ਜੱਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ (ਸੋਧ) ਬਿੱਲ ਸੰਸਦ ਵਿੱਚ ਪਾਸ

ਜੱਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ (ਸੋਧ) ਬਿੱਲ ਸੰਸਦ ਵਿੱਚ ਪਾਸ

ਜੱਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ (ਸੋਧ) ਬਿੱਲ ਸੰਸਦ ਵਿੱਚ ਪਾਸ ਹੋ ਗਿਆ। ਲੋਕ ਸਭਾ ਨੇ ਇਹ ਬਿੱਲ ਅਗਸਤ ਵਿੱਚ ਹੀ ਪਾਸ ਕਰ ਦਿੱਤਾ ਸੀ ਜਦੋਂਕਿ ਅੱਜ ਰਾਜ ਸਭਾ ਨੇ ਵੀ ਇਸ ਬਿੱਲ 'ਤੇ ਮੋਹਰ ਲਾ ਦਿੱਤੀ। ਬਿੱਲ ਦੇ ਪਾਸ ਹੋਣ ਨਾਲ ਅੰਮ੍ਰਿਤਸਰ ਸਥਿਤ ਜੱਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ ਦਾ ਕੰਮਕਾਜ ਵੇਖਦੇ ਟਰੱਸਟ ਵਿੱਚ ਕਾਂਗਰਸ ਪ੍ਰਧਾਨ ਨੂੰ ਸਥਾਈ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੀ ਵਿਵਸਥਾ ਨੂੰ ਖ਼ਤਮ ਕੀਤੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਰਾਜ ਸਭਾ ਨੇ ਇਹ ਬਿੱਲ ਜ਼ੁਬਾਨੀ ਵੋਟ ਨਾਲ ਪਾਸ ਕੀਤਾ। ਬਿੱਲ ਵਿਚਲੇ ਨਵੇਂ ਪ੍ਰਬੰਧ ਮੁਤਾਬਕ ਹੁਣ ਲੋਕ ਸਭਾ ਵਿੱਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਨੂੰ ਜੱਲ੍ਹਿਆਂਵਾਲਾ ਟਰੱਸਟ 'ਚ ਮੈਂਬਰ ਵਜੋਂ ਸ਼ਾਮਲ ਕੀਤਾ ਜਾ ਸਕੇਗਾ।

ਸਭਿਆਚਾਰ ਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਸੋਧ ਬਿੱਲ 'ਤੇ ਹੋਈ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਇਸ ਬਿੱਲ ਨਾਲ ਟਰੱਸਟ ਵਿੱਚ (ਪਹਿਲਾਂ ਤੋਂ) ਮੌਜੂਦ ਸਿਆਸੀ ਰੰਗਤ ਖ਼ਤਮ ਹੋਵੇਗੀ। ਵਿਰੋਧੀ ਧਿਰ 'ਤੇ ਚੁਟਕੀ ਲੈਂਦਿਆਂ ਪਟੇਲ ਨੇ ਕਿਹਾ ਕਿ ਉਨ੍ਹਾਂ ਨੂੰ ਬਿੱਲ ਦੀ ਮਹਿਜ਼ ਇਕ ਵਿਵਸਥਾ ਨਾਲ ਦਿੱਕਤ ਹੈ, ਜਿਸ ਵਿੱਚ ਪਾਰਟੀ (ਕਾਂਗਰਸ) ਪ੍ਰਧਾਨ ਨੂੰ ਟਰੱਸਟੀ ਵਜੋਂ ਹਟਾਉਣ ਦੀ ਤਜਵੀਜ਼ ਹੈ। ਉਨ੍ਹਾਂ ਸਰਕਾਰ 'ਤੇ ਮੁੜ ਇਤਿਹਾਸ ਲਿਖਣ ਦੇ ਲਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ, 'ਕੋਈ ਵੀ ਇਤਿਹਾਸ ਨਾਲ ਛੇੜਛਾੜ ਨਹੀਂ ਚਾਹੁੰਦਾ। ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹੈ।' ਪਟੇਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੱਲ੍ਹਿਆਂਵਾਲਾ ਟਰੱਸਟ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਜੋਂ ਸ਼ਾਮਲ ਹਨ।

ਇਸ ਤੋਂ ਪਹਿਲਾਂ ਬਿੱਲ 'ਤੇ ਚਰਚਾ ਦੌਰਾਨ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨ ਰਾਜ ਸਭਾ ਦੇ ਇਤਿਹਾਸਕ 250ਵੇਂ ਇਜਲਾਸ ਮੌਕੇ ਵਿਰੋਧੀ ਧਿਰ ਨੂੰ ਵੱਡਾ ਦਿਲ ਦਿਖਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਸਰਕਾਰ 'ਖੁੱਲ੍ਹਦਿਲੀ' ਦਾ ਮੁਜ਼ਾਹਰਾ ਕਰਦਿਆਂ ਕਾਂਗਰਸ ਵੱਲੋਂ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਪਛਾਣ ਦੇਵੇ। ਬਾਜਵਾ ਨੇ ਕਿਹਾ, 'ਇਤਿਹਾਸ ਮੁੜ ਲਿਖਣ ਦੀ ਕੋਈ ਲੋੜ ਨਹੀਂ।' ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਤੇ ਕਾਂਗਰਸ ਪਾਰਟੀ ਦਾ 'ਨਹੁੰ-ਮਾਸ' ਦਾ ਰਿਸ਼ਤਾ ਹੈ, ਜਿਨ੍ਹਾਂ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਭਗਤ ਸਿੰਘ ਨੂੰ ਦੇਸ਼ ਦਾ ਸਰਵਉੱਚ ਸਨਮਾਨ 'ਭਾਰਤ ਰਤਨ' ਤੇ ਇਨਕਲਾਬੀ ਊਧਮ ਸਿੰਘ ਵੱਲੋਂ ਦਿੱਤੀ ਕੁਰਬਾਨੀ ਨੂੰ ਮਾਨਤਾ ਦੇਵੇ। ਉਧਰ ਸਪਾ ਦੇ ਰਾਮ ਗੋਪਾਲ ਵਰਮਾ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਕੁਝ ਕਰਨਾ ਚਾਹੁੰਦੀ ਹੈ ਤਾਂ ਸੰਸਦੀ ਅਹਾਤੇ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਵੇ।