ਰਾਜੋਆਣਾ ਮਾਮਲਾ : ਕੇਂਦਰ ਦਾ ਮੁੱਕਰ ਜਾਣਾ ਕੋਝਾ ਮਜ਼ਾਕ ਤੇ ਧੋਖਾ - ਕਮਲਦੀਪ ਕੌਰ

ਰਾਜੋਆਣਾ ਮਾਮਲਾ : ਕੇਂਦਰ ਦਾ ਮੁੱਕਰ ਜਾਣਾ ਕੋਝਾ ਮਜ਼ਾਕ ਤੇ ਧੋਖਾ - ਕਮਲਦੀਪ ਕੌਰ

ਕਮਲਦੀਪ ਕੌਰ ਰਾਜੋਆਣਾ ਨੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਦੇ ਭਰਾ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਮਾਮਲੇ ਉੱਤੇ ਕੇਂਦਰ ਸਰਕਾਰ ਵੱਲੋਂ ਮੁੱਕਰ ਜਾਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਕੀਤਾ ਗਿਆ ਇੱਕ ਕੋਝਾ ਮਜ਼ਾਕ ਤੇ ਧੋਖਾ ਹੈ । ਸਿੱਖ ਕੌਮ ਦੇ ਨਾਂਅ ਲਿਖੀ ਖੁੱਲ੍ਹੀ ਚਿੱਠੀ ਵਿੱਚ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਹੈ ਕਿ "ਸਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ । ਖਾਲਸਾ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਗੁਰਪੁਰਬ ਤੇ ਮੀਡੀਆ ਵਿੱਚ ਇਹ ਨਿਊਜ ਆਈ ਸੀ ਕਿ ਵੀਰਜੀ ਸ।ਬਲਵੰਤ ਸਿੰਘ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਕੇਂਦਰ ਸਰਕਾਰ ਨੇ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ ।ਇਹ ਖਬਰਾਂ ਦੇਣ ਲਈ ਮੀਡੀਆ ਕੋਲ ਪੁਖਤਾ ਦਸਤਾਵੇਜ਼ ਵੀ ਸਨ ।ਇਸ ਤੇ ਅਸੀਂ ਮੀਡੀਆ ਦੀਆਂ ਇਨ੍ਹਾਂ ਖਬਰਾਂ ਦੇ ਆਧਾਰ ਤੇ ਕਿ ਜੇਕਰ ਇਹ ਖਬਰਾਂ ਸਹੀ ਹਨ ਤਾਂ ਅਸੀਂ ਕੇਂਦਰ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਸੀ ।ਵੀਰਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਖਬਰ ਜਿੱਥੇ ਸਾਡੇ ਪਰਿਵਾਰ ਲਈ ਬਹੁਤ ਵੱਡੀ ਰਾਹਤ ਦੀ ਖਬਰ ਸੀ ਉਥੇ ਸਮੁੱਚੇ ਖਾਲਸਾ ਪੰਥ ਲਈ ਵੀ ਖੁਸ਼ੀ ਦੀ ਖਬਰ ਸੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਗੁਰਪੁਰਬ ਸਮੇਂ ਇਸ ਖਬਰ ਦਾ ਆਉਣਾ ਹੋਰ ਵੀ ਮਹੱਤਵਪੂਰਨ ਸੀ । ਖਾਲਸਾ ਜੀ, ਇਸ ਸਾਰੇ ਵਰਤਾਰੇ ਤੇ ਸਾਡਾ ਇਹੀ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਗੁਰਪੁਰਬ ਤੇ ਪਹਿਲਾਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਰਾਹਤ ਦੇ ਕੇ ਅੱਜ ਸੰਸਦ ਵਿੱਚ ਆਪਣੇ ਬਿਆਨ ਤੋਂ ਮੁਕਰ ਜਾਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਗੁਰਪੁਰਬ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਕੀਤਾ ਗਿਆ ਇੱਕ ਕੋਝਾ ਮਜ਼ਾਕ ਹੈ ਅਤੇ ਧੋਖਾ ਹੈ ।ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਇੱਕ ਸਿੱਖ ਕੌਮ ਦੇ ਕਾਤਲ ਪਰਿਵਾਰ ਦੀ ਸੌੜੀ ਸੋਚ ਨੂੰ ਅਹਿਮੀਅਤ ਦੇਣਾ ਕੇਂਦਰ ਸਰਕਾਰ ਲਈ ਹੋਰ ਵੀ ਮੰਦਭਾਗਾ ਹੈ।ਇਸ ਕੇਂਦਰ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਭਾਈਵਾਲ ਹੈ ਅਤੇ ਇਹ ਅਪੀਲ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ।"