ਬਰਗਾੜੀ ਕਾਂਡ ਨੇ ਨਾ ਲੱਗਣ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪੈਰ
Mon 30 Dec, 2019 0ਪੰਜਾਬ 'ਚ ਸੱਤਾ 'ਤੇ ਲਗਾਤਾਰ ਇੱਕ ਦਹਾਕਾ ਕਾਬਜ਼ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘੱਟ ਨਹੀਂ ਰਹੀਆਂ। ਸਾਲ 2017 ਵਿੱਚ ਅਕਾਲੀ ਦਲ ਦਾ ਸਿਆਸੀ ਤੌਰ 'ਤੇ ਪੈਰ ਉਖੜਨ ਦਾ ਦੌਰ ਸ਼ੁਰੂ ਹੋਇਆ ਸੀ, ਜੋ ਸਾਲ 2019 'ਚ ਵੀ ਜਾਰੀ ਰਿਹਾ। ਕੈਪਟਨ ਸਰਕਾਰ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦਾ ਸਿਆਸੀ ਲਾਹਾ ਲੈਣ 'ਚ ਵੀ ਅਕਾਲੀ ਕਾਮਯਾਬ ਨਹੀਂ ਹੋਏ। ਸਾਲ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਾਖ ਬਹਾਲੀ ਲਈ ਤਿੰਨ ਵੱਡੇ ਮੌਕੇ ਮਿਲੇ ਸਨ ਪਰ ਪਾਰਟੀ ਨੂੰ ਇਨ੍ਹਾਂ 'ਚ ਖਾਸ ਕਾਮਯਾਬੀ ਨਹੀਂ ਮਿਲ ਸਕੀ। ਪਹਿਲਾ ਮੌਕੇ ਸੰਸਦੀ ਚੋਣਾਂ, ਦੂਜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਤੀਜਾ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ਼ਤਾਬਦੀ ਜਸ਼ਨਾਂ ਦੀ ਸ਼ੁਰੂਆਤ ਕਰਨਾ ਸੀ। ਗੁਰਦੁਆਰਾ ਸੁਧਾਰ ਲਹਿਰ 'ਚੋਂ ਨਿਕਲੇ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਪਾਰਟੀ ਦੇ ਆਗੂਆਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲੱਗੇ ਹਨ। ਇਹ ਦੋਸ਼ ਅਕਾਲੀਆਂ 'ਤੇ ਸੱਤਾਧਾਰੀ ਹੁੰਦਿਆਂ ਲੱਗੇ, ਜੋ ਹੁਣ ਤੱਕ ਪਿੱਛਾ ਨਹੀਂ ਛੱਡ ਰਹੇ। ਅਕਾਲੀ ਦਲ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਅਤੇ 'ਰਿਆਸਤ' ਨੂੰ ਦੋ ਕੇਂਦਰੀ ਸਾਸ਼ਤ ਪ੍ਰਦੇਸ਼ਾਂ 'ਚ ਵੰਡਣ 'ਤੇ ਮੋਦੀ ਸਰਕਾਰ ਦੇ ਫੈਸਲੇ ਦੀ ਡਟਵੀਂ ਹਮਾਇਤ ਕੀਤੀ। ਅਕਾਲੀ ਦਲ ਨੇ ਨਾਗਿਰਕਤਾ ਸੋਧ ਕਾਨੂੰਨ ਦੀ ਵੀ ਹਮਾਇਤ ਕੀਤੀ। ਸ਼੍ਰੋਮਣੀ ਅਕਾਲੀ ਦਲ ਮੁੱਢੋਂ ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਖਾਤਰ ਡਟਦਾ ਰਿਹਾ ਹੈ। ਅਕਾਲੀ ਦਲ ਦੇ ਮੂਲ ਸਿਧਾਂਤਾਂ ਤੋਂ ਪਿਛੇ ਹਟਣ ਨੂੰ ਸਿਆਸੀ ਵਿਸਲੇਸ਼ਕਾਂ ਨੇ ਪਾਰਟੀ ਲਈ ਨਾਂਹ ਪੱਖੀ ਕਰਾਰ ਦਿੱਤਾ ਹੈ।
ਸੁਖਬੀਰ ਸਿੰਘ ਬਾਦਲ ਭਾਵੇਂ ਇਸ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਕੇ ਮੁਸਲਮਾਨਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੁੱਲ੍ਹੀ ਹਮਾਇਤ 'ਚ ਨਿੱਤਰੇ ਹੋਏ ਹਨ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ 10 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਜਿੱਤ ਸਿਰਫ਼ ਦੋ ਉਮੀਦਵਾਰਾਂ (ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ) ਨੂੰ ਹੀ ਨਸੀਬ ਹੋਈ। ਪੰਜਾਬ 'ਚ ਚਾਰ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਈਆਂ, ਜਿਨ੍ਹਾਂ 'ਚ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਜਲਾਲਾਬਾਦ ਸੀਟ ਵੀ ਪਾਰਟੀ ਕੋਲੋਂ ਖੁਸ ਗਈ। ਪਾਰਟੀ ਨੇ ਦਾਖਾ ਹਲਕੇ ਦੀ ਸੀਟ ਜਿੱਤ ਤਾਂ ਲਈ ਪਰ ਜਨਤਕ ਉਭਾਰ ਨਾ ਹੋਇਆ। ਇਸ ਵਰ੍ਹੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ ਵੀ ਭਾਰੂ ਰਹੇ। ਸ਼੍ਰੋਮਣੀ ਅਕਾਲੀ ਦਲ 'ਚ ਸੱਤਾਹੀਣ ਹੋਣ ਤੋਂ ਬਾਅਦ ਛਿੜਿਆ ਗ੍ਰਹਿ ਯੁੱਧ ਠੰਢਾ ਨਹੀਂ ਹੋ ਰਿਹਾ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ। ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵੱਲੋਂ ਕੀਤੀ ਬਗਾਵਤ ਦਾ ਪ੍ਰਭਾਵ ਬੇਅਸਰ ਨਹੀਂ ਹੋਇਆ। ਇਸ ਦੇ ਉਲਟ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਆਪਣੇ ਪਿਤਾ ਦੇ ਰਾਹ ਚੱਲਦੇ ਦਿਖਾਈ ਦੇ ਰਹੇ ਹਨ। ਇਸ ਤਰ੍ਹਾਂ ਨਾਲ ਪਾਰਟੀ ਅੰਦਰਲਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਅਕਾਲੀ ਦਲ 'ਚ ਨਿੱਕਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਵੀ ਇਸ ਸਾਲ ਦੌਰਾਨ ਆਪਣੀਆਂ ਗਤੀਵਿਧੀਆਂ ਤੇਜ਼ ਕਰਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। 'ਟਕਸਾਲੀਆਂ' ਦੀ ਇਸ ਸਾਲ ਦੌਰਾਨ ਸਭ ਤੋਂ ਵੱਡੀ ਕਾਮਯਾਬੀ ਇਹੀ ਰਹੀ ਕਿ ਅਕਾਲੀ ਦਲ ਤੋਂ ਬਾਗੀ ਚੱਲੇ ਆ ਰਹੇ ਸੁਖਦੇਵ ਸਿੰਘ ਢੀਂਡਸਾ ਨੂੰ ਆਪਣੇ ਨਾਲ 'ਤੋਰਨ' ਵਿੱਚ ਕਾਮਯਾਬ ਹੋ ਗਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਲ 2017 ਤੋਂ ਬਾਅਦ ਜਿਵੇਂ ਆਪਣੀਆਂ ਸਰਗਰਮੀਆਂ ਘਟਾਈਆਂ ਗਈਆਂ ਸਨ, ਇਸ ਸਾਲ ਉਨ੍ਹਾਂ ਆਪਣੀਆਂ ਗਤੀਵਿਧੀਆਂ ਹੋਰ ਵੀ ਸੀਮਤ ਕਰ ਲਈਆਂ ਹਨ। ਪਾਰਟੀ ਦੀ ਮੁਕੰਮਲ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਪਾਰਟੀ ਦੇ ਸੀਨੀਅਰ ਆਗੂ ਮੰਨਦੇ ਹਨ ਕਿ ਇਸ ਸਮੇਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਹੀ ਅਕਾਲੀ ਦਲ 'ਤੇ ਕੰਟਰੋਲ ਹੈ।
ਪੰਜਾਬ ਵਿੱਚ ਪੈਰਾਂ-ਸਿਰ ਨਾ ਹੋਈ ਭਾਜਪਾ
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਕੋਈ ਖਾਸ ਕ੍ਰਿਸ਼ਮਾ ਨਹੀਂ ਦਿਖਾ ਸਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲਬੇ ਕਾਰਨ ਸੰਸਦੀ ਦੌਰਾਨ ਪਾਰਟੀ ਭਾਵੇਂ ਤਿੰਨ ਸੰਸਦੀ ਸੀਟਾਂ ਵਿੱਚੋਂ ਦੋ ਸੀਟਾਂ 'ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਪਰ ਜਥੇਬੰਦਕ ਤੌਰ 'ਤੇ ਪਾਰਟੀ 'ਚ ਹੋਈ ਪਾਟੋਧਾੜ ਨੇ ਪਾਰਟੀ ਦੇ ਸਿਆਸੀ ਪ੍ਰਭਾਵ ਨੂੰ ਸੱਟ ਮਾਰੀ ਹੈ। ਸਾਲ 2019 ਦੀਆਂ ਸੰਸਦੀ ਚੋਣਾਂ ਦੌਰਾਨ ਦੇਸ਼ 'ਚ ਨਰਿੰਦਰ ਮੋਦੀ ਦਾ ਜਾਦੂ ਵੋਟਰਾਂ ਦੇ ਸਿਰ ਚੜ੍ਹ ਕੇ ਬੋਲਿਆ ਪਰ ਪੰਜਾਬ 'ਚ ਲਗਾਤਾਰ ਦੂਜੀ ਵਾਰ ਭਾਜਪਾ ਪੈਰਾਂ-ਸਿਰ ਨਹੀਂ ਹੋ ਸਕੀ। ਪੰਜਾਬ 'ਚ ਅੱਜ ਵੀ ਭਾਜਪਾ ਦਾ ਅਕਸ ਅਕਾਲੀਆਂ ਦੀ ਪਿਛਲੱਗ ਪਾਰਟੀ ਵਾਲਾ ਹੀ ਬਣਿਆ ਹੋਇਆ ਹੈ। ਜ਼ਿਮਨੀ ਚੋਣਾਂ ਦੌਰਾਨ ਭਾਜਪਾ ਨੇ ਆਪਣੀ ਹਿੱਸੇ ਦੀਆਂ ਦੋ ਸੀਟਾਂ ਫਗਵਾੜਾ ਅਤੇ ਮੁਕੇਰੀਆਂ ਤੋਂ ਚੋਣ ਲੜੀ ਪਰ ਦੋਹਾਂ ਹਲਕਿਆਂ ਤੋਂ ਹਾਰ ਗਈ। ਪੰਜਾਬੀ ਟ੍ਰਿਬਿਊਨ
Comments (0)
Facebook Comments (0)