ਪੈੜਾਂ--ਸਨਦੀਪ ਸਿੰਘ ਸਿੱਧੂ

ਪੈੜਾਂ--ਸਨਦੀਪ ਸਿੰਘ ਸਿੱਧੂ

ਪੈੜਾਂ ਕਿਉਂ ਟੋਲਦੇ ਓ
ਰਾਵਾਂ ਵੱਲ ਧਿਆਨ ਕਰੋ
ਕਿਉਂ ਦੱਬ ਕੇ ਜ਼ਜ਼ਬੇ ਰੱਖੇ ਨੇ
ਡਰ ਨੂੰ ਕੱਢ ਬਿਆਨ ਕਰੋ

ਕੀ ਉਡੀਕ ਮੌਤ ਦੀ
ਹੀ ਬਸ ਜ਼ਿੰਦਗੀ ਆ?
ਚਲਦੇ ਸਾਵਾਂ ਦਾ
ਕੁਝ ਤੇ ਸਨਮਾਨ ਕਰੋ

ਦੁਨੀਆਦਾਰੀ ਦੇ ਇਹ ਪੁੜ
ਸਭ ਕੁਝ ਪੀਹ ਕੇ ਰੱਖ ਦੇਂਦੇ ਆ
ਪਰ ਕਦੇ ਤਾਂ ਕੁਝ ਵੱਖਰਾ ਕਰਕੇ
ਆਪੇ ਨੂੰ ਹੈਰਾਨ ਕਰੋ

ਗੇੜ ਚੁਰਾਸੀ ਦਿਨ ਰਾਤ ਦਾ ਗੇੜਾ
ਇੰਜ ਈ ਚਲਦਾ ਰਹਿਣਾ ਏ
ਆਉਂਦੇ ਜਾਂਦੇ ਕਲ ਨੂੰ ਲੈ ਕੇ
ਅੱਜ ਨੂੰ ਐਵੇਂ ਨਾ ਪ੍ਰੇਸ਼ਾਨ ਕਰੋ

ਆਪਣੀ ਖਾਤਿਰ ਦੁਨੀਆ ਜਿਓਂਦੀ
ਕਿਸੇ ਲਈ ਵੀ ਕੁਝ ਕਰਨਾ ਸਿੱਖੀਏ
ਜਾਦਾ ਕੁਝ ਜੇ ਨਈਂ ਕਰ ਸਕਦੇ ਤਾਂ
ਹਰ ਤੀਜੇ ਮਹੀਨੇ ਖੂਨ ਦਾਨ ਕਰੋ

ਮਨ ਨੂੰ ਨੀਵਾਂ ਮੱਤ ਨੂੰ ਉੱਚਾ
ਰੱਖ ਕੇ ਅੱਗੇ ਤੁਰਨਾ ਆ
ਹਕ਼ ਦੀ ਖਾਈਏ ਭਾਵੇਂ ਥੋੜੀ ਖਾਈਏ
ਪੈਸੇ ਅਹੁਦੇ ਦਾ ਨਾ ਮਾਨ ਕਰੋ

ਅੱਜ ਜੋ ਹਰਿਆ ਓ ਕਲ ਨੂੰ ਸੁੱਕਣਾ
ਇਹ ਕੁਦਰਤ ਦੀ ਸੱਚਾਈ ਆ
ਓਦੀ ਰਜ਼ਾ ਬਿਨ੍ਹਾਂ ਪੱਤਾ ਨਾ ਹਿੱਲਦਾ
ਇਸ ਸੱਚ ਨੂੰ ਪ੍ਰਵਾਨ ਕਰੋ

ਕਿਸੇ ਦੀ ਕਾਪੀ ਕਾਹਤੋਂ ਕਰਨੀ
'ਦੀਪ' ਆਪਣਾ ਮੂਲ ਪਛਾਣ
ਚਾਦਰ ਵੇਖ ਲੱਤ ਪਸਾਰੋ
ਰੀਸੋ-ਰੀਸੀ ਨਾ ਤੰਗ ਜਾਨ ਕਰੋ...

✍️ਸਨਦੀਪ ਸਿੰਘ ਸਿੱਧੂ ✍️

+9463661542