
ਗੱਲ ਜਾਂਦੀ ਵਾਰ ਦੀ
Wed 30 Sep, 2020 0
ਗੱਲ ਜਾਂਦੀ ਵਾਰ ਦੀ
ਦੁਸ਼ਮਣ ਚੁਫੇਰੇ ਤੇ ਵਿੱਚ ਗੱਲ ਯਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਜਾਂ ਤੇ ਤੁਰਾਂਗੇ ਮੜ੍ਹਕ ਨਾਲ ਟੌਹਰ ਨਵਾਬ ਦੀ।
ਸਾਥ ਛੱਡੂ ਨਾਂ ਕਦੇ ਵੀ ਮਹਿਕ ਗੁਲਾਬ ਦੀ।
ਜ਼ੁਲਮ ਲਈ ਡੱਟਣਾ ਗੱਲ ਪੱਬਾਂ ਭਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਅਸੀਂ ਪੂਛ ਮਰੋੜ ਕੇ ਭੱਜਣ ਵਾਲਿਆਂ ਚੋਂ ਨਹੀਂ।
ਪਿੱਛੋਂ ਮਾਰ ਕੇ ਲਲਕਾਰੇ ਫੋਕਾ ਗੱਜਣ ਵਾਲਿਆਂ ਚੋਂ ਨਹੀਂ।
ਅਸੀਂ ਅੰਦਰੋਂ ਚੋਰ ਹਰਾਮੀਂ ਨਹੀਂ ਗੱਲ ਇਤਬਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਸਾਡੇ ਮੂੰਹ ਤੇ ਮਿਹਨਤੀ ਜੈ ਕਿਸਾਨ ਰਹੇਗਾ।
ਰਖਵਾਲਾ ਦੇਸ਼ ਦਾ ਜੈ ਜਵਾਨ ਰਹੇਗਾ।
ਸੰਗ ਵਿਹਲੜਾਂ ਦਾ ਨਹੀਂ ਗੱਲ ਕੰਮਕਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਮਾਰੇਂ ਹੈਂਕੜ ਦੀਆਂ ਲੱਤਾਂ ਪਛੰਡੇ ਵਾਗੂੰ।
ਤੈਨੂੰ ਪੁੱਟ ਦਵਾਂਗੇ ਜਾਲਮਾਂ ਗੁੱਲੀਡੰਡੇ ਵਾਂਗੂੰ।
ਦੁਨੀਆਂ ਵੇਖੂਗੀ ਹਾਲਤ ਜੋ ਗਦਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਜੇ ਤੂੰ ਸਿੱਖ ਲਏ ਆ ਮਜ਼ਲੂੰਮਾਂ ਦੇ ਹੱਕ ਖਾਣੇ।
ਜ਼ੁਲਮ ਸਾਡੇ ਕੋਲੋਂ ਵੀ ਹੁਣ ਨਹੀਂਓ ਸਹੇ ਜਾਣੇ।
ਫੜਾਂਗੇ ਮੂੰਗਲ਼ਾ ਗੱਲ ਕਿਰਦਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਕਹੀਨਾਂ ਦੱਬ ਦਊਂਗਾ ਕਿ ਸਿਰੀ ‘ਤੇ ਪੈਰ ਧਰਿਆ।
ਮਾੜਾ ਈ ਗਲ਼ ‘ਚ ਜੇ ਪੈ ਜਾਵੇ ਸੱਪ ਮਰਿਆ।
ਜ਼ਮੀਰ ਸਾਡੀ ਕੀਕਣ ਬੁੱਤਾ ਸਾਰਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਸਾਨੂੰ ਵੇਚਤਾ ਪਰ ਸਾਡੀ ਵਿਕੀ ਨਹੀਂ ਜ਼ਮੀਰ।
ਮੁੱਲ ਬੰਦੇ ਦਾ ਨਹੀਂ ਮੁੱਲ ਜ਼ਮੀਰ ਦਾ ਅਖੀਰ।
ਕਦੇ ਮਰੀ ਨਹੀਂ ਕਸਤੂਰੀ ਦੁਨੀਆਂ ਹਿਰਨ ਮਾਰਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਕਦੇ ਨਾਂ ਆਵੀਂ ਤੂੰ ਹੁਣ ਝੂਠੇ ਖਵਾਬ ਲੈਕੇ।
ਘੱਟ ਗਈ ਵੋਟ ਹੁਣ ਪੈਂਣੀਂ ਸ਼ਰਾਬ ਲੈਕੇ।
ਝੂਠੀ ਸਹੁੰ ਕਦ ਤੱਕ ਚੌਕ ‘ਚ ਜੰੁਡੇ ਖਿਲਾਰਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਤੂੰ ਸਿੱਖੇ ਆ ਨਹਾ ਕੇ ਲਿਬਾਸ ਬਦਲਣੇ।
ਅਸੀਂ ਮੁੜ੍ਹਕੇ ਨਾਲ ਨਹਾ ਕੇ ਇਤਿਹਾਸ ਬਦਲਣੇ।
ਤੇਰੇ ਸਿਰ ‘ਤੇ ਤਾਜ਼ ਨਹੀਂ ਰਹਿਣਾ ਸੰਧੂ ਜੇ ਗੱਲ ਖਾਰ ਦੀ ਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀ ਵਾਰ ਦੀ ਰਹੇਗੀ।
ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300
Comments (0)
Facebook Comments (0)