ਪ੍ਰਿੰਅਕਾ ਗਾਂਧੀ ਨਾਲ ਮਾੜਾ ਵਿਵਹਾਰ ਭਾਜਪਾ ਦੀ ਗੰਦੀ ਰਾਜਨੀਤੀ ਦਾ ਪ੍ਰਤੀਕ : ਜਾਖੜ
Mon 30 Dec, 2019 0ਉਤਰ ਪ੍ਰਦੇਸ਼ ਵਿਚ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਵਲੋਂ ਨਾਜਾਇਜ਼ ਤੌਰ 'ਤੇ ਰੋਕੇ ਜਾਣ ਅਤੇ ਪੁਲਿਸ ਵਲੋਂ ਅਭੱਦਰ ਵਿਹਾਰ ਕਰਨ ਦੀ ਸਖ਼ਤ ਨਿੰਦਿਆ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਕਿ ਜਿਸ ਦੇਸ਼ ਵਿਚ ਔਰਤ ਨੂੰ ਦੇਵੀ ਦਾ ਰੂਪ ਕਿਹਾ ਜਾਂਦਾ ਹੋਵੇ ਉਥੇ ਔਰਤਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਭਾਜਪਾ ਸਰਕਾਰ ਦੀ ਔਰਤ ਜਾਤੀ ਪ੍ਰਤੀ ਨਫ਼ਰਤ ਨੂੰ ਉਜਾਗਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਭਾਜਪਾ ਸਰਕਾਰ ਨੇ ਬੇਟੀ ਬਚਾਉ ਬੇਟੀ ਪੜ੍ਹਾਉ ਯੋਜਨਾ ਸ਼ੁਰੂ ਕੀਤੀ ਉਸੇ ਦੇ ਰਾਜ ਵਿਚ ਦੇਸ਼ ਦੀ ਬੇਟੀ ਨਾਲ ਇਸ ਤਰ੍ਹਾਂ ਦਾ ਵਿਹਾਰ ਭਾਜਪਾ ਸਰਕਾਰ ਦੀ ਮੰਦੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿੰਅਕਾ ਗਾਂਧੀ ਨੇ ਨਾਗਰਿਕ ਸੋਧ ਬਿੱਲ ਵਿਰੁਧ ਜੋ ਦੇਸ਼ ਵਿਆਪੀ ਅੰਦੋਲਨ ਚਲਾਇਆ ਹੈ ਉਸੇ ਤੋਂ ਘਬਰਾ ਕੇ ਮੋਦੀ ਸਰਕਾਰ ਉਨ੍ਹਾਂ ਨਾਲ ਅਜਿਹਾ ਵਿਹਾਰ ਕਰ ਰਹੀ ਹੈ।
ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਕਾਂਗਰਸ ਪਾਰਟੀ 30 ਦਸੰਬਰ ਨੂੰ ਲੁਧਿਆਣਾ ਵਿਖੇ ਨਾਗਰਿਕਤਾ ਸੋਧ ਬਿਲ ਵਿਰੁਧ ਇਕ ਰੋਸ਼ ਪ੍ਰਦਰਸ਼ਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਰੋਸ ਮਾਰਚ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ, ਪੰਜਾਬ ਕੈਬਨਿਟ ਦੇ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਆਗੂ ਸ਼ਿਰਕਤ ਕਰਣਗੇ। ਉਨ੍ਹਾਂ ਨੇ ਪੰਜਾਬੀਆਂ ਨੂੰ ਇਸ ਮਾਰਚ ਵਿਚ ਸ਼ਾਮਿਲ ਹੋਣ ਦਾ ਸੱਦਾ ਦਿਤਾ।
ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਭਾਜਪਾ ਦੇ ਪ੍ਰਦੇਸ਼ ਯੂਨਿਟ ਨੂੰ ਵੀ ਸਵਾਲ ਕੀਤਾ ਹੈ ਕਿ ਉਹ ਦਸਣ ਕਿ ਕੇਂਦਰ ਸਰਕਾਰ ਤੋਂ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦੁਆਈਆਂ ਗਈਆਂ ਹਨ ਜਾਂ ਪੰਜਾਬ ਲਈ ਹੋਰ ਕਿਹੜੇ ਪ੍ਰਾਜੈਕਟ ਅਤੇ ਸਕੀਮਾਂ ਪੰਜਾਬ 'ਚ ਲਿਆਂਦੀਆਂ ਗਈਆਂ ਹਨ।
Comments (0)
Facebook Comments (0)