*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – ਆਖਰੀ ਕਿਸ਼ਤ*

*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – ਆਖਰੀ ਕਿਸ਼ਤ*

*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – ਆਖਰੀ ਕਿਸ਼ਤ*

ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕੌਮ ਦੇ ਆਗੂਆਂ ਖਾਸਕਰ ਕੀਰਤਨੀ ਸਿੰਘਾਂ ਵੱਲੋਂ ਮਨ-ਮਰਜ਼ੀਆਂ ਕਿਵੇਂ ਕੀਤੀਆਂ ਜਾਂਦੀਆਂ ਹਨ ਅਤੇ ਗੁਰ ਮਰਯਾਦਾ ਦਾ ਖਿਆਲ ਵੀ ਨਹੀਂ ਰੱਖਿਆ ਜਾਂਦਾ, ਪਰ ਯਾਦ ਰੱਖਣ ਯੋਗ ਗੱਲ ਇਹ ਵੀ ਹੈ ਕਿ ਅਸੀਂ ਆਪ ਸਿੱਖਾਂ ਨੇ ਵੀ ਕਦੇ ਘੱਟ ਨਹੀਂ ਕੀਤੀ। ਭਾਵੇਂ ਕਿ ਸਿੱਧਾ ਦੋਸ਼ ਕੌਮ ਦੇ ਗ੍ਰੰਥੀ, ਪਾਠੀ ਅਤੇ ਰਾਗੀ ਸਿੰਘਾਂ ਉੱਤੇ ਮੜ੍ਹਿਆ ਜਾਂਦਾ ਹੈ ਪਰ ਅਸੀਂ ਵੀ ਕਦੇ ਗੁਰੂਬਾਣੀ ਹੁਕਮਾਂ ਵਿਰੁੱਧ ਕੰਮ ਕਰਨ ਵਾਲੇ ਵਿਰੁੱਧ ਜੁਅਰਤ ਨਾਲ ਕੋਈ ਗੱਲ ਨਹੀਂ ਕਰ ਸਕੇ। ਕਿਉਂ ਜੁ ਸਾਡੇ ਆਪਣੇ ਘਰਾਂ ਵਿੱਚ ਬੱਚੇ ਦੇ ਜਨਮ ਤੋਂ ਲੇ ਕੇ ਕਿਸੇ ਬਜ਼ੁਰਗ ਦੀ ਮੌਤ ਤੱਕ ਦੀਆਂ ਸਾਰੀਆਂ ਰਸਮਾਂ ਵੇਖੋ-ਵੇਖੀ ਅਨਮਤੀਆਂ ਵਾਲੀਆਂ ਨਿਭਾਉਂਦੇ ਹਾਂ ਅਤੇ ਮਗਰੋਂ ਗੁਰਦੁਆਰਾ ਸਾਹਿਬ ਜਾ ਕੇ ਸਿਰ ਵੀ ਝੁਕਾ ਆਉਂਦੇ ਹਾਂ। ਸਮਝ ਨਹੀਂ ਪੈਂਦੀ ਕਿ ਗੁਰੂ ਸਾਹਿਦੇ ਸਰੂਪ ਨੂੰ ਵੀ ਅਸੀਂ ਗੁਰੂ ਹੁਕਮਾਂ ਵਿਰੁੱਧ ਨਿਭਾਈਆਂ ਜਾਣ ਵਾਲੀਆਂ ਰਸਮਾਂ ਵਿੱਚ ਸ਼ਾਮਲ ਕਰਦੇ ਹਾਂ।

ਬਹੁਤ ਸਾਰੇ ਕਰਮਕਾਂਡ, ਅੰਧ-ਵਿਸ਼ਵਾਸ਼, ਪਖੰਡ ਅੱਜ ਸਾਡੇ ਸਿੱਖਾਂ ਦੀ ਜਿੰਦਗੀ ਦਾ ਮੁੱਢਲਾ ਹਿੱਸਾ ਬਣ ਚੁੱਕੇ ਹਨ। ਬਾਬਾ ਗੁਰੂ ਨਾਨਕ ਜੀ ਅੱਜ ਵੀ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਅਗਵਾਈ ਦੇ ਰਹੇ ਹਨ। ਇਸ ਲਈ ਲੋੜ ਹੈ ਕਿ ਪੁਜਾਰੀਵਾਦ ਵੱਲੋਂ ਪ੍ਰਚਾਰੀਆਂ ਜਾ ਰਹੀਆਂ ਸਿੱਖ ਵਿਰੋਧੀ ਰਸਮਾਂ-ਰਿਵਾਇਤਾਂ ਨੂੰ ਤਿਆਗ ਕਰਕੇ, ਗੁਰੂਬਾਣੀ ਦਾ ਓਟ ਆਸਰਾ ਲੈ ਕੇ, ਸੱਚ ਦੇ ਰਾਹ ਦੇ ਪਾਂਧੀ ਬਣੀਏ। ਜਾਤ-ਪਾਤ, ਊਚ-ਨੀਚ ਦਾ ਜੂਲਾ ਆਪਣੇ ਗਲੋਂ ਲਾਹ ਸੁੱਟੀਏ। ਜਾਤਾਂ-ਪਾਤਾਂ ਦੇ ਨਾਂ ਤੇ ਉਸਾਰੇ ਗਏ ਗੁਰਧਾਮਾਂ ਨੂੰ ਹੋਰ ਯੋਗ ਕੰਮਾਂ ਲਈ ਵਰਤਣ ਦੇ ਜਨਤ ਕਰੀਏ।

ਦਰਅਸਲ ਗੁਰਦੁਆਰਾ ਸੰਸਥਾ ਗੁਰੂ ਪਾਤਸ਼ਾਹ ਵੱਲੋਂ ਮਨੁੱਖਤਾ ਨੂੰ ਇੱਕ ਬਹੁਤ ਵੱਡੀ ਦੇਣ ਸੀ ਜੋ ਉਸ ਸਮੇਂ ਦੀਆਂ ਬਹੁੱਤ ਸਾਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਰੂਹਾਨੀਅਤ ਦੇ ਕੇਂਦਰ ਵੱਜੋਂ ਵੀ ਵਿਕਸਿਤ ਹੋਈ। ਗੁਰਦੁਆਰੇ ਵਿੱਚ ਮੁੱਖ ਤੌਰ ਤੇ 'ਗੁਰੂ ਦੁਆਰੈ ਹੋਇ ਸੋਝੀ ਪਾਇਸੀ' ਦੇ ਮਹਾਂਵਾਕ ਅਨੁਸਾਰ ਸਤਸੰਗਤ, ਪ੍ਰਮਾਤਮਾ ਦੀ ਉਸਤਤ, ਉਸਦੇ ਗੁਣਾਂ ਦਾ ਪ੍ਰਚਾਰ ਅਤੇ ਸਮਾਜਿਕ ਲੋੜਾਂ ਜਿਵੇਂ ਸਰੋਵਰ, ਦਵਾਖਾਨਾ, ਲੰਗਰ, ਰਿਹਾਇਸ਼, ਮੱਲ੍ਹ ਅਖਾੜਾ (ਜਿੰਮ), ਲਾਇਬ੍ਰੇਰੀ ਅਤੇ ਗੁਰੂ ਦੀ ਗੋਲਕ ਜੋ ਲੋੜਵੰਦਾਂ ਦੀ ਸਹਾਇਤਾ ਲਈ ਵਰਤੀ ਜਾਵੇ ਇਹ ਖਾਸੀਅਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਪੁਰਾਣੇ ਵੇਲਿਆਂ ਵਿੱਚ ਹੁੰਦੀਆਂ ਵੀ ਸੀ। ਪਰ ਅਜੌਕੇ ਦੌਰ ਵਿੱਚ ਸੰਸਾਰ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੀ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਧਰਮਾਂ ਲਈ ਖੁਲ੍ਹੇ ਦਰਵਾਜ਼ਿਆਂ ਦੀ ਮਿਸਾਲ ਦੇਣ ਵਾਲੀ ਕੌਮ ਅਤੇ ਇਸਦੇ ਨਾਮਧਰੀਕ ਸਿੱਖ ਅਤੇ ਸਿੱਖ ਆਗੂ ਆਪ ਇੱਕ ਜਾਂ ਦੋ ਨਹੀਂ ਬਲਕਿ ਸੈਂਕੜੇ ਜਾਤਾਂ/ਪਾਤਾਂ ਵਿੱਚ ਵੰਡੇ ਪਏ ਹਨ ਜਿਸਦੇ ਸਿੱਟੇ ਵੱਜੋਂ ਇੱਕ ਨਗਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਥਾਂ ਇੱਕ ਨਗਰ ਵਿੱਚ ਪੰਜ ਜਾਂ ਪੰਜ ਤੋਂ ਵੀ ਵੱਧ ਗੁਰਦੁਆਰੇ ਖੜ੍ਹੇ ਕਰ ਦਿੱਤੇ ਗਏ, ਜੋ ਕੇਵਲ ਤੇ ਕੇਵਲ ਸਾਲ ਬਾਅਦ ਇੱਕ ਆਪਣੀ ਬਰਾਦਰੀ ਨਾਲ ਸਬੰਧਿਤ ਸਮਾਗਮ ਕਰਵਾਉਣ ਜਾਂ ਪ੍ਰਧਾਨਗੀਆਂ ਦੇ ਲਾਲਚ ਵੱਸ ਆਪਣੀ ਚੌਧਰ ਚਮਕਾਉਣ ਤੱਕ ਸੀਮਿਤ ਹਨ ਅਤੇ ਜਿਆਦਾਤਰ ਅਜਿਹੇ ਗੁਰੂ ਘਰਾਂ ਵਿੱਚ ਨਾ ਸਰੋਵਰ ਹੈ, ਨਾ ਲਾਇਬ੍ਰੇਰੀ, ਨਾ ਮੱਲ੍ਹ ਅਖਾੜਾ, ਨਾ ਦਵਾਖਾਨਾ, ਨਾ ਰਾਹਗੀਰ ਲਈ ਰਿਹਾਇਸ਼, ਨਾ ਕੋਈ ਪੁਖਤਾ ਲੰਗਰ ਦਾ ਪ੍ਰਬੰਧ ਹੈ, ਨਾ ਕਥਾ ਪ੍ਰਚਾਰ ਨਾਂ ਗੁਰਮਤਿ ਪ੍ਰਚਾਰ। ਪਰ ਅਜਿਹੇ ਗੁਰੂ ਘਰਾਂ ਦੀ ਗਿਣਤੀ ਵਿੱਚ ਬੇਰੋਕ ਵਾਧਾ ਹੋਇਆ ਹੈ ਅਤੇ ਵਾਧਾ ਜਾਰੀ ਹੈ।

ਜੇਕਰ ਅਸੀਂ ਵਾਕੇਈ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਜਾਂ ਉਸ ਮਹਾਨ ਵਿਚਾਰਧਾਰਾ ਨੂੰ ਆਪਣੇ ਜੀਵਣ ਦਾ ਅੰਗ ਬਣਾਉਣ ਵਾਲੇ ਸਿੱਖ ਹੁੰਦੇ ਤਾਂ ਇੱਕ ਨਗਰ ਵਿੱਚ ਪੰਜ ਦੀ ਥਾਂ ਕੇਵਲ ਇੱਕ ਗੁਰਦੁਆਰਾ ਹੁੰਦਾ, ਜੋ ਕਿਸੇ ਕਾਰੋਬਾਰੀ ਨਾਂਵਾਂ ਵਾਂਙ ਬਿਨ੍ਹਾਂ ਕਿਸੇ ਜਾਤ/ਬਰਾਦਰੀ ਦੇ ਨਾਂ ਤੋਂ ਹੁੰਦਾ ਅਤੇ ਉੱਥੇ ਉਹ ਸਾਰੀਆਂ ਸਹੂਲਤਾਂ ਜਾਂ ਖੂਬੀਆਂ ਹੁੰਦੀਆਂ ਜਿਸ ਲਈ ਇਹ ਗੁਰੁਆਰਾ ਸੰਸਥਾ ਹੌਂਦ ਵਿੱਚ ਆਈ ਸੀ ਤਾਂ ੨੪ ਘੰਟੇ ਸੰਗਤ ਦਾ ਆਣ-ਜਾਣ ਬਣਿਆ ਰਹਿੰਦਾ, ਮੱਲ੍ਹ ਅਖਾੜੇ ਵਿੱਚ ਸ਼ਾਮੀਂ ਨੌਜਵਾਨ ਆਉਂਦੇ, ਵਿਦਿਆਰਥੀ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਆਉਂਦੇ, ਗੁਰਦੁਆਰਾ ਕਮੇਟੀ ਦਾ ਕੋਈ ਨਾ ਕੋਈ ਮੈਂਬਰ ਰੋਜ਼ਾਨਾ ਡਿਊਟੀ ਬਦਲ ਕੇ ਗੋਲਕ ਨੋਟ ਕਰਨ ਦੀ ਥਾਂ ਸ਼ਾਮੀਂ ਗੁਰਦੁਆਰਾ ਸਾਹਿਬ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ/ਪੇਸ਼ੀ ਨਾ ਰਹਿ ਜਾਵੇ ਦੇਖਣ ਲਈ ਆਉਂਦਾ ਤਾਂ ਦਾਅਵੇ ਨਾਲ ਇਹ ਗੱਲ ਆਖੀ ਜਾ ਸਕਦੀ ਹੈ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰ ਜਾਂ ਪੰਥ ਦੋਖੀ ਦੀ ਹਿੰਮਤ ਨਾ ਪੈਂਦੀ ਉਹ ਗੁਰਦ੍ਵਾਰਾ ਸਾਹਿਬ ਦੀ ਹਦੂਦ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਕੋਈ ਛੇੜਛਾੜ ਕਰਨ ਦਾ ਹੀਆ ਨਹੀਂ ਸੀ ਕਰ ਸਕਦਾ।

ਖ਼ੈਰ! ਹੱਲ ਕੀ ਹੋਵੇ। ਕਿਸੇ ਵੀ ਸਮੱਸਿਆ ਦਾ ਹੱਲ ਨਾ-ਮੁਮਕਿਨ ਨਹੀਂ ਹੁੰਦਾ, ਬੱਸ ਸੋਚ ਤੇ ਵਿਚਾਰ ਵੱਡੇ ਕਰਕੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ, ਮਨਾਂ ਅੰਦਰ ਦੀ ਹਉਮੈਂ ਨੂੰ ਧੋ ਕੇ 'ਇੱਕ ਪਿੰਡ ਇੱਕ ਗੁਰਦੁਆਰਾ' ਲਹਿਰ ਦਾ ਤਨੋਂ ਮਨੋਂ ਸਮਰੱਥਨ ਕਰੀਏ ਅਤੇ ਇੱਕ ਇੱਕ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਮੁੱਖ ਤੌਰ ਤੇ ਰੱਖੀਏ। ਸਵਾਲ ਉੱਠੇਗਾ ਕਿ ਬਾਕੀ ਗੁਰਦੁਆਰਾ ਸਾਹਿਬਾਨਾਂ ਦੀਆਂ ਇਮਾਰਤਾਂ ਦਾ ਕੀ ਕੀਤਾ ਜਾਵੇਗਾ ਤਾਂ ਉਹਨਾਂ ਬਾਕੀ ਗੁਰਦੁਆਰਾ ਇਮਾਰਤਾਂ ਦੀ ਵਰਤੋਂ ਵੀ ਪਹਿਲਾਂ ਦੀ ਤਰ੍ਹਾਂ ਰੋਜ਼ਾਨਾ ਹੋਵੇਗੀ ਪਰ ਰੂਪ ਰੇਖਾ ਬਦਲ ਕੇ, ਜਿਵੇਂ ਮਿਸਾਲ ਦੇ ਤੌਰ ਤੇ ਇੱਕ ਪਿੰਡ ਵਿੱਚ ਪੰਜ ਗੁਰਦੁਆਰਾ ਸਾਹਿਬ ਹਨ। ਇਹਨਾਂ ਵਿੱਚੋਂ ਇੱਕ ਗੁਰਦੁਆਰਾ ਚੁਣ ਲਿਆ ਜਾਵੇ, ਜੋ ਵੱਡਾ ਹੈ, ਜਿਸ ਵੱਲ ਨੂੰ ਪਿੰਡ ਦਾ ਰਾਹ ਸੌਖਾ ਜਾਂਦਾ ਹੈ ਅਤੇ ਜਿਥੇ ਕਾਰਾਂ/ਮੋਟਰਾਂ ਆਦਿ ਸੌਖੀਆਂ ਖੜ੍ਹ ਸਕਦੀਆਂ ਹਨ। ਇਸ ਨੂੰ ਮੁੱਖ ਗੁਰਦੁਆਰਾ ਮੰਨ ਲਿਆ ਜਾਵੇ। ਜਿਹੜੇ ਬਾਕੀ ੪ ਗੁਰਦੁਆਰਾ ਸਾਹਿਬ ਹਨ, ਉਹਨਾਂ ਵਿੱਚੋਂ ਇੱਕ ਵਿੱਚ ਲੋੜਵੰਦਾਂ ਲਈ ਵਧੀਆ ਦਵਾਖਾਨਾ/ਡਿਸਪੈਂਸਰੀ ਖੋਲ੍ਹ ਦਿੱਤੀ ਜਾਵੇ ਤਾਂ ਕਿ ਹਨੇਰੇ ਸਵੇਰੇ, ਸੁੱਖ-ਦੁੱਖ ਵੇਲੇ ਸ਼ਹਿਰਾਂ ਵੱਲ ਨੂੰ ਨਾ ਭੱਜਣਾ ਪਏ। ਦੂਜੀ ਗੁਰਦੁਆਰਾ ਇਮਾਰਤ ਵਿੱਚ ਵਧੀਆ ਲਾਇਬ੍ਰੇਰੀ ਖੋਲ੍ਹ ਦਿੱਤੀ ਜਾਵੇ, ਜਿਸ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀਆਂ ਕਿਤਾਬਾਂ ਮੁਫਤ ਵਿੱਚ ਉੱਥੇ ਪੁੱਜਦਾ ਕੀਤੀਆਂ ਜਾਣ, ਇਸ ਦੇ ਨਾਲ ਹੀ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦੇ ਸਿਲੇਬਸ ਦੀਆਂ ਕਿਤਾਬਾਂ ਵੀ ਰੱਖੀਆਂ ਜਾਣ, ਜੋ ਸਾਲ ਪੜ੍ਹਾਈ ਕਰਨ ਤੋਂ ਬਾਅਦ ਮੁੜ ਉੱਥੇ ਜਮ੍ਹਾਂ ਕਰਵਾ ਦੇਣ ਤਾਂ ਕਿ ਅਗਲੇ ਸਾਲ ਹੋਰਨਾਂ ਵਿਦਿਆਰਥੀਆਂ ਦੀ ਮੱਦਦ ਹੋ ਸਕੇ। ਤੀਸਰੀ ਇਮਾਰਤ ਵਿੱਚ ਵਧੀਆ ਜਿੰਮ/ ਅਖਾੜਾ ਬਣਾਇਆ ਜਾਵੇ, ਜਿਸ ਵਿੱਚ ਪਿੰਡ ਦੀ ਪੰਚਾਇਤ ਜਾਂ ਸਰਪੰਚ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਨਵੇਂ ਜ਼ਮਾਨੇ ਦੀ ਤਕਨੌਲਜੀ ਮੁਹੱਈਆ ਕਰਬਾਈ ਗਈ ਹੋਵੇ ਅਤੇ ਨੌਜਵਾਨ ਚਾਅ ਨਾਲ ਉਸ ਵੱ ਪ੍ਰੇਰੇ ਜਾਣ ਅਤੇ ਨਸ਼ਿਆਂ ਤੋਂ ਬੱਚ ਸਕਣ। ਚੌਥੀ ਇਮਾਰਤ ਵਿੱਚ ਗੁਰਮਤ ਪ੍ਰਚਾਰ ਕੇਂਦਰ ਜਾਂ ਪੰਜਾਬੀ ਮਾਂ ਬੋਲੀ ਦੀ ਮੁਫਤ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਜਾਵੇ ਜਾਂ ਪਿੰਡਾਂ ਦੀਆਂ ਲੋੜਵੰਦ ਲੜਕੀਆਂ ਵਾਸਤੇ ਕੰਪਿਊਟਰ ਸਿਖਲਾਈ ਸੈਂਟਰ ਖੋਲ੍ਹਿਆ ਜਾਵੇ। ਇਹ ਮੇਰੇ ਨਿੱਜੀ ਵਿਚਾਰ ਹਨ ਇਸ ਬਾਰੇ ਬੁੱਧਜੀਵੀ ਹੋਰ ਵਿਚਾਰ ਵੀ ਕਰ ਸਕਦੇ ਹਨ। ਅੱਜ ਵੀ ਸਮੁੱਚਾ ਪੰਥ ਤਹੱਈਆ ਕਰ ਲਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅੱਗੇ ਸੀਸ ਝੁਕਾ ਕੇ ਆਪੋ ਆਪਣੇ ਪਿੰਡਾਂ ਨਗਰਾਂ ਵਿੱਚੋਂ ਬਹੁਤਿਆਂ ਦੀ ਥਾਂ ਕੇਵਲ ਇੱਕ ਗੁਰਦੁਆਰਾ ਕਾਇਮ ਕੀਤਾ ਜਾਵੇਗਾ ਜਿੱਥੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਜਾਵੇਗਾ। ਜਿੱਥੋ ਹਰੇਕ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇਗੀ ਤਾਂ ਪੱਕੀ ਗੱਲ ਹੈ ਇਸਦੇ ਬਹੁਤ ਵਧੀਆ ਸਿੱਟੇ ਨਿਕਲ ਸਕਣਗੇ। ਅੱਜ ਗੁਰਦੁਆਰਾ ਸੰਸਥਾ ਮਜਬੂਤ ਕਰਨ ਦੀ ਲੋੜ ਹੈ ਤਾਂ ਕਿ ਆਪਣੀ ਨੌਜਵਾਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਿਆ ਜਾ ਸਕੇ।

ਬਾਬਾ ਗੁਰੂ ਨਾਨਕ ਜੀ ਦਾ ੫੫੦ਵਾਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਆਓ! ਆਪਣੇ ਆਪ ਨਾਲ ਪ੍ਰਣ ਕਰੀਏ ਅਤੇ ਬਾਬਾ ਗੁਰੂ ਨਾਨਕ ਜੀ ਨੂੰ ਆਪਣਾ ਰੋਲ ਮਾਡਲ ਮੰਨਦੇ ਹੋਏ, ਮਨੁੱਖਤਾ ਦੇ ਭਲਾਈ ਲਈ ਜਤਨ ਅਰੰਭ ਕਰੀਏ। ਗੁਰੂ ਰਾਖਾ !!

 

ਇਕਵਾਕ ਸਿੰਘ ਪੱਟੀ