
ਬੇਵਸੀ---ਆਸ਼ੀਸ਼ ਕੁਮਾਰ
Thu 18 Jun, 2020 0
ਬੇਵਸੀ
ਇਹ ਕਹਾਣੀ ਮੇਰੇ ਪਿਆਰੇ ਸੂਰਜ ਦੀ ਹੈ।ਅਜੇ ਕੁਝ ਕੁ ਦਿਨ ਹੀ ਹੋਏ ਸੀ ਮੇਰੇ ਸਕੂਲ ਆਏ ਨੂੰ।ਰੋਜ਼ ਦੀ ਤਰ੍ਹਾਂ ਸਵੇਰ ਦੀ ਸਭਾ ਪੂਰੀ ਕਰਵਾਈ।ਸਾਰੇ ਬੱਚੇ ਆਪੋ ਆਪਣੀ ਜਮਾਤ ਵਿੱਚ ਚਲੇ ਗਏ।ਮੈਂ ਵੀ ਬੱਚਿਆਂ ਦਾ ਹਾਜ਼ਰੀ ਰਜਿਸਟਰ ਲੈ ਕੇ ਜਮਾਤ ਵਿੱਚ ਗਿਆ। ਮੈਂ ਹਾਜ਼ਰੀ ਲਗਾ ਰਿਹਾ ਸੀ ਕਿ ਇੱਕ ਵਿਅਕਤੀ ਸਕੂਲ ਵਿੱਚ ਆਇਆ।ਹਾਜ਼ਰੀ ਲਗਾਉਣ ਤੋਂ ਬਾਅਦ ਮੈਂ ਉਸ ਨੂੰ ਦਫਤਰ ਵਿੱਚ ਲੈ ਗਿਆ।ਪੁੱਛਣ ਤੇ ਪਤਾ ਲੱਗਾ ਕਿ ਉਹ ਪੰਜਵੀ ਜਮਾਤ ਦੇ ਵਿਦਿਆਰਥੀ ਸੂਰਜ ਦਾ ਪਿਤਾ ਹੈ।ਉਹ ਵਿਅਕਤੀ ਪਿੰਡ ਵਿੱਚ ਹੀ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।ਉਹ ਵਿਆਕਤੀ ਆਪਣੇ ਬੇਟੇ ਸੂਰਜ ਦੀ ਸ਼ਿਕਾਇਤ ਲੈ ਕੇ ਮੇਰੇ ਕੋਲ ਆਇਆ ਸੀ।ਉਸ ਨੇ ਮੈਨੂੰ ਦੱਸਿਆ ਕਿ ਸੂਰਜ ਘਰ ਵਿੱਚ ਬਹੁਤ ਸ਼ਰਾਰਤਾਂ ਕਰਦਾ ਹੈ।ਕਿਸੇ ਦਾ ਕਹਿਣਾ ਨਹੀਂ ਮੰਨਦਾ।ਘਰ ਵਿੱਚ ਗੰਦੀ ਸ਼ਬਦਾਵਲੀ ਵਰਤਦਾ ਹੈ ਅਤੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਕੁੱਟਦਾ ਵੀ ਹੈ।ਮੇਰਾ ਸਬਜ਼ੀ ਦਾ ਕੰਮ ਹੈ।ਕਦੇ ਕਦੇ ਤਾਂ ਸਾਰੀਆਂ ਸਬਜ਼ੀਆਂ ਹੀ ਖਿਲਾਰ ਦਿੰਦਾ ਹੈ।ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ।ਮੈਂ ਸੂਰਜ ਨੂੰ ਦਫਤਰ ਵਿੱਚ ਬੁਲਾ ਕੇ ਉਸਦੇ ਪਿਤਾ ਦੇ ਸਾਹਮਣੇ ਬਹੁਤ ਡਾਂਟਿਆ।ਉਸ ਨੂੰ ਆਪਣੇ ਪਿਤਾ ਸਾਹਮਣੇ ਸ਼ਰਮ ਮਹਿਸੂਸ ਹੋਈ ਅਤੇ ਰੋਣ ਲੱਗ ਪਿਆ ਪਰ ਉਹ ਕੁਝ ਨਹੀਂ ਬੋਲਿਆ।ਉਸ ਤੋਂ ਬਾਅਦ ਉਹ ਵਿਅਕਤੀ ਚਲਾ ਗਿਆ।ਮੈਂ ਵੀ ਜਮਾਤ ਵਿੱਚ ਆ ਗਿਆ।ਮੈਂ ਕੁਝ ਦਿਨਾਂ ਤੱਕ ਬੱਚੇ ਵੱੱਲ ਵਿਸ਼ੇਸ਼ ਧਿਆਨ ਦਿੱਤਾ।ਪਰ ਉਹ ਬੱਚਾ ਜਮਾਤ ਵਿੱਚ ਕੋਈ ਸ਼ਰਾਰਤ ਨਹੀਂ ਕਰਦਾ ਸੀ।ਬੱਚੇ ਦਾ ਕੰਮ ਵੀ ਪੂਰਾ ਹੁੰਦਾ ਸੀ।ਉਸਦੇ ਪਿਤਾ ਨੇ ਉਸ ਤੋਂ ਬਾਅਦ ਵੀ ਕਈ ਵਾਰ ਸੂਰਜ ਦੀ ਸ਼ਿਕਾਇਤ ਮੇਰੇ ਕੋਲ ਕੀਤੀ।ਮੈਂ ਸੋਚ ਰਿਹਾ ਸੀ ਕਿ ਜੋ ਬੱਚਾ ਸਕੂਲ ਵਿੱਚ ਪੂਰੇ ਅਨੁਸ਼ਾਸ਼ਨ ਵਿੱਚ ਰਹਿੰਦਾ ਹੈ ਉਹ ਘਰ ਵਿੱਚ ਕਿਵੇਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰ ਸਕਦਾ ਹੈ। ਇੱਕ ਦਿਨ ਉਸ ਬੱਚੇ ਦੀ ਮਾਂ ਸਕੂਲ ਆਈ।ਮੈਂ ਉਸਦੀ ਮਾਂ ਨੂੰ ਸਹਿਜ-ਸੁਭਾਅ ਹੀ ਪੁੱਛ ਲਿਆ ਕਿ ਸੂਰਜ ਹੁਣ ਤਾਂ ਨੀ ਸ਼ਰਾਰਤਾ ਕਰਦਾ।ਉਸਦੀ ਮਾਂ ਨੇ ਕਿਹਾ ਕਿ ਸੂਰਜ ਤਾਂ ਕਦੇ ਕੋਈ ਸ਼ਰਾਰਤ ਕਰਦਾ ਹੀ ਨਹੀਂ।ਉਹ ਤਾਂ ਮੇਰਾ ਬਹੁਤ ਹੀ ਸਿਆਣਾ ਪੁੱਤ ਹੈ।ਮੈਂ ਉਸਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ।ਫਿਰ ਮੈਂ ਸੂਰਜ ਦੀ ਮਾਂ ਨੂੰ ਸੂਰਜ ਦੇ ਪਿਤਾ ਵੱਲੋਂ ਕੀਤੀ ਸ਼ਿਕਾਇਤ ਬਾਰੇ ਦੱਸਿਆ।ਇਹ ਸੁਣ ਕੇ ਉਸਦੀ ਮਾਂ ਰੋਣ ਲੱਗ ਪਈ।ਉਸਨੇ ਦੱਸਿਆ ਕਿ ਇਹ ਸੂਰਜ ਦਾ ਅਸਲੀ ਪਿਤਾ ਨਹੀਂ ਹੈ।ਮੇਰਾ ਇਸ ਵਿਅਕਤੀ ਨਾਲ ਦੂਸਰਾ ਵਿਆਹ ਹੋਇਆ ਹੈ।ਇਸ ਲਈ ਮੇਰਾ ਪਤੀ ਸੂਰਜ ਨੂੰ ਬਿਲਕੁਲ ਪਸੰਦ ਨਹੀਂ ਕਰਦਾ।ਉਹ ਸੂਰਜ ਨਾਲ ਬਹੁਤ ਨਫਰਤ ਕਰਦਾ ਹੈ ਅਤੇ ਸੂਰਜ ਨੂੰ ਮਾਰਦਾ ਕੁੱਟਦਾ ਵੀ ਹੈ।ਇਹ ਸਭ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ।ਉਸ ਤੋਂ ਬਾਅਦ ਮੈਂ ਸੂਰਜ ਦੇ ਪਿਤਾ ਦੀ ਕੋੋਈ ਗੱਲ ਨਹੀਂ ਸੁਣੀ।ਮੈਂ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਦੇ ਘਰ ਦੇ ਮਹੌਲ ਵਿੱਚ ਬੱਚੇ ਦੀ ਮਾਨਸਿਕਤਾ ਤੇ ਕਿੰਨਾਂ ਬੁਰਾ ਪ੍ਰਭਾਵ ਪੈਂਦਾ ਹੋਵੇਗਾ।ਇਸ ਲਈ ਮੈਂ ਸੂਰਜ ਦਾ ਵਿਸ਼ੇਸ਼ ਧਿਆਨ ਰੱਖਣ ਲੱਗ ਪਿਆ।ਹੁਣ ਪੰਜਵੀ ਜਮਾਤ ਵਿੱਚੋਂ ਸੂਰਜ ਪਾਸ ਹੋ ਗਿਆ।ਉਸ ਦਾ ਪੂਰਾ ਪਰਿਵਾਰ ਪਿੰਡ ਛੱਡ ਕੇ ਚਲਾ ਗਿਆ।ਰੱਬ ਹੀ ਜਾਣਦਾ ਹੈ ਕਿ ਉਹ ਬੱਚਾ ਕਿਸ ਹਲਾਤ ਵਿੱਚ ਹੋਵੇਗਾ।ਮੈਂ ਅੱਜ ਵੀ ਸੋਚਦਾ ਹਾਂ ਕਿ ਸਾਡੇ ਸਮਾਜ ਵਿੱਚ ਸੂਰਜ ਵਰਗੇ ਅਨੇਕਾਂ ਹੀ ਬੱਚੇ ਹੋਣਗੇ ਜਿਨ੍ਹਾਂ ਦੇ ਅੰਦਰ ਗੁਣ ਅਤੇ ਮਨਾਂ ਵਿੱਚ ਚਾਅ ਦੱਬੇ ਹੋਣਗੇ ਪਰ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਲਈ ਬੇਵਸ ਹੋਣਗੇ। ਆਸ਼ੀਸ਼ ਕੁਮਾਰ, ਸ.ਐ.ਸ ਬੁਰਜ ਦੇਵਾ ਸਿੰਘ
ਬਲਾਕ ਚੋਹਲਾ ਸਾਹਿਬ(ਤਰਨ ਤਾਰਨ)
ਸੰਪਰਕ: 95693-91839
Comments (0)
Facebook Comments (0)