡੀ ਹੈ। ਕੀੜੇ ਹੋਣ ਦੀ ਹਾਲਤ 'ਚ ਦਰਦ ਅਾਮ ਕਰਕੇ ਕਦੇ-ਕਦੇ ਅਤੇ ਮੱਠਾ-ਮੱਠਾ ਹੁੰਦਾ ਹੈ ਅਤੇ ਕੁਝ ਦਿਨ ਪਿਛੋਂ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ। ਲੜਕੀਆਂ ਚ ਮਾਂਹਵਾਰੀ ਸਮੇਂ ਪੇਟ ਦਰਦ ਦੀ ਤਕਲੀਫ਼ ਹੋ ਜਾਂਦੀ ਹੈ ਜਿਨ੍ਹਾਂ ਨੂੰ ਅਾਮ ਜਿਹੇ ਉਪਾਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਵੈਸੇ ਮਾਂਹਵਾਰੀ ਸ਼ੁਰੂ ਹੁੰਦੇ ਹੀ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ। ਬਾਲਗ ਔਰਤ-ਮਰਦਾਂ 'ਚ ਪੈਪਟਿਕ ਅਲਸਰ, ਡਿਉੂਡੀਨਲ ਅਲਸਰ ਜਾਂ ਪੈਪਟਿਕ ਅਲਸਰ ਸਿੰਡਰੋਮ ਦਾ ਦਰਦ ਵੀ ਪਾਇਆ ਜਾਂਦਾ ਹੈ। ਇਸ ਤਰ੍ਹਾਂ ਦਾ ਦਰਦ ਜਾਂ ਤਾਂ ਖਾਲੀ ਪੇਟ ਜਾਂ ਖਾਣੇ ਤੋਂ ਦੋ ਘੰਟੇ ਪਿੱਛੋਂ ਪ੍ਰੇਸ਼ਾਨ ਕਰਦਾ ਹੈ। ਗਲੇ ਤੇ ਪੇਟ ਚ ਜਲਣ, ਖੱਟੇ ਫਕਾਰ ਆਉਣੇ। ਅਾਮ ਤੌਰ ਤੇ ਮਿਰਚ ਮਸਾਲੇਦਾਰ ਭੋਜਨ ਖਾਣ ਪਿੱਛੋਂ ਇਸ ਪ੍ਕਾਰ ਦਾ ਦਰਦ ਹੁੰਦਾ ਹੈ। ਅੱਜ ਕੱਲ੍ਹ ਇੰਡੋਸਕੋਪੀ ਜਾਂਚ ਰਾਹੀਂ ਇਸ ਤਰ੍ਹਾਂ ਦੇ ਦਰਦ ਦਾ ਪਤਾ ਲੱਗ ਜਾਂਦਾ ਹੈ ਅਤੇ ਸਹੀ ਇਲਾਜ ਨਾਲ ਰੋਗ ਖਤਮ ਹੋ ਜਾਂਦਾ ਹੈ। ਅੰਤੜੀਆਂ ਵਿੱਚ ਸੋਜ ਹੋ ਜਾਣੀ ਜਿਸ ਨੂੰ "ਕੌਕਸ ਐਬਡੋਮਿਨ" ਕਹਿੰਦੇ ਹਨ, ਦੀ ਵਜ੍ਹਾ ਕਾਰਨ ਵੀ ਪੇਟ ਵਿਚ ਦਰਦ ਹੁੰਦਾ ਹੈ। ਛੇ ਮਹੀਨਿਆਂ ਦੇ ਇਲਾਜ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਹ ਪੇਟ ਦੀ ਤਪਦਿਕ/ ਟੀਬੀ ਹੀ ਹੁੰਦੀ ਹੈ। ਲਿਵਰ ਦੀ ਸੋਜ ਕਾਰਨ ਵੀ ਪੇਟ ਵਿੱਚ ਦਰਦ ਹੁੰਦਾ ਹੈ। ਅਜਿਹੀ ਹਾਲਤ ਚ ਉਲਟੀ ਜੀਅ ਕੱਚਾ ਹੋਣਾ, ਬੁਖਾਰ ਜਾਂ ਪੀਲੀਏ ਦੇ ਲੱਛਣ ਵੀ ਮਿਲਦੇ ਹਨ। ਪਿੱਤੀ ਦੀ ਥੈਲੀ ਚ ਪੱਥਰੀ ਜਾਂ ਸੋਜ, ਅਪੈਂਡਿਸਾਇਟਸ ਤੋਂ ਇਲਾਵਾ ਕੁਝ ਔਰਤ ਰੋਗਾਂ ਚ ਪੇਟ ਦਰਦ ਦੇ ਨਾਲ ਉਲਟੀ, ਬੁਖ਼ਾਰ, ਪਤਲੇ ਦਸਤ, ਪੀਲੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਦਰਦਾਂ ਦੀ ਆਪਣੀ ਆਪਣੀ ਪਹਿਚਾਣ ਹੁੰਦੀ ਹੈ,ਜਿਸ ਨੂੰ ਡਾਕਟਰ ਅਸਾਨੀ ਨਾਲ ਲੱਭ ਲੈਂਦੇ ਹਨ।
ਅਪੈੰਡਿਕਸ ਅਤੇ ਪਿੱਤੇ ਦੀ ਥੈਲੀ ਦੀ ਸੋਜ:-
ਇਸ ਹਾਲਤ ਵਿੱਚ ਅਚਾਨਕ ਦਰਦ ਉਠਦਾ ਹੈ, ਤੇਜ਼ ਹੁੰਦਾ ਹੈ ਅਤੇ ਕੁਝ ਘੰਟਿਆਂ ਤੱਕ ਰਹਿ ਸਕਦਾ ਹੈ। ਦਰਦ ਮੌਕੇ ਉਲਟੀ ਜੀਅ ਕੱਚਾ ਹੋਣਾ ਤੇ ਬੁਖਾਰ ਵੀ ਹੁੰਦਾ ਹੈ। ਅਜਿਹਾ ਦਰਦ ਸਾਰੇ ਪੇਟ ਵਿੱਚ ਨਾ ਹੋ ਕੇ ਕੁਝ ਸੀਮਤ ਹਿੱਸੇ ਵਿੱਚ ਹੁੰਦਾ ਹੈ ਅਤੇ ਖਾਸ ਦਿਸ਼ਾ ਵਿੱਚ ਜਾਂਦਾ ਹੈ। ਆਮ ਉਪਾਵਾਂ ਨਾਲ ਇਹ ਠੀਕ ਨਹੀਂ ਹੁੰਦਾ। ਦਰਦ ਜਦੋਂ ਅਪੈਂਡਿਕਸ ਦੇ ਕਾਰਨ ਹੁੰਦਾ ਹੈ ਉਦੋਂ ਦਰਦ ਦੀ ਸ਼ੁਰੂਆਤ ਧੁੰਨੀ ਦੇ ਕੋਲੋਂ ਹੁੰਦੀ ਹੈ ਅਤੇ ਕੁਝ ਘੰਟਿਆਂ ਜਾਂ ਇੱਕ ਦੋ ਦਿਨਾਂ ਤੱਕ ਪੇਟ ਸੱਜੇ ਪਾਸੇ ਹੇਠਲੇ ਹਿੱਸੇ 'ਚ ਜਾ ਕੇ ਸਥਿਰ ਹੋ ਜਾਂਦਾ ਹੈ। ਇੱਕ ਛੋਟਾ ਜਿਹਾ ਗੋਲਾ ਵਿੱਚ ਮਹਿਸੂਸ ਹੁੰਦਾ ਹੈ। ਦਰਦ ਦੀ ਥਾਂ ਪੁੱਛਣ ਤੇ ਰੋਗੀ ਸੱਜੇ ਪਾਸੇ ਹੇਠਲੇ ਹਿੱਸੇ ਤੇ ਉੰਗਲੀ ਰੱਖੇਗਾ। ਇਲਾਜ ਸਮੇਂ ਡਾਕਟਰ ਆਪ੍ਰੇਸ਼ਨ ਰਾਹੀਂ ਅਪੈਂਡਿਕਸ ਨੂੰ ਕੱਢ ਦਿੰਦੇ ਹਨ। ਅਪੈੰਡਿਕਸ ਦਾ ਸ਼ੱਕ ਹੋਣ ਤੇ ਰੋਗੀ ਨੂੰ ਨਸ਼ੇ ਦੇ ਟੀਕੇ ਜਾਂ ਗੋਲੀ ਦੇ ਕੇ ਨਹੀਂ ਗੂੜ੍ਹੀ ਨੀਂਦ ਨਹੀਂ ਸਵਾਉਣਾ ਚਾਹੀਦਾ ਤੇ ਨਾ ਹੀ ਮੂੰਹ ਰਸਤੇ ਕੁਝ ਖਾਣ ਲਈ ਦੇਣਾ ਚਾਹੀਦਾ ਹੈ। ਸਾਦਾ ਪਾਣੀ, ਹਲਕੀ ਚਾਹ ਥੋੜ੍ਹੀ ਥਿੜੀ ਮਾਤਰਾ ਚ ਦਿੱਤੀ ਜਾ ਸਕਦੀ ਹੈ। ਧਿਆਨ ਰਹੇ ਅਪੈਂਡਿਕਸ ਦੇ ਦਰਦ ਦੇ ਲੱਛਣ ਆਉਂਦੇ ਹੀ ਤੁਰੰਤ ਯੋਗ ਡਾਕਟਰ ਤੋਂ ਇਲਾਜ ਕਰਾਉਣਾ ਅਤੇ ਉਸ ਦੀ ਸਲਾਹ ਨਾਲ ਆਪ੍ਰੇਸ਼ਨ ਕਰਵਾਉਣਾ ਚਾਹੀਦਾ ਹੈ। ਅਜਿਹਾ ਨਾ ਹੋਣ ਤੇ ਅਪੈਂਡਿਕਸ ਦੇ ਫਟ ਜਾਣ ਦਾ ਖ਼ਤਰਾ ਹੁੰਦਾ ਹੈ। ਇਸ ਸਥਿਤੀ ਨੂੰ ਗੰਭੀਰ ਹੀ ਸਮਝਣਾ ਚਾਹੀਦਾ ਹੈ।
ਪੇਟ ਦਰਦ ਦਾ ਕਾਰਨ: ਪਿੱਤੇ ਦੀ ਥੈਲੀ ਜਾਂ ਸੋਜ ਹੋਵੇ ਤਾਂ ?
ਪਿੱਤੇ ਦੀ ਥੈਲੀ (ਗਾਲ ਬਲੈਡਰ) ਚ ਸੋਜ ਨੂੰ ' ਕੋਲੀਸਿਸਟਾਇਟਿਸ ਕਿਹਾ ਜਾਂਦਾ ਹੈ। ਇਹ ਦੋ ਕਿਸਮ ਦਾ ਹੁੰਦਾ ਹੈ--ਇਕੂਟ ਤੇ ਕੋ੍ਨਿਕ। ਇਕੂਟ ਕੋਲੀਸਿਸਟਾਇਟਸ ਚ ਪੇਟ ਦਰਦ ਆਮ ਕਰਕੇ ਪੇਟ ਦੇ ਸੱਜੇ ਪਾਸੇ ਉਪਰਲੇ ਹਿੱਸੇ ਵਿੱਚ ਹੁੰਦਾ ਹੈ। ਇਹ ਦਰਦ ਘਿਉ ਜਾਂ ਤਲਿਅਾ ਖਾਣਾ ਖਾਣ ਨਾਲ ਹੁੰਦਾ ਹੈ ਅਤੇ ਇਹ ਤੇਜ਼ ਬਹੁਤ ਹੁੰਦਾ ਹੈ। ਦਰਦ ਦੇ ਨਾਲ ਉਲਟੀ,ਜੀ ਕੱਚਾ ਹੋਣਾ ਤੇ ਬੁਖਾਰ ਦੇ ਲੱਛਣ ਹਮੇਸ਼ਾਂ ਹੀ ਰਹਿੰਦੇ ਹਨ। ਕਦੀ ਕਦੀ ਇਹ ਦਰਦ ਸੱਜੇ ਮੋਢੇ ਵੱਲ ਵੀ ਜਾਂਦਾ ਹੈ। ਵੈਸੇ ਇਹ ਦਰਦ ਕਿਸੇ ਵੀ ਹੋ ਸਕਦਾ ਹੈ, ਜ਼ਿਅਾਦਾਤਰ 40-45 ਸਾਲਾਂ ਦੀਆਂ ਔਰਤਾਂ ਇਸ ਤੋਂ ਵੱਧ ਪੇ੍ਸ਼ਾਨ ਹੁੰਦੀਆਂ ਹਨ। ਕੋ੍ਨਿਕ ਕੋਲੀਸਿਸਟਾਇਟਸ ਚ ਦਰਦ ਅਕਸਰ ਹੁੰਦਾ ਹੈ ਅਤੇ ਆਮ ਕਰਕੇ ਦੋ ਘੰਟੇ ਚ ਆਰਾਮ ਵੀ ਅਾ ਜਾਂਦਾ ਹੈ। ਇਸ ਚ ਉਲਟੀ ਜਾਂ ਬੁਖ਼ਾਰ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ।
ਪਿੱਤੇ ਦੀ ਥੈਲੀ ਚ ਪੱਥਰੀ ਕਾਰਨ ਦਰਦ:-
ਪਿੱਤੇ ਚ ਪੱਥਰੀ ਦੋ ਕਿਸਮ ਦੀ ਹੁੰਦੀ ਹੈ। ਪਹਿਲੀ ਜਿਸ ਵਿੱਚ ਸਿਰਫ਼ ਇੱਕ ਜਦੋਂ ਵੱਡੀਆਂ ਪਥਰੀਆਂ ਜਾਂ ਦੂਜੀ ਜਿਸ ਵਿੱਚ ਪੰਦਰਾਂ-ਵੀਹ ਜਾਂ ਵੱਧ ਵੀ ਛੋਟੇ ਛੋਟੇ ਪੱਥਰ ਹੋਣ। ਪੱਥਰੀ ਦੀ ਸ਼ਿਕਾਇਤ ਹੋਣ ਤੇ ਦਰਦ ਦਰਦ ਤਾਂ ਅਕਸਰ ਹੁੰਦਾ ਹੀ ਹੈ, ਪਰ ਬੁਖਾਰ ਵੀ ਜ਼ਿਆਦਾ ਸ਼ਕਾਇਤ ਨਹੀਂ ਹੁੰਦੀ। ਉਲਟੀ, ਜੀ ਕੱਚੇ ਹੋਣ ਦੀ ਸ਼ਿਕਾਇਤ ਦਰਦ ਹੋਣ ਦੇ ਵੇਲੇ ਹਮੇਸ਼ਾ ਨਹੀਂ ਹੁੰਦੀ। ਕਦੀ ਕਦੀ ਹੋ ਸਕਦੀ ਹੈ। ਅਲਟਰਸਾਉਂਡ ਦੀ ਸੌਖੀ ਜਾਂਚ ਨਾਲ ਪਿੱਤੇ ਦੀ ਥੈਲੀ ਚ ਪਈ ਪੱਥਰੀ ਦੀ ਸਟੀਕ ਜਾਣਕਾਰੀ ਮਿਲ ਜਾਂਦੀ ਹੈ। ਇਸ ਜਾਂਚ ਨਾਲ ਥੈਲੀ ਦੇ ਸਾਈਜ਼, ਮੋਟਾਈ, ਸੁੰਗੜਣ ਦੀ ਸ਼ਕਤੀ, ਪਥਰੀ ਦੇ ਸਾਇਜ਼ ਅਾਦਿ ਦਾ ਵੀ ਪਤਾ ਲੱਗ ਜਾਂਦਾ ਹੈ। ਪੱਥਰੀ ਛੋਟੀ ਹੋਣ ਤੇ ਕਦੀ ਕਦੀ ਪਿੱਤ ਦੀ ਥੈਲੀ ਦੀ ਨਾਲੀ (ਸੀ ਬੀ ਡੀ) ਚ ਖਸਕ ਕੇ ਚਲੀ ਜਾਂਦੀ ਹੈ। ਅਜਿਹੀ ਹਾਲਤ ਚ ਪੀਲੀਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨੂੰ ' ਸਰਜੀਕਲ ਜਾਂਡਿਸ ' ਕਹਿੰਦੇ ਹਨ। ਇਸ ਪੀਲੀਏ 'ਚ ਦੋ ਵਿਸ਼ੇਸ਼ ਗੱਲਾਂ ਹੁੰਦੀਆਂ ਹਨ। ਪਹਿਲਾ ਚਮੜੀ ਤੇ ਅੱਖਾਂ ਦਾ ਰੰਗ ਪੀਲਾ ਹੋਣਾ, ਨਾਲ ਹੀ ਖਾਰਜ ਹੋਣੀ, ਦੂਜਾ ਰੋਗੀ ਦਾ ਜ਼ਿਆਦਾ ਬਿਮਾਰ ਨਾ ਹੋਣਾ,ਭੁੱਖ ਨਾ ਮਰਨੀ ਤੇ ਉਲਟੀ ਆਦਿ ਨਾ ਹੋਣੀ। ਪਿੱਤੇ ਦੀ ਥੈਲੀ ਚ ਪਥਰੀ ਦੀ ਸ਼ਿਕਾਇਤ ਹੋਣ ਤੇ ਡਾਕਟਰ ਦੀ ਸਲਾਹ ਨਾਲ ਜਲਦੀ ਇਲਾਜ ਕਰਵਾਉਣ ਚਾਹੀਦਾ ਹੈ। ਇਲਾਜ ਨਾ ਕਰਵਾਉਣ ਤੇ ਲਾਪ੍ਰਵਾਹੀ ਵਰਤਣ ਕਰਕੇ ਸੋਜ (ਕੋਲੀਸਿਸਟਾਇਟਸ) ਹੋਣ ਦਾ ਖਤਰਾ ਵੀ ਹੋ ਸਕਦਾ ਹੈ।
ਗੁਰਦੇ (ਕਿਡਨੀ) ਦੀ ਪੱਥਰੀ: ਪੇਟ ਦਰਦ ਦਾ ਇੱਕ ਕਾਰਨ:- ਗੁਰਦੇ ਦੀ ਪਥਰੀ ਹੋਣ ਦੀ ਸਮੱਸਿਆ ਕਾਫੀ ਵਧੀ ਹੋਈ ਹੈ। ਪੱਥਰੀ ਛੋਟੀ ਹੋਣ ਤੇ ਯੂਰੇਟਰ(ਮੂਤਰ ਨਾਲੀ) ਵਿੱਚ ਵੀ ਖਿਸਕੇ ਚਲੀ ਜਾਂਦੀ ਹੈ। ਗੁਰਦੇ ਚ ਪਥਰੀ ਕਿਉਂ ਹੁੰਦੀ ਹੈ, ਜਦ ਇਸ ਸਵਾਲ ਤੇ ਵਿਚਾਰ ਕੀਤਾ ਜਾਵੇ ਤਾਂ ਕਈ ਕਾਰਨ ਸਾਹਮਣੇ ਆਉਂਦੇ ਹਨ, ਜਿਸ ਵਿੱਚ ਤੇਜ਼ ਧੁੱਪ,ਖੁਸ਼ਕ ਮੌਸਮ, ਪਾਣੀ ਦੀ ਘਾਟ ਮੁੱਖ ਹਨ। ਇਸ ਕਰਕੇ ਪਿਸ਼ਾਬ ਗਾੜਾ ਹੋ ਜਾਂਦਾ ਹੈ, ਜਿਸ ਨਾਲ ਉਸ ਚ ਦਾਣੇ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਇੱਕ ਵਾਰੀ ਜਦ ਦਾਣਾ ਬਣ ਜਾਵੇ ਤਾਂ ਉਸ ਤੇ ਕੈਲਸ਼ੀਅਮ ਅਤੇ ਫਾਸਫੋਰਸ ਜਮ੍ਹਾਂ ਹੋ ਕੇ ਛੋਟਾ ਦਾਣਾ ਵੱਡੀ ਪਥਰੀ ਵਿੱਚ ਬਦਲ ਜਾਂਦਾ ਹੈ। ਇਨ੍ਹਾਂ ਪਥਰੀਅਾਂ ਦਾ ਸਾਇਜ਼ ਤੇ ਮਾਤਰਾ ਭਿੰਨ ਭਿੰਨ ਹੁੰਦੇ ਹਨ। ਕੁਝ ਰੋਗੀਆਂ ਨੂੰ ਸਿਰਫ਼ ਇੱਕ ਵੱਡੀ ਸਾਰੀ ਪਥਰੀ ਹੀ ਹੁੰਦੀ ਹੈ, ਜੋ ਗੁਰਦੇ ਦੇ ਸਾਂਚੇ ਦਾ ਰੂਪ ਧਾਰਨ ਕਰ ਲੈਂਦੀ ਹੈ। ਬਾਰਾਂ ਸਿੰਘੇ ਤੇ ਸਿੰਗ ਵਰਗੇ ਆਕਾਰ ਦੀ ਹੋਣ ਕਰਕੇ ਪੱਥਰੀ ਗੁਰਦੇ ਨੂੰ ਨੁਕਸਾਨ ਪਹੁੰਚਾਉਣ ਲੱਗਦੀ ਹੈ। ਜਦ ਪਥਰੀਆਂ ਛੋਟੀਆਂ ਛੋਟੀਆਂ ਤੇ ਕਈ ਹੁੰਦੀਆਂ ਹਨ ਤਦ ਉਹਨਾਂ ਦੇ ਯੂਰੇਟਰ ਵਿੱਚ ਖਿਸਕ ਜਾਣ ਦੀ ਵੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਪਥਰੀਅਾਂ ਦਾ ਆਕਾਰ ਮੂੰਗਫਲੀ ਦੇ ਦਾਣੇ ਜਿੱਡਾ ਹੁੰਦਾ ਹੈ। ਗੁਰਦੇ ਦੀ ਪਥਰੀ ਹੋਣ ਤੇ ਰੋਗੀ ਨੂੰ ਬਹੁਤ ਤੇਜ਼ ਦਰਦ ਹੁੰਦਾ ਹੈ। ਉਹ ਬਿਸਤਰੇ ਤੇ ਪਿਅਾ ਦਰਦ ਨਾਲ ਉਸਲਵੱਟੇ ਲੈਂਦਾ ਜਾਂ ਲੋਟਣੀਆਂ ਮਾਰਦਾ ਹੈ। ਦਰਦ ਦੀ ਸ਼ੁਰੂਆਤ ਪਿੱਠ ਵਿੱਚ ਸਭ ਤੋਂ ਹੇਠਲੀ ਪਸਲੀ ਨੀਚੇ ਤੋਂ ਸ਼ੁਰੂ ਹੋ ਕੇ ਉੱਥੋਂ ਸਾਹਮਣੇ ਵੱਲ ਆਉਂਦੀ ਹੈ ਅਤੇ ਅੰਡਕੋਸ਼ ਵੱਲ ਵਧਦੀ ਹੈ। ਦਰਦ ਦਾ ਅਰਸਾ ਪੰਦਰਾਂ ਮਿੰਟ ਤੋਂ ਦੋ ਘੰਟੇ ਤੱਕ ਦਾ ਹੋ ਸਕਦਾ ਹੈ। ਉਸ ਸਮੇਂ ਉਸ ਦੇ ਪੈਸ਼ਾਬ ਦਾ ਰੰਗ ਲਾਲੀ ਵਾਲਾ ਹੋਣ ਲਗਦਾ ਹੈ। ਰੋਗੀ ਨੂੰ ਦਰਦ ਮੌਕੇ ਉਲਟੀ ਵਾਗੂੰ ਲੱਗਦਾ ,ਹੈ ਬੁਖਾਰ ਵੀ ਹੋ ਸਕਦਾ ਹੈ। ਗੁਰਦੇ ਦੀ ਪੱਥਰੀ ਦੀ ਪਹਿਚਾਣ ਅਲਟਰਾਸਾਊਂਡ ਨਾਲ ਅੱਛੀ ਤਰ੍ਹਾਂ ਹੋ ਜਾਂਦੀ ਹੈ ਅਤੇ ਪੇਸ਼ਾਬ ਦੀ ਜਾਂਚ ਦਰਦ ਮੌਕੇ ਹੋਵੇ ਤਾਂ ਵੱਧ ਸਟੀਕ ਹੁੰਦੀ ਹੈ। ਜੇ ਪੱਥਰੀ ਛੋਟੀ ਹੋਵੇ (ਤਿੰਨ-ਚਾਰ-ਪੰਜ ਮਿਲੀਮੀਟਰ ਚੌੜਾਈ ਦੀ) ਤਦ ਉਸ ਦੇ ਮੂਤਰ ਮਾਰਗ ਰਾਹੀਂ ਬਾਹਰ ਨਿਕਲਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਪਥਰੀ ਦਾ ਆਕਾਰ ਵੱਡਾ ਹੋਵੇ ਤਾਂ ਇਸ ਨੂੰ ਸਾਬਤ ਜਾਂ ਤੋੜ ਕੇ ਵੀ ਕੱਢਿਆ ਜਾ ਸਕਦਾ ਹੈ। ਵੱਖ ਵੱਖ ਇਲਾਜਾਂ ਨਾਲ ਪੱਥਰੀ ਤੋੜ ਜਾਂ ਗਾਲ ਕੇ ਕੱਢਣ ਦੇ ਮੌਕੇ ਵੀ ਹੁੰਦੇ ਹਨ। ਪਰ ਦਵਾਈਆਂ ਨਾਲ ਇਹ ਇਲਾਜ ਵੱਡੀ ਪੱਧਰ ਚ ਨਾਕਾਮ ਹੋ ਜਾਂਦਾ ਹੈ ਤਾਂ ਫਿਰ ਇਸ ਦਾ ਇੱਕ ਇੱਕ ਹੱਲ ਅਪੇ੍ਸ਼ਨ ਹੀ ਹੁੰਦਾ ਹੈ।
ਪਥਰੀ ਦੁਬਾਰਾ ਵੀ ਹੋ ਸਕਦੀ ਹੈ: ਕਈ ਰੋਗੀਆਂ ਚ ਵਾਰ ਵਾਰ ਪਥਰੀ ਬਣਨ ਦੀ ਸਮੱਸਿਆ ਬਣੀ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਉਨ੍ਹਾਂ ਸਾਰੇ ਕਾਰਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪਥਰੀ ਬਣਨ ਵਿੱਚ ਸਹਾਇਕ ਬਣਦੇ ਹਨ।
ਡਾ: ਅਜੀਤਪਾਲ ਸਿੰਘ ਅੈਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301
Comments (0)
Facebook Comments (0)