ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਛੁਡਵਾਇਆ,ਅਗਵਾ ਕਾਂਡ ਦੀ ਸਾਜ਼ਿਸ਼ ਕਰਤਾ ਬਲਜੀਤ ਕੌਰ ਜੇਹਲ ਦੀਆਂ ਸਲਾਖਾ ਪਿੱਛੇ
Thu 25 Oct, 2018 0ਬਠਿੰਡਾ (ਡਾ ਅਜੀਤਪਾਲ ਸਿੰਘ ):-
ਕੇਂਦਰੀ ਜੇਲ ਬਠਿੰਡਾ ਨੇੜੇ ਇੱਕ ਭੱਠੇ ਸਾਹਮਣੇ ਪਿਛਲੇ ਛੇ ਸਾਲਾਂ ਤੋਂ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ 15 ਸਾਲਾ ਨਾਬਾਲਗ ਲੜਕੀ ਨੂੰ 7 ਅਕਤੂਬਰ ਨੂੰ ਕਰੀਬ ਸਵੇਰੇ 6 ਵਜੇ ਉਦੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਘਰ ਦੇ ਹੀ ਨੇੜੇ ਲੰਘਦੇ ਸੂਏ ਤੋਂ ਪਾਣੀ ਲੈਣ ਗਈ।ਲੜਕੀ ਦੇ ਦੱਸਣ ਮੁਤਾਬਕ ਜੇਲ ਦੇ ਨੇੜੇ ਹੀ ਚਾਹ ਦਾ ਅਹਾਤਾ ਚਲਾਉਣ ਵਾਲੀ ਇੱਕ ਔਰਤ ਨੇ ਉਸ ਨੂੰ ਆਵਾਜ਼ ਮਾਰ ਕੇ ਸੱਦਿਆ ਪਰ ਜਦੋਂ ਨਾ ਗਈ ਤਾਂ ਕੁਝ ਸਮੇਂ ਬਾਅਦ ਦੋ ਨੌਜਵਾਨਾਂ ਨੇ ਮੂੰਹ ਬੰਦ ਕਰਕੇ ਉਸ ਨੂੰ ਚੁੱਕ ਕੇ ਇੱਕ ਕਾਰ ਵਿੱਚ ਸੁੱਟ ਲਿਆ ਜਿਸ ਨੂੰ ਇਕ ਔਰਤ ਚਲਾ ਰਹੀ ਸੀ ਅਤੇ ਚਾਹ ਦੇ ਅਹਾਤੇ ਵਾਲੀ "ਅਾਟੀ" ਵੀ ਕਾਰ ਵਿੱਚ ਬੈਠੀ ਸੀ। ਕਾਰ ਸਵਾਰ ਉਸ ਨੂੰ ਬਠਿੰਡੇ ਵੱਲ ਤੁਰੇ ਅਤੇ ਇਸ ਦੌਰਾਨ ਉਸ ਨੂੰ ਕਿਸੇ ਨਸ਼ੀਲੀ ਵਸਤੂ ਸੁੰਘਾਏ ਜਾਣ ਕਾਰਨ ਉਹ ਬੇਹੋਸ਼ ਹੋ ਗਈ। ਪੀੜਤ ਲੜਕੀ ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਇੱਕ ਕਮਰੇ ਵਿੱਚ ਅੱਖਾਂ ਤੇ ਪੱਟੀ ਬੰਨ੍ਹ ਕੇ ਪੰਜ ਦਿਨ ਇੱਕ ਦੋ ਮੰਜਲੀ ਕੋਠੀ ਵਿੱਚ ਬੰਦ ਰੱਖਿਆ ਗਿਆ,ਜਿੱਥੇ ਦੋ ਹੋਰ ਲੜਕੀਆਂ ਵੀ ਸਨ।ਲੜਕੀ ਦੀ ਮਾਂ ਮਿੰਟੂ ਦੇਵੀ ਤੇ ਪਿਤਾ ਬਲਦੇਵ ਸਾਹਨੀ ਨੇ ਦਸਤਖ਼ਤ ਕਰ ਕੇ ਥਾਣੇ ਅਰਜ਼ੀ ਵੀ ਦਿੱਤੀ ਤੇ ਲੜਕੀ ਦੀ ਭਾਲ ਕੀਤੇ ਜਾਣ ਦੀ ਮੰਗ ਰੱਖੀ।ਲੜਕੀ ਦੇ ਮਾਪਿਆਂ ਨੇ ਸਪੱਸ਼ਟ ਕਿਹਾ ਕਿ ਜੇਲ੍ਹ ਦੇ ਨਜ਼ਦੀਕ ਚਾਹ ਦਾ ਅਹਾਤਾ ਚਲਾਉਂਦੀ ਇੱੱਕ ਬਲਜੀਤ ਕੌਰ ਨਾਮੀਂ ਔਰਤ ਨੇ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰਵਾਇਆ ਹੈ ਪਰ ਥਾਣਾ ਨਇਆਂ ਵਾਲਾ ਦੀ ਪੁਲੀਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਚੁੱਪ ਕਰਕੇ ਘਰੇ ਬੈਠਣ ਲਈ ਕਿਹਾ। ਬੇਵੱਸ ਪਰਿਵਾਰ ਨੇ ਖਿਆਲੀ ਵਾਲੇ ਜਾ ਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨਾਲ ਦੁੱਖ ਸਾਂਝਾ ਕਰਦਿਆ ਮਦਦ ਦੀ ਮੰਗ ਕੀਤੀ ਅਤੇ ਇਹ ਵੀ ਤੱਥ ਸਾਹਮਣੇ ਲਿਅਾਦਾ ਕਿ ਚਾਹ ਦਾ ਅਹਾਤਾ ਚਲਾਉਣ ਵਾਲੀ ਬਲਜੀਤ ਕੌਰ ਦਾ ਪੁਲਸ ਕਲੋਨੀ ਵਿੱਚਲੀ ਜੇਲ ਦੀ ਗਾਰਦ ਅਤੇ ਪੰਜਾਬ ਪੁਲਿਸ ਦੇ ਸਿਪਾਹੀਆਂ ਨਾਲ ਨੇੜਲਾ ਸੰਪਰਕ ਹੈ ਅਤੇ ਉਹ ਉਸ ਦੇ ਅਹਾਤੇ ਵਿੱਚ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ। ਪਰਿਵਾਰ ਨੇ ਇਹ ਪੱਕੇ ਤੌਰ ਤੇ ਹੀ ਦੱਸਿਆ ਕਿ ਅਹਾਤੇ ਦੇ ਅੰਦਰ ਦੇਹ ਵਪਾਰ ਦਾ ਧੰਦਾ ਚੱਲਦਾ ਹੈ ਅਤੇ ਬਲਜੀਤ ਕੌਰ ਇਸਨੂੰ ਚਲਾਉੰਦੀ ਹੈ। ਇਸ ਸਮਾਜ ਵਿਰੋਧੀ ਵਰਤਾਰੇ ਦੀ ਗੰਭੀਰਤਾ ਨੂੰ ਭਾਪਦਿਅਾ ਬੀ ਕੇ ਯੂ ਕ੍ਰਾਂਤੀਕਾਰੀ ਦੇ ਗੁਰਚਰਨ ਸਿੰਘ ਖਿਆਲੀਵਾਲਾ ਅਤੇ ਕਾਮਰੇਡ ਗੁਰਨਾਮ ਸਿੰਘ ਸਮੇਤ ਪਿੰਡ ਦੇ ਲੋਕਾਂ ਨੇ ਨਇਆਂ ਵਾਲਾ ਥਾਣੇ ਜਾ ਕੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇ ਅਗਵਾ ਹੋਈ ਲੜਕੀ ਜਲਦੀ ਨਾ ਛੱਡੀ ਅਤੇ ਅਗ਼ਵਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਅੱਗੇ ਦੀ ਕਾਰਵਾਈ ਕਰਨਗੇ।ਲੋਕਾਂ ਦੇ ਰੋਹ ਨੂੰ ਵੇਖਦਿਆਂ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਅਧਾਰਿਤ ਇੱਕ ਐਫਆਈਆਰ 10 ਅਕਤੂਬਰ ਨੂੰ ਦਰਜ ਕਰਨ ਲਈ ਪੁਲੀਸ ਮਜਬੂਰ ਹੋ ਗਈ ਪਰ ਲੜਕੀ ਨੂੰ ਬਰਾਮਦ ਕਰਨ ਲਈ ਪੁਲਿਸ ਨੇ ਕੋਈ ਉਪਰਾਲਾ ਨਾ ਕੀਤਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਬੀਕੇਯੂ ਕ੍ਰਾਂਤੀਕਾਰੀ ਦੇ ਆਗੂਆਂ ਨੇ ਮਹਿਸੂਸ ਕੀਤਾ ਕਿ ਪੁਲਿਸ ਅਗਵਾਕਾਰ ਦੇ ਸੰਪਰਕ ਵਿੱਚ ਹੈ ਤੇ ਅਗਵਾ ਦੀ ਸਾਜਿਸ਼ ਰਚਣ ਵਾਲੀ ਔਰਤ ਬਲਜੀਤ ਕੌਰ ਨੂੰ ਉਹ ਸ਼ਹਿ ਦੇ ਰਹੀ ਹੈ,ਜਿਸ ਦਾ ਸਬੂਤ ਉਦੋਂ ਮਿਲਿਆ ਜਦੋਂ ਐੱਫ ਆਈ ਆਰ ਵਿਚ ਪੁਲਸ ਨੇ ਲੜਕੀ ਨੂੰ ਅਗਵਾ ਕਰਨ ਦਾ ਸ਼ੱਕ ਲਿਖ ਕੇ ਹੀ ਬੁੱਤਾ ਸਾਰ ਲਿਆ ਅਤੇ ਉਹ ਧਾਰਾ 364-65 ਨਹੀਂ ਲਾਈ ਜਿਸ ਤਹਿਤ ਅਗਵਾ ਕਰਨ ਦੀ ਸਾਜ਼ਿਸ਼ ਰਚੀ ਗਈ।ਅਗਵਾਕਾਰਾਂ ਨੇ ਆਪਣੀ ਸਾਜਿਸ਼ ਬੇਪੜ੍ਹਦ ਹੋਣ ਦੇ ਡਰ ਵਜੋਂ 12 ਅਕਤੂਬਰ ਨੂੰ 8 ਵਜੇ ਵਜੇ ਹਨੇਰਾ ਹੋਣ ਪਿੱਛੋਂ ਲੜਕੀ ਨੂੰ ਉਸ ਦੇ ਘਰ ਦੇ ਬਾਹਰ ਨੀਮ ਬੇਹੋਸ਼ੀ ਦੀ ਹਾਲਤ ਚ ਸੁੱਟ ਦਿੱੱਤਾ।ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਕਿ ਜਿਸ ਟੈਂਪੂ ਵਿੱਚ ਲੜਕੀ ਲਿਆਂਦੀ ਗਈ ਉਸ ਵਿੱਚ ਬਲਜੀਤ ਕੌਰ ਸਮੇਤ ਦੋ ਵਿਅਕਤੀ ਹੋਰ ਸਨ।ਲੜਕੀ ਨੇ ਬਾਅਦ ਵਿੱਚ ਦੱਸਿਆ ਕਿ ਪਹਿਲਾਂ ਉਸ ਨੂੰ ਬਠਿੰਡਾ ਨਹਿਰ ਦੇ ਪੁਲ ਤੱਕ ਮੋਟਰਸਾਈਕਲ ਤੇ ਲਿਆਂਦਾ ਗਿਆ ਅਤੇ ਫਿਰ ਨਹਿਰ ਦੇ ਪੁਲ ਤੋਂ ਟੈਂਪੂ ਤੇ ਬਿਠਾਇਆ ਗਿਆ।ਪੁਲਿਸ ਦੇ ਅੜੀਅਲ ਰਵੱਈਏ ਅਤੇ ਅਗਵਾਕਾਰਾਂ ਨਾਲ ਮਿਲੀ ਭੁਗਤ ਨੂੰ ਭਾਂਪਦਿਆਂ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਸੰਘਰਸ਼ ਨੂੰ ਅੱਗੇ ਤੋਰਨ ਦਾ ਫੈਸਲਾ ਲਿਆ ਅਤੇ ਇਸ ਦਾ ਘੇਰਾ ਵਿਸ਼ਾਲ ਕਰਨ ਲਈ ਲੋਕ ਸੰਗਰਾਮ ਮੰਚ ਨਾਲ ਸੰਪਰਕ ਕੀਤਾ।ਦੂਜੇ ਪਾਸੇ ਥਾਣੇ ਦੀ ਪੁਲਿਸ ਨੇ ਪੀਡ਼ਤ ਪਰਿਵਾਰ ਤੇ ਸਮਝੌਤਾ ਕਰਨ ਲਈ ਆਪਣਾ ਦਬਾਅ ਬਣਾਉਣਾ ਸ਼ੁਰੂ ਕੀਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਬਲਜੀਤ ਕੌਰ ਆਪਣੇ ਕਈ ਗੁੰਡਿਆਂ ਨੂੰ ਨਾਲ ਲੈ ਕੇ ਪਰਿਵਾਰ ਦੇ ਘਰ ਆ ਧਮਕੀ ਅਤੇ ਉਹਨਾਂ ਨੂੰ ਬਰਬਾਦ ਕਰਨ ਦੀਆਂ ਧਮਕੀਆਂ ਦੇ ਲੱਗੀ ਤੇ ਫੇਰ ਫ਼ਰਾਰ ਹੋ ਗਈ।ਜਥੇਬੰਦੀਆਂ ਨੇ ਪਿੰਡ ਦਾ ਇਕੱਠ ਕੀਤਾ ਅਤੇ ਥਾਣੇ ਦੀ ਪੁਲੀਸ ਨੂੰ ਇਸ ਸਬੰਧੀ ਸੂਚਿਤ ਵੀ ਕੀਤਾ ਪਰ ਪੁਲਿਸ ਨੇ ਤਾਂ ਉਲਟਾ ਇਹ ਸੁਨੇਹਾ ਭੇਜਿਆ ਕਿ ਬਲਜੀਤ ਕੌਰ ਥਾਣੇ ਆਈ ਹੋਈ ਹੈ ਤੁਸੀਂ ਆ ਕੇ ਉਸ ਨਾਲ ਬੈਠ ਕੇ ਸਮਝੌਤਾ ਕਰ ਲਵੋ ।ਇਲਾਕੇ ਦੀ ਪੁਲੀਸ ਵੱਲੋਂ ਮਾਮਲਾ ਠੰਢੇ ਬਸਤੇ ਵਿੱਚ ਪਾਇਅਾ ਜਾਂਦਾ ਵੇਖ ਕੇ ਜਥੇਬੰਦੀਅਾ ਵਲੋਂ ਸਾਰਾ ਮਾਮਲਾ ਜ਼ਿਲ੍ਹਾ ਪੁਲੀਸ ਮੁੱਖੀ ਕੋਲ ਲੈ ਜਾਣ ਦਾ ਫੈ਼ਸਲਾ ਲਿਆ।18 ਅਕਤੂਬਰ ਵੀਰਵਾਰ ਨੂੰ ਲੋਕ ਸੰਗਰਾਮ ਮੰਚ ਦੀ ਸੂਬਾਈ ਪ੍ਰਧਾਨ ਸੁਖਵਿੰਦਰ ਕੌਰ ਔਰਤ ਮੁਕਤੀ ਮੰਚ ਦੀ ਆਗੂ ਮੁਖਤਿਆਰ ਕੌਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਅਾਗੂ ਸੁਰਮੁੱਖ ਸਿੰਘ ਸੇਲਬਰਾਹ ਗੁਰਚਰਨ ਸਿੰਘ ਗੋਰਾ ਕਾਮਰੇਡ ਗੁਰਨਾਮ ਸਿੰਘ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਬਾਈ ਸਕੱਤਰ ਸੁੱਖਪਾਲ ਸਿੰਘ ਖਿਅਾਲੀਵਾਲਾ ਨੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਬਠਿੰਡਾ ਦੇ ਜ਼ਿਲ੍ਹਾ ਪੁਲੀਸ ਮੁਖੀ ਡਾਕਟਰ ਨਾਨਕ ਸਿੰਘ ਦਾ ਦਰਵਾਜਾ ਜਾ ਖੜਕਾਇਆ। ਇਨ੍ਹਾਂ ਜਨਤਕ ਜਥੇਬੰਦੀਆਂ ਦੇ ਵਫ਼ਦ ਨੇ ਐਸਐਸਪੀ ਨੂੰ ਪੁਲਸ ਵੱਲੋਂ ਕੀਤੀ ਅਣਗਹਿਲੀ ਅਤੇ ਪੀੜਤ ਪਰਿਵਾਰ ਨਾਲ ਵਾਪਰੀ ਸਾਰੀ ਵਿੱਥਿਆ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਪੁਲੀਸ ਵੱਲੋਂ ਅਗਵਾ ਦਾ ਮਾਮਲਾ ਦਰਜ ਕਰਨ ਦੀ ਥਾਂ ਮਾਮੂਲੀ ਕੇਸ ਦਰਜ ਕਰਕੇ ਖਾਨਾਪੂਰਤੀ ਕਰ ਲਈ ਗਈ ਹੈ ਤੇ ਇਸੇ ਕਰਕੇ ਉਨ੍ਹਾ ਉਨ੍ਹਾਂ ਨੂੰ ਉੱਚ ਪੁਲਿਸ ਅਧਿਕਾਰੀ ਕੋਲ ਮੰਗ ਪੱਤਰ ਦੇਣ ਲਈ ਅਾਉਣਾ ਪਿਆ ਹੈ। ਆਗੂਅਾ ਨੇ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਿਉਂਕਿ ਪੀੜਤ ਲੜਕੀ ਅਤੇ ਉਸ ਦੀ ਮਾਂ ਸਪਸ਼ਟ ਬਿਆਨ ਕਰ ਰਹੀਆਂ ਹਨ ਕਿ ਸਾਰੀ ਘਟਨਾ ਕਿਸੇ ਗਰੋਹ ਦੀ ਕਾਰਵਾਈ ਹੈ ਜਿਸ ਦੀ ਸਰਗਨਾ ਬਲਜੀਤ ਕੌਰ ਅਤੇ ਉਸ ਦਾ ਸਾਥੀ ਕੁਲਦੀਪ ਸਿੰਘ ਹੈ।ਜੇਲ੍ਹ ਦੀ ਗਾਰਦ ਅਤੇ ਸਥਾਨਕ ਪੁਲਸ ਇਨ੍ਹਾਂ ਨੂੰ ਹੱਲਾਸ਼ੇਰੀ ਦਿੰਦੀ ਹੈ।ਉਹਨਾਂ ਪੁਲੀਸ ਮੁਖੀ ਨੂੰ ਇਹ ਵੀ ਦੱਸਿਆ ਕਿ ਪਰਿਵਾਰ ਨੂੰ ਲਗਾਤਾਰ ਬਲਜੀਤ ਕੌਰ ਵੱਲੋਂ ਧਮਕੀਆਂ ਮਿਲ ਰਹੀਆਂ ਹਨ ਅਤੇ ਥਾਣੇ ਵਾਲੇ ਪੀ੍ਵਾਰ ਨੂੰ ਸਮਝੌਤੇ ਲਈ ਮਜਬੂਰ ਕਰ ਰਹੇ ਸਨ। ਜਥੇਬੰਦੀਆਂ ਨੇ ਪੁਲਿਸ ਮੁਖੀ ਨੂੰ ਸਾਫ਼ ਕਿਹਾ ਕਿ ਜੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਛੇਤੀ ਹੀ ਮੀਟਿੰਗ ਕਰਕੇ ਪੁਲਿਸ ਥਾਣਾ ਨਇਅਾ ਵਾਲਾ ਵਿਖੇ ਧਰਨਾ ਲਾਇਆ ਜਾਵੇਗਾ। ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਦਾ ਸ਼ਲਾਘਾਯੋਗ ਰੋਲ:- ਇਸ ਅਗਵਾ ਕਾਂਡ ਬਾਰੇ ਅਖਬਾਰਾਂ ਚੋਂ ਪਤਾ ਲੱਗਦਿਆਂ ਹੀ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਹਰਕਤ ਵਿੱਚ ਆਈ ਅਤੇ ਉਸ ਨੇ ਪੜਤਾਲ ਕਰਨ ਲਈ ਇੱਕ ਟੀਮ ਗਠਿਤ ਕੀਤੀ ਇਸ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਰੇਖਾ ਰਾਣੀ ਤੇ ਹਰਬੰਸ ਕੌਰ ਸ਼ਾਮਿਲ ਸਨ।ਸਭਾ ਦੀ ਟੀਮ ਨੇ ਘਟਨਾ ਵਾਲੀ ਥਾਂ ਤੇ ਜਾ ਕੇ ਮੌਕੇ ਦਾ ਜਾਇਜ਼ਾ ਲੈਣ ਪਿੱਛੋਂ ਪੀੜਤ ਪਰਿਵਾਰ ਦੇ ਮੈਂਬਰਾਂ ਅਗਵਾ ਦਾ ਸ਼ਿਕਾਰ ਹੋਈ ਲੜਕੀ ਉਸ ਦੀ ਮਾਂ ਮਿੰਟੂ ਦੇਵੀ ਦੇ ਪਿਤਾ ਬਲਦੇਵ ਸਿੰਘ ਸਾਹਨੀ ਦੇ ਬਿਆਨ ਕਲਮਬੰਦ ਕੀਤੇ ਅਤੇ ਜਨਤਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਜਾਣਕਾਰੀ ਲਈ ਅਤੇ ਇਸ ਕੇਸ ਨਾਲ ਸਬੰਧਤ ਦਰਜ ਐੱਫ ਆਈ ਆਰ ਦੀ ਕਾਪੀ ਵੀ ਹਸਿਲ ਕੀਤੀ। ਸਭਾ ਦੀ ਟੀਮ ਦੇ ਮੈਂਬਰਾਂ ਨੇ ਨੋਟ ਕੀਤਾ ਕਿ ਇਹ ਮਜ਼ਦੂਰ ਪਰਿਵਾਰ ਦੇ ਚਾਰ ਧੀਆਂ ਅਤੇ ਤਿੰਨ ਪੁੱਤਰ ਹਨ। ਇਹ ਪ੍ਰਵਾਸੀ ਪਰਿਵਾਰ ਨਵੀਂ ਜੇਲ੍ਹ ਦੀ ੳੁਸਾਰੀ ਵੇਲੇ ਤੋਂ ਹੀ ਇੱਥੇ ਟਿਕਿਆ ਹੋਇਆ ਹੈ ਅਤੇ ਦੂਜਿਆਂ ਥਾਵਾਂ ਤੋਂ ਵੀ ਲੇਬਰ ਲਿਅਾ ਕੇ ਜੇਲ੍ਹ ਵਾਲਿਆਂ ਨੂੰ ਦਿੰਦਾ ਹੈ ਜਿਸ ਕਰਕੇ ਇਸ ਨੂੰ ਠੇਕੇਦਾਰ ਦਾ ਪਰਿਵਾਰ ਕਿਹਾ ਜਾਂਦਾ ਹੈ।ਪਰਿਵਾਰ ਨੇ ਟੀਮ ਨੂੰ ਉਹ ਅਹਾਤਾ ਵੀ ਦਿਖਾਇਆ ਜਿੱਥੇ ਬਲਜੀਤ ਕੌਰ ਆਪਣਾ ਕੰਮ ਚਲਾਉਂਦੀ ਹੈ ਪਰ ਉਹ ਬੰਦ ਪਿਆ ਸੀ।ਸਭਾ ਦੇ ਵਕੀਲ ਮੈਂਬਰ ਨੇ ਐਫਆਈਆਰ ਪੜ੍ਹ ਕੇ ਦੱਸਿਆ ਕਿ ਇਸ ਵਿੱਚ ਅਗਵਾ ਦੀ ਘਟਨਾ ਸਬੰਧੀ ਧਾਰਾ 364-365 ਪੁਲਿਸ ਨੇ ਨਹੀਂ ਲਾਈ ਇਸ ਕਰਕੇ ਇਹ ਕੇਸ ਕਮਜ਼ੋਰ ਹੀ ਦਰਜ ਹੋਇਆ ਹੈ। ਸਭਾ ਨੇ ਇਹ ਵੀ ਮਹਿਸੂਸ ਕੀਤਾ ਕਿ ਪੁਲਿਸ ਪਰਿਵਾਰ ਨੂੰ ਸਮਝੌਤੇ ਲਈ ਤਾਂ ਮਜਬੂਰ ਕਰ ਰਹੀ ਹੈ ਪਰ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਤਰਫਦਾਰੀ ਕਰ ਰਹੀ ਹੈ।ਅਗਵਾਕਾਰਾਂ ਦੀ ਮੁੱਖੀ ਸ਼ਰੇਆਮ ਪਰਿਵਾਰ ਨੂੰ ਘਰ ਜਾ ਕੇ ਧਮਕੀਆਂ ਦਿੰਦੀ ਹੈ।ਇਹ ਸਾਰਾ ਕੁਝ ਪੁਲਿਸ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਰਫ਼ਾ ਦਫ਼ਾ ਕਰਨ ਲੱਗੀ ਹੋਈ ਹੈ।ਵੀਹ ਅਕਤੂਬਰ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਡਾਕਟਰ ਨਾਨਕ ਸਿੰਘ ਦੀ ਰਿਹਾਇਸ਼ ਤੇ ਸਭਾ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦੀ ਅਗਵਾਈ ਵਿੱਚ ਮਿਲਿਆ ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਪਿ੍ਤਪਾਲ ਸਿੰਘ ਪੈ੍ਸ ਸਕੱਤਰ ਅਜੀਤਪਾਲ ਸਿੰਘ ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ ਰੇਖਾ ਰਾਣੀ ਐਡਵੋਕੇਟ ਸੰਦੀਪ ਸਿੰਘ ਤੇ ਜਸਪਾਲ ਮਾਨਖੇੜਾ ਸ਼ਾਮਿਲ ਹੋਏ।ਵਫਦ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਾਰੀ ਘਟਨਾ ਵਿਸਥਾਰ ਸਹਿਤ ਦੱਸਦਿਆਂ ਉਸ ਦੀ ਗੰਭੀਰਤਾ ਦਾ ਅਹਿਸਾਸ ਕਰਵਾਇਆ ਅਤੇ ਪੁਲਿਸ ਵਲੋਂ ਵਰਤੀ ਜਾ ਰਹੀ ਅਣਗਹਿਲੀ ਬਾਰੇ ਰੋਸ ਜਾਹਿਰ ਕਰਦਿਆਂ ਅਗਵਾ ਦੀ ਧਾਰਾ 364-365 ਜੋੜੇ ਜਾਣ ਦੀ ਮੰਗ ਕੀਤੀ।ਨਾਲ ਹੀ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਇਸ ਅਗਵਾ ਕਾਂਡ ਪਿੱਛੇ ਲੁਕਵੇੰ ਮਕਸਦ ਨੂੰ ਸਾਹਮਣੇ ਲਿਆਉਣ ਦੀ ਮੰਗ ਰੱਖੀ।ਇਹਨਾਂ ਮੰਗਾਂ ਬਾਰੇ ਪੁਲਿਸ ਮੁਖੀ ਨੇ ਤੁਰੰਤ ਥਾਣਾ ਇੰਚਾਰਜ ਨੂੰ ਹਦਾਇਤਾਂ ਜਾਰੀ ਕੀਤੀਆਂ। ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਬੀ ਕੇ ਯੂ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਚੱਲੇ ਇਸ ਘੋਲ ਕਾਰਨ ਇਲਾਕਾਂ ਪੁਲੀਸ ਨੂੰ ਐਫਆਈਆਰ ਵਿੱਚ ਅਗਵਾ ਦੀ ਧਾਰਾ 364-365 ਜੋੜ ਦਿੱਤੀ ਹੈ ਅਤੇ ਅਗਵਾ ਕਰਨ ਵਾਲੇ ਗਰੋਹ ਦੀ ਸਰਗਣਾ ਬਲਜੀਤ ਕੌਰ ਤੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ਦਿੱੱਤਾ ਹੈ।ਜਨਤਕ ਜਥੇਬੰਦੀਆਂ ਤੇ ਜਮਹੂਰੀ ਅਧਿਕਾਰ ਸਭਾ ਦਾ ਅਜੇ ਵੀ ਇਹ ਵਿਚਾਰ ਹੈ ਕਿ ਇਸ ਅਗਵਾ ਕਾਂਡ ਪਿੱਛੇ ਕੰਮ ਕਰਦੇ ਗੁੱਝੇ ਮਕਸਦਾਂ ਨੂੰ ਸਾਹਮਣੇ ਲਿਆਉਣਾ ਬਣਦਾ ਹੈ ਅਤੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਉਨ੍ਹਾਂ ਦੀ ਪੁੱਛ ਪੜਤਾਲ ਇਸ ਨੁਕਤੇ ਨਿਗਾਹ ਤੋਂ ਸ਼ਾਇਦ ਨਹੀਂ ਕੀਤੀ ਹੈ। ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀ ਸੁਰੱਖਿਅਅ ਦਾ ਇਹ ਇੱਕ ਗੰਭੀਰ ਮਾਮਲਾ ਹੈ ਖਾਸ ਕਰਕੇ ਨਾਬਾਲਗ ਬੱਚੀਆਂ ਅਤੇ ਔਰਤਾਂ ਅਜਿਹੇ ਮਾਹੌਲ ਵਿੱਚ ਸੁਰੱਖਿਅਤ ਨਹੀਂ ਹਨ।ਮਜ਼ਦੂਰ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਹੁੰਦੇ ਜਬਰ ਜ਼ੁਲਮ ਦੀ ਇਹ ਉੱਘੜਵੀਂ ਮਿਸਾਲ ਹੈ।ਪੁਲਿਸ ਅਧਿਕਾਰੀਆਂ ਦਾ ਮਜ਼ਦੂਰ ਪਰਿਵਾਰਾਂ ਖਾਸ ਕਰਕੇ ਔਰਤਾਂ ਪ੍ਰਤੀ ਗ਼ੈਰ ਜ਼ਿੰਮੇਵਾਰਾਨਾ ਵਤੀਰਾ ਇਸ ਘਟਨਾ ਨੇ ਬੇਪੜ੍ਹਦ ਕੀਤਾ ਹੈ। ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀਆਂ ਬੱਚੀਆਂ ਦੀ ਸੁਰੱਖਿਆ ਵਿੱਚ ਪੁਲੀਸ ਦੀ ਅਣਗਹਿਲੀ ਕਰਕੇ ਮੁਜਰਿਮ ਅਨਸਰਾਂ ਨੂੰ ਗ਼ਲਤ ਸੰਦੇਸ਼ ਦਿੱਤਾ ਗਿਆ ਹੈ। ਇਲਾਕੇ ਦੇ ਪੁਲਸ ਅਧਿਕਾਰੀਆਂ ਦੇ ਅਜਿਹੇ ਵਤੀਰੇ ਅਤੇ ਭੂਮਿਕਾ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਜੋ ਅਗਵਾ ਕਰਨ ਵਾਲੇ ਅਨਸਰਾ ਪ੍ਰਤੀ ਨਰਮ ਰੁਖ ਹੀ ਨਹੀਂ ਅਪਣਾ ਰਹੇ ਬਲਕਿ ਉਹਨਾਂ ਦੀ ਤਰਫਦਾਰੀ ਕਰਦੇ ਹਨ।
Comments (0)
Facebook Comments (0)