
ਰੋਗਾਂ ਲਈ ਦੋਸ਼ੀ ਕੌਣ? ਰੱਬ ਨਹੀਂ ਅਸੀ ਖ਼ੁਦ ਹਾਂ
Tue 12 Feb, 2019 0
ਮੇਰਾ ਇਕੋ ਵਿਸ਼ਾ ਰਿਹਾ ਹੈ ਪੇਟ ਜਿਸ ਬਾਰੇ ਅਸੀ ਸਾਰੇ ਜਾਣਦੇ ਹੀ ਹਾਂ, ਜਾਣਬੁੱਝ ਕੇ ਗ਼ਲਤੀਆਂ ਕਰਨਾ ਸਾਡੀ ਆਦਤ ਬਣ ਚੁੱਕੀ ਹੈ। ਗ਼ਲਤੀਆਂ ਆਪ ਕਰ ਕੇ ਦੋਸ਼ ਰੱਬ ਨੂੰ ਦੇਣਾ ਇਹ ਕਿਥੋਂ ਦੀ ਦਿਆਨਤਦਾਰੀ ਹੈ? ਮਨੁੱਖ ਸਵੇਰੇ ਉਠਦਾ ਹੈ, ਸ੍ਰੀਰ ਦੀ ਸਫ਼ਾਈ ਬੜੇ ਧਿਆਨ ਨਾਲ ਕਰਦਾ ਹੈ। ਪਰ ਅੰਦਰੋਂ ਸਫ਼ਾਈ ਕੌਣ ਕਰੂ? ਬੈੱਡ ਟੀ? ਨਹੀਂ ਭਾਈ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਪਾਣੀ (ਗੁਨਗੁਣਾ) ਪੀਉ, ਉਹ ਵੀ ਘੱਟੋ ਘੱਟ ਵੱਡਾ ਗਿਲਾਸ। ਫਿਰ ਕੁੱਝ ਕਸਰਤ ਕਰੋ, ਸਿਮਰਨ ਕਰੋ। ਫਿਰ ਪੇਟ ਪੂਜਾ ਕਰੋ। ਪਰ ਚਾਹ ਉਹ ਵੀ ਗਰਮਾ ਗਰਮ ਨਹੀਂ ਪੀਣੀ, ਘੀ ਨਾਲ ਗੱਚ ਪਰੌਂਠੇ ਨਾ ਖਾਉ, ਤਲੀਆਂ ਚੀਜ਼ਾਂ ਨਾ ਖਾਉ।
ਜੇ ਖਾ ਲਈਆਂ ਤਾਂ ਪਛਤਾਵੀਂ ਨਾ, ਰੱਬ ਨੂੰ ਦੋਸ਼ ਨਾ ਦੇਵੀਂ। ਕਰਮਾਂ ਦਾ ਫੱਲ ਭੁਗਤੀਂ, ਪੇਟ ਖ਼ਰਾਬ, ਲਿਵਰ ਫ਼ੈਟੀ, ਇਹ ਤਾਂ ਹੋਣਾ ਹੀ ਸੀ। ਗੁੱਸਾ ਨਾ ਕਰਿਉ। ਸਾਡੇ ਨਾਲੋਂ ਤਾਂ ਪਸ਼ੂ ਸਿਆਣੇ ਹਨ। ਇਕ ਵਾਰ ਪੱਠੇ ਪਾ ਦਿਉ ਰੱਜ ਕੇ ਖਾਣ ਤੋਂ ਬਾਅਦ ਵੇਖਦੇ ਤਕ ਨਹੀਂ। ਅਸੀ ਤਾਂ ਉਨ੍ਹਾਂ ਤੋਂ ਵੀ ਕੁੱਝ ਨਹੀਂ ਸਿਖਿਆ। ਪਸ਼ੂ ਕਦੇ ਮਾਸ ਨਹੀਂ ਖਾਂਦੇ, ਮਾਸ ਖਾਣ ਵਾਲੇ ਕਦੇ ਸਾਗ ਨਹੀਂ ਖਾਂਦੇ। ਸ਼ੇਰ ਦੇ ਸਾਹਮਣੇ ਜਿਨੇ ਮਰਜ਼ੀ ਪੱਠੇ ਪਾ ਦਿਉ, ਵੇਖੇਗਾ ਤਕ ਨਹੀਂ। ਉਨ੍ਹਾਂ ਉਪਰ ਆਰਾਮ ਜ਼ਰੂਰ ਕਰ ਲਵੇਗਾ। ਪਰ ਅੱਜ ਦਾ ਮਨੁੱਖ, ਕੋਈ ਬੰਨ੍ਹ ਸੁਬ ਨਹੀਂ। ਜੋ ਮਰਜ਼ੀ ਦੇਈ ਚਲੋ, ਸੱਭ ਕੁੱਝ ਛਕੀਂ ਜਾਵੇਗਾ। ਹੁਣ ਦੱਸੋ, ਦੋਸ਼ੀ ਕੌਣ ਹੈ? ਰੱਬ ਜਾਂ ਅਸੀ?
ਇਹ ਮਰਿਆਦਾ ਹੈ ਅਕਾਲ ਪੁਰਖ ਜੀ ਦੀ ਕਿ ਭਾਈ ਤਿੰਨ ਵਾਰ ਭੋਜਨ ਜ਼ਰੂਰ ਛਕੋ, ਲੋੜ ਅਨੁਸਾਰ ਛਕੋ, ਸਾਦਾ ਛਕੋ, ਭਾਰੀ ਖਾਣਾ ਨਾ ਖਾਉ, ਬੱਚਿਆਂ ਤੇ ਬੁਢਿਆਂ ਲਈ ਤਾਂ ਭਾਰੀ ਖਾਣਾ ਬਹੁਤ ਨੁਕਸਾਨਦੇਹ ਹੈ। ਜਦੋਂ ਭੁੱਖ ਲੱਗੇ ਤਾਂ ਭੁੱਖ ਨੂੰ ਮਾਰੋ ਨਾ, ਪਾਣੀ ਵਧੇਰੇ ਪੀਉ। ਅਸੀ ਕਹਿੰਦੇ ਤਾਂ ਹਾਂ ਪਰ ਮੰਨਦਾ ਕੌਣ ਹੈ? ਦੁਪਹਿਰ ਦਾ ਭੋਜਨ ਦੁਪਹਿਰ ਨੂੰ ਖਾਉ। 4 ਵਜੇ (ਤੀਜੇ ਪਹਿਰ) ਕਿਥੋਂ ਦੀ ਅਕਲ ਵਾਲੀ ਗੱਲ ਹੈ। ਦਸੋ ਤਾਂ ਸਹੀ। ਰਾਤ ਦਾ ਖਾਣਾ? ਅੱਜ ਤਾਂ ਅਸੀ ਇਸ ਵਕਤ ਦੀ ਮਰਿਆਦਾ ਹੀ ਪੂਰੀ ਤਰ੍ਹਾਂ ਬਦਲ ਦਿਤੀ ਹੈ। ਸ਼ਹਿਰਾਂ ਦਾ ਪ੍ਰਭਾਵ ਪਿੰਡਾਂ ਵਾਲਿਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।
ਰਾਤ ਨੂੰ ਗਿਆਰਾਂ ਵਜੇ ਭੋਜਨ ਕਰਨ ਵਾਲੇ ਤੁਸੀ ਆਪ ਹੀ ਦੱਸੋ ਕਿਵੇਂ ਤੰਦਰੁਸਤ ਰਹਿ ਸਕੋਗੇ? ਖਾਧਾ ਖਾਣਾ ਹਜ਼ਮ ਕਿਵੇਂ ਹੋਵੇਗਾ? ਉਸ ਦੇ ਹਜ਼ਮ ਨਾ ਹੋਣ ਕਾਰਨ ਕਈ ਰੋਗ ਪੈਦਾ ਹੋਣਗੇ। ਦੱਸੋ ਦੋਸ਼ੀ ਕੌਣ, ਰੱਬ ਜਾਂ ਅਸੀ? ਇਕ ਨਵੀਂ ਬਿਮਾਰੀ ਜੋ ਸੱਭ ਨੂੰ ਲੱਗ ਚੁੱਕੀ ਹੈ ਤੇ ਤੇਜ਼ੀ ਨਾਲ ਫੈਲ ਰਹੀ ਹੈ, ਇਹ ਬਿਮਾਰੀ ਹੈ ਇੰਟਰਨੈੱਟ ਦੀ। ਲੋਕ ਸਾਰੀ ਸਾਰੀ ਰਾਤ ਸੌਂਦੇ ਨਹੀਂ। ਨੀਦ ਨਾ ਪੂਰੀ ਹੋਣ ਨਾਲ ਕਈ ਰੋਗ ਪੈਦਾ ਹੁੰਦੇ ਹਨ। ਸੱਭ ਜਾਣਦੇ ਹਨ, ਪਰ ਜਾਣਬੁੱਝ ਕੇ ਗ਼ਲਤੀ ਕਰਨੀ ਕਿਥੋਂ ਦੀ ਸਿਆਣਪ ਹੈ? ਇਸ ਦੇ ਸਿੱਟੇ ਬਹੁਤ ਭਿਆਨਕ ਹੋਣਗੇ। ਭੁਗਤਣੇ ਕਿਸੇ ਹੋਰ ਨੇ ਨਹੀਂ, ਅਸੀ ਹੀ ਭੁਗਤਣੇ ਹਨ।
ਅੱਜ ਅਸੀ ਪਸੀਨਾ ਆਉਣ ਹੀ ਨਹੀਂ ਦਿੰਦੇ ਜਿਸ ਕਾਰਨ ਸਾਡੇ ਸ੍ਰੀਰ ਦੇ ਰੋਮ (ਸੁਖਮ ਛੇਦ) ਬੰਦ ਹੋ ਜਾਂਦੇ ਹਨ ਜਿਨ੍ਹਾਂ ਦੇ ਬੰਦ ਹੋਣ ਨਾਲ ਚਮੜੀ ਦੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਕੌਣ ਦੋਸ਼ੀ ਹੈ ਇਨ੍ਹਾਂ ਲਈ? ਬੱਚਿਆਂ ਨੂੰ ਮਿੱਟੀ ਵਿਚ ਖੇਡਣ ਨਹੀਂ ਦੇਣਾ। ਅੱਜ ਦੀ ਸਿਆਣੀ ਮਾਂ ਨੂੰ ਇਹ ਪਤਾ ਹੈ। ਪਰ ਇਹ ਨਹੀਂ ਪਤਾ ਮਿੱਟੀ ਵਿਚੋਂ ਬੱਚੇ ਨੇ ਕਿੰਨੇ ਲੋੜੀਂਦੇ ਤੱਤ ਪ੍ਰਾਪਤ ਕਰਨੇ ਹਨ। ਗੱਲ ਕਰਾਂ ਤਾਂ ਇਹ ਕਹਾਣੀ ਮੁਕਣ ਵਾਲੀ ਨਹੀਂ। ਵੀਰੋ ਦੋਸ਼ ਰੱਬ ਨੂੰ ਨਾ ਦਿਉ, ਦੋਸ਼ ਅਪਣੇ ਆਪ ਨੂੰ ਦਿਉ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧਿਆਨ ਨਾਲ ਪੜ੍ਹੋ। ਪੂਰੀ ਮਰਿਆਦਾ ਧਾਰਨ ਕਰੋ।
ਕਦੇ ਕੋਈ ਰੋਗ ਸੋਗ ਹੋ ਹੀ ਨਹੀਂ ਸਕਦਾ। ਅੰਤ ਵਿਚ ਇਹੀ ਕਹਾਂਗਾ ਵੱਧ ਤੋਂ ਵੱਧ ਪਾਣੀ ਪੀਉ। ਪਾਣੀ ਤੁਹਾਡੇ ਸ੍ਰੀਰ ਨੂੰ ਤੰਦਰੁਸਤ ਰਖੇਗਾ। ਜੇਕਰ ਸ੍ਰੀਰ ਤੰਦਰੁਸਤ ਹੈ ਤਾਂ ਮਨ ਵੀ ਤੰਦਰੁਸਤ ਰਹੇਗਾ। ਬਾਬੇ ਨਾਨਕ ਤੋਂ ਵੱਡਾ ਕੋਈ ਡਾਕਟਰ ਨਹੀਂ। ਇਕ ਨੁਸਖ਼ਾ : ਕਿਸੇ ਚੀਨੀ ਜਾਂ ਕੱਚ ਦੇ ਭਾਂਡੇ ਵਿਚ ਨਿੰਬੂ ਦਾ ਰਸ 5 ਕਿਲੋ, ਹਿੰਗ 70 ਗ੍ਰਾਮ, ਸੇਂਧਾ ਨਮਕ, ਵਾਵੜਿੰਗ, ਸੁੰਢ, ਕਾਲੀ ਸਿਰਚ, ਪਿਪਲੀ, ਅਜਵੈਣ ਸਾਰੇ 40-40 ਗ੍ਰਾਮ, ਕਾਲਾ ਨਮਕ 160 ਗ੍ਰਾਮ, ਸਰ੍ਹੋਂ 160 ਗ੍ਰਾਮ, ਸਾਰੀਆਂ ਚੀਜ਼ਾਂ ਕੁੱਟ ਕੇ ਬਾਰੀਕ ਕਰ ਕੇ ਕੱਚ ਦੇ ਭਾਂਡੇ ਵਿਚ ਪਾ ਦਿਉ। 21 ਦਿਨ ਬੰਦ ਰੱਖੋ। ਹਰ ਰੋਜ਼ ਹਿਲਾਉਂਦੇ ਰਹੋ।
ਫਿਰ ਵਰਤੋਂ ਕਰੋ। ਪੇਟ ਦੇ ਸਾਰੇ ਰੋਗਾਂ ਲਈ ਅਤਿ ਉੱਤਮ ਹੈ। ਸ੍ਰੀਰ ਵਿਚੋਂ ਤੇਜ਼ਾਬੀ ਤੱਤ ਪੇਸ਼ਾਬ, ਪਸੀਨੇ, ਪਖ਼ਾਨੇ ਰਾਹੀਂ ਬਾਹਰ ਕਢਦਾ ਹੈ। ਖ਼ੁਰਾਕ 5 ਤੋਂ 10 ਗ੍ਰਾਮ। ਖ਼ਾਲੀ ਪੇਟ ਸਵੇਰੇ ਕੋਸੇ ਪਾਣੀ ਨਾਲ, ਰਾਤ ਨੂੰ ਰੋਟੀ ਤੋਂ ਬਾਅਦ ਕੋਸੇ ਪਾਣੀ ਨਾਲ। ਨਵੇਂ ਫੁੱਲਬਹਿਰੀ ਦੇ ਰੋਗੀਆਂ ਲਈ ਵੀ ਬਹੁਤ ਵਧੀਆ ਹੈ। ਬੇਨਤੀ ਫ਼ੋਨ ਬਹੁਤ ਘੱਟ ਤੇ ਦਿਨ ਵਿਚ ਹੀ ਕਰੋ ਜੀ। ਹੋਰ ਵੀ ਰੁਝੇਵੇਂ ਹਨ।
ਸੰਪਰਕ : 90411-66897
Comments (0)
Facebook Comments (0)