ਬੀਐੱਸਐੱਨਐੱਲ ਦੇ 79000 ਕਰਮਚਾਰੀ ਕਿਉਂ ਛੱਡਣਾ ਚਾਹੁੰਦੇ ਨੇ ਨੌਕਰੀ
Wed 27 Nov, 2019 0ਬੀਐੱਸਐੱਨਐੱਲ ਦੇ ਮੁੱਖੀ ਪੀਕੇ ਪੁਰਵਾਰ ਦਾ ਕਹਿਣਾ ਹੈ ਕਿ ਕੰਪਨੀ ਦੇ 79000 ਕਰਮਚਾਰੀਆਂ ਨੇ ਸਵੈ ਇੱਛ ਨਾਲ ਸੇਵਾ ਮੁਕਤੀ (ਵੀਆਰਐੱਸ) ਲੈਣ ਲਈ ਅਰਜੀ ਦਿੱਤੀ ਹੈ।
BSNL ਵਿੱਚ ਲਗਭਗ 1,60,000 ਕਰਮਚਾਰੀ ਹਨ।
ਵੀਆਰਐੱਸ ਸਕੀਮ ਅਧੀਨ ਇੱਕ ਕਰਮਚਾਰੀ ਨੌਕਰੀ ਦੇ ਦੌਰਾਨ ਇੱਕ ਮਿੱਥੀ ਮਿਆਦ ਤੋਂ ਬਾਅਦ ਆਪਣੀ ਮਰਜ਼ੀ ਨਾਲ ਸੇਵਾ ਮੁਕਤੀ ਲੈ ਸਕਦਾ ਹੈ।
ਕੰਪਨੀ ਦੀ ਕਰਮਚਾਰੀ ਯੂਨੀਅਨ ਨੇ ਇਲਜ਼ਾਮ ਲਾਇਆ ਹੈ ਕਿ ਵੀਆਰਐੱਸ ਦੇ ਲਈ ਅਰਜੀਆਂ ਦੇਣ ਵਾਲੇ ਕਰਮਚਾਰੀਆਂ ਨੇ ਇਹ ਕਦਮ ਕੰਪਨੀ ਦੇ ਕਥਿਤ ਦਬਾਅ ਵਿੱਚ ਚੁੱਕਿਆ ਹੈ।
ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਪੀਕੇ ਪੁਰਵਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰ ਰਹੇ ਹਨ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ ਇਹ ਸਕੀਮ 3 ਦਸੰਬਰ ਤੱਕ ਲਾਗੂ ਰਹੇਗੀ ਅਤੇ ਬੀਐੱਸਐੱਨਐੱਲ ਇਸ ਸਕੀਮ ਦੀ ਮਦਦ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਦੇ 7,000 ਕਰੋੜ ਰੁਪਏ ਦੀ ਬੱਚਤ ਦੀ ਆਸ ਲਾਈ ਬੈਠੀ ਹੈ।
ਸਕੀਮ ਦੇ ਮੁਤਾਬਕ 50 ਸਾਲਾ ਜਾਂ ਉਸ ਤੋਂ ਵੱਡੀ ਉਮਰ ਦੇ ਕਰਮਚਾਰੀ ਵੀਆਰਐੱਸ ਲੈ ਸਕਦੇ ਹਨ।
ਹਾਲ ਹੀ ਵਿੱਚ ਕੇਂਦਰੀ ਕੈਬਨਿਟ ਨੇ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਦੇ ਨਿੱਜੀਕਰਣ ਤੇ ਮੋਹਰ ਲਾਈ ਹੈ। ਐੱਮਟੀਐੱਨਐੱਲ ਦਿੱਲੀ ਤੇ ਮੁੰਬਈ ਵਿੱਚ ਆਪਣੀਆਂ ਸੇਵਾਵਾਂ ਦਿੰਦੀ ਹੈ ਜਦ ਕਿ ਬਾਕੀ ਦੇਸ਼ ਵਿੱਚ ਬੀਐੱਸਐੱਨਐੱਲ ਦਾ ਨੈਟਵਰਕ ਹੈ।
ਇਸ ਤੋਂ ਇਲਾਵਾ ਸਰਕਾਰ ਨੇ ਬੀਐੱਸਐੱਨਐੱਲ ਨੂੰ ਘਾਟੇ 'ਚੋਂ ਕੱਢਣ ਲਈ ਇੱਕ ਬਚਾਅ ਪੈਕਜ ਦੀ ਗੱਲ ਕੀਤੀ ਸੀ ਜਿਸ ਵਿੱਚ 4ਜੀ ਸਪੈਕਟਰਮ ਖ਼ਰੀਦਣ ਲਈ ਪੈਸੇ ਵੰਡਣ ਵਰਗੇ ਕਦਮ ਚੁੱਕੇ ਸਨ।ਕੁਝ ਸਮਾਂ ਪਹਿਲਾਂ ਇੱਕ ਸਾਬਕਾ ਸੀਨੀਅਰ ਅਫ਼ਸਰ ਨੇ ਕਿਹਾ ਸੀ ਕਿ ਬੀਐੱਸਐੱਨਐੱਲ ਕਰਮਚਾਰੀਆਂ ਦੀ ਔਸਤ ਉਮਰ 55 ਸਾਲ ਹੈ, ਅਤੇ "ਇਸ ਵਿੱਚੋਂ 80 ਫ਼ੀਸਦੀ ਬੀਐੱਸਐੱਨਐੱਲ 'ਤੇ ਬੋਝ ਹਨ ਕਿਉਂਕਿ ਉਹ ਤਕਨੀਕੀ ਪੱਖੋਂ ਅਨਪੜ੍ਹ ਹਨ, ਜੋ ਨਵੀਂ ਤਕਨੀਕ ਸਿੱਖਣਾ ਹੀ ਨਹੀਂ ਚਾਹੁੰਦੇ ਅਤੇ ਇਸ ਦਾ ਅਸਰ ਨੌਜਵਾਨ ਕਰਮਚਾਰੀਆਂ ਦੇ ਮਨੋਬਲ ’ਤੇ ਪੈਂਦਾ ਹੈ।"
ਬੀਐੱਸਐੱਨਐੱਲ ਕਰਮਚਾਰੀ ਯੂਨੀਅਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਇੰਨੀ ਵੱਡੀ ਗਿਣਤੀ ਵਿੱਚ ਵੀਆਰਐੱਸ ਲਈ ਅਰਜੀਆਂ ਦੇਣ ਵਾਲੇ ਕਰਮਚਾਰੀਆਂ ਦੀ ਸੰਖਿਆ ਬਾਰੇ ਬੀਐੱਸਐੱਨਐੱਲ ਕਰਮਚਾਰੀ ਯੂਨੀਅਨ ਦੇ ਸਵਪਨ ਚਕਰਵਰਤੀ ਨੇ ਬੀਬੀਸੀ ਨੂੰ ਦੱਸਿਆ, "ਲੋਕਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਕਿ ਜੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਜਾਵੇਗੀ, ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੇਗੀ। ਇਸੇ ਕਾਰਣ ਉਹ ਵੀਆਰਐੱਸ ਲੈ ਰਹੇ ਹਨ।"
ਇੱਕ ਹੋਰ ਕਰਮਚਾਰੀ ਨੇ ਵੀ ਅਜਿਹੇ ਇਲਜ਼ਾਮ ਲਾਏ।
ਵੀਆਰਐੱਸ ਲੈ ਰਹੇ ਕਰਮਚਾਰੀਆਂ ਦੀ ਪ੍ਰੋਫ਼ਾਈਲ ਤੇ ਪੀਕੇ ਪੁਰਵਾਰ ਨੇ ਬੀਬੀਸੀ ਨੂੰ ਦੱਸਿਆ, "ਪੰਜਾਹ ਸਾਲਾਂ ਤੋਂ ਵੱਡੀ ਉਮਰ ਦੇ ਕਰਮਚਾਰੀ ਭਾਵੇਂ ਉਹ ਕਿਸੇ ਵੀ ਖੇਤਰ, ਕਾਡਰ ਤੇ ਸੇਵਾ ਦੇ ਹੋਣ, ਵੀਆਰਐੱਸ ਲੈ ਰਹੇ ਹਨ।"
Comments (0)
Facebook Comments (0)