4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਮੁੱਖ ਮੰਤਰੀ ਵਲੋਂ ਬਹਾਦਰੀ ਪੁਰਸਕਾਰ
Tue 18 Feb, 2020 0ਚੰਡੀਗੜ੍ਹ: ਪੰਜਾਬ ਸਰਕਾਰ ਲੌਂਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੇ ਦਰਦਨਾਕ ਹਾਦਸੇ ਵਿਚ ਬਹਾਦਰੀ ਤੇ ਸਾਹਸ ਵਿਖਾ ਕੇ ਚਾਰ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਤ ਕਰੇਗੀ।
ਇਹ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਇਸ ਲੜਕੀ ਨੂੰ ਆਜ਼ਾਦੀ ਦਿਵਸ ਮੌਕੇ ਬਹਾਦਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਇਸ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਵੀ ਚੁੱਕੇਗੀ।
ਅਮਨਦੀਪ ਕੌਰ ਜੋ ਅਪਣੇ ਪਿਤਾ ਸਤਨਾਮ ਸਿੰਘ ਅਤੇ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਨਾਲ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮਿਲੀ, ਨੇ ਮੁੱਖ ਮੰਤਰੀ ਨੂੰ ਸ਼ੁੱਕਰਵਾਰ ਨੂੰ ਵਾਪਰੇ ਇਸ ਹੌਲਨਾਕ ਹਾਦਸੇ ਬਾਰੇ ਦਸਿਆ ਅਤੇ ਇਹ ਵੀ ਦਸਿਆ ਕਿ ਕਿਵੇਂ ਉਹ ਸਕੂਲ ਵੈਨ ਵਿਚੋਂ ਚਾਰ ਸਕੂਲੀ ਬੱਚਿਆਂ ਨੂੰ ਬਚਾਉਣ ਵਿਚ ਸਫ਼ਲ ਰਹੀ।
ਮੁੱਖ ਮੰਤਰੀ ਨੇ ਇਸ ਮੌਕੇ ਪੀੜਤ ਪ੍ਰਵਾਰ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਬਾਜਵਾ ਨਾਲ ਵੀ ਦੁੱਖ ਸਾਂਝਾ ਕੀਤਾ ਜਿਨ੍ਹਾਂ ਨੇ ਅਪਣੇ ਬੱਚੇ ਇਸ ਦੁਖਦਾਈ ਹਾਦਸੇ ਵਿਚ ਗਵਾ ਲਏ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪ੍ਰਾਈਵੇਟ ਸਕੂਲ ਦੀ ਇਕ ਖਸਤਾਹਾਲ ਵੈਨ ਨੂੰ ਅੱਗ ਲੱਗਣ ਕਰ ਕੇ ਬਹੁਤ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 4 ਬੱਚਿਆਂ ਦੀ ਮੌਤ ਵੀ ਹੋਈ। ਜਿੱਥੇ 4 ਬੱਚਿਆਂ ਦੀ ਮੌਤ ਹੋਈ ਉੱਥੇ ਹੀ ਇਕ 9 ਸਾਲ ਦੀ ਲੜਕੀ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ 4 ਬੱਚਿਆਂ ਨੂੰ ਬਚਾ ਵੀ ਲਿਆ।
ਲੜਕੀ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਦੀ ਵੈਨ ਨੂੰ ਅੱਗ ਲੱਗੀ ਤਾਂ ਉਸ ਨੇ ਗੱਡੀ ਦੀ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਖੁੱਲ੍ਹੀ ਅਤੇ ਲੜਕੀ ਨੇ ਗੱਡੀ 'ਚ ਪਈ ਇਕ ਲੋਹੇ ਦੀ ਰਾਡ ਨਾਲ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ 4 ਬੱਚਿਆਂ ਨੂੰ ਬਾਹਰ ਕੱਢ ਲਿਆ। ਇਹ ਘਟਨਾ ਦੇਖ ਕੇ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਬਾਕੀ ਬੱਚਿਆਂ ਨੂੰ ਵੀ ਬਾਹਰ ਕੱਢ ਲਿਆ।
ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ 4 ਬੱਚਿਆਂ ਨੂੰ ਨਹੀਂ ਬਚਾਇਆ ਗਿਆ। ਪੀੜਤ ਪਰਿਵਾਰਾਂ ਨੇ ਹੁਣ ਮੰਗ ਕੀਤੀ ਸੀ ਕਿ ਇਸ ਬੱਚੀ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਲੜਕੀ ਨੂੰ ਸ਼ਾਬਾਸ਼ ਦਿੱਤੀ ਸੀ ਅਤੇ ਉਹਨਾਂ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਜਲਦੀ ਹੀ ਇਸ ਬਹਾਦਰ ਲੜਕੀ ਨਾਲ ਮੁਲਾਕਾਤ ਕਰਨਗੇ।
Comments (0)
Facebook Comments (0)