ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਤਰਨ ਤਾਰਨ ਵਿਖੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ

ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਤਰਨ ਤਾਰਨ ਵਿਖੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ

ਸਰਕਾਰੀ ਸਿੱਖਿਆ ਨੂੰ ਤਬਾਹ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਤੁਰੰਤ ਹਟਾਏ ਪੰਜਾਬ ਸਰਕਾਰ : ਡੀ.ਟੀ.ਐਫ.

ਚੋਹਲਾ ਸਾਹਿਬ  18 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)

ਸਿੱਖਿਆ ਸਕੱਤਰ ਵੱਲੋੰ ਸਿੱਖਿਆ ਸਮੇਤ ਅਧਿਆਪਕਾਂ ਨਾਲ਼ ਜੁੜੇ ਮਸਲਿਆਂ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਡੀਟੀਐਫ ਪੰਜਾਬ ਦੇ ਜਨਰਲ ਕੌਂਸਲ ਵਿੱਚ ਐਲਾਨੇ ਸੂਬਾਈ ਸੱਦੇ `ਤੇ ਅਧਿਆਪਕਾਂ ਨੇ ਭਰਵੀਂ ਗਿਣਤੀ  ਵਿੱਚ  ਲਾਮਬੰਦ ਹੋ ਕੇ  `ਸਕੱਤਰ ਭਜਾਓ, ਸਿੱਖਿਆ ਬਚਾਓ` ਦੇ ਨਾਅਰਿਆਂ ਨਾਲ਼ ਚਾਰ ਖੰਭਾ ਚੋਂਕ ਵਿਖੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ।
ਡੀ.ਟੀ.ਐਫ ਪੰਜਾਬ ਦੇ ਸੂਬਾਈ ਜਨਰਲ ਇਜਲਾਸ ਵਿੱਚ ਪਾਸ ਕੀਤੇ ਸੰਘਰਸ਼ੀ ਐਲਾਨਾਂ ਅਨੁਸਾਰ ਅੱਜ ਤਰਨ ਤਾਰਨ ਵਿਖੇ ਸੈਂਕੜੇ ਅਧਿਆਪਕਾਂ ਨੇ  ਨਛੱਤਰ ਸਿੰਘ ਤਰਨ ਤਾਰਨ ਸੂਬਾ ਸੰਯੁਕਤ ਸਕੱਤਰ ਤੇ ਜ਼ਿਲ੍ਹਾ ਜਨਰਲ ਸਕੱਤਰ  ਸਾਥੀ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਭਰਵੀਂ ਲਾਮਬੰਦੀ ਕਰਕੇ ਸਿੱਖਿਆ ਸਕੱਤਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਨਛੱਤਰ ਸਿੰਘ ਅਤੇ ਕਸ਼ਮੀਰ ਸਿੰਘ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸ਼ਤ ਪ੍ਰਤੀਸ਼ਤ ਆਨਲਾਈਨ ਸਿੱਖਿਆ ਦੇਣ, ਆਨਲਾਈਨ ਇਮਤਿਹਾਨਾਂ ਵਿੱਚ ਸ਼ਤ ਪ੍ਰਤੀਸ਼ਤ ਹਾਜ਼ਰੀਆਂ ਹੋਣ ਸਬੰਧੀ ਅਧਿਆਪਕਾਂ ਨੂੰ ਜਬਰੀ ਝੂਠੇ ਅੰਕੜੇ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਹੁਣ ਜਦੋੰ 10 ਮਹੀਨਿਆਂ ਮਗਰੋਂ ਸਕੂਲ ਖੁੱਲੇ ਹਨ ਤਾਂ ਸਿੱਖਿਆ  ਸਕੱਤਰ ਦੇ ਸ਼ਤ ਪ੍ਰਤੀਸ਼ਤ ਦੇ ਗੈਰਵਿਗਿਆਨਕ ਅਤੇ ਹਵਾਈ ਮਾਡਲ ਦੀ ਪ੍ਰਾਪਤੀ ਲਈ, ਅਸਲ ਸਿੱਖਿਆ ਤੋੰ ਮੁਕੰਮਲ ਵਿਰਵੇ ਰਹੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਹਫਤਾਵਰੀ ਟੈਸਟਾਂ ਵਿੱਚ ਉਲਝਾ ਕੇ ਸਿੱਖਿਆ ਦੇ ਮਨੋਰਥ ਨੂੰ ਖਤਮ ਕਰਨ ਦੀ ਰਹਿੰਦੀ ਕਸਰ ਪੂਰੀ ਕੀਤੀ ਜਾ ਰਹੀ ਹੈ। ਵਿਭਾਗ ਦੇ ਇਨ੍ਹਾਂ ਹੁਕਮਾਂ ਅਨੁਸਾਰ ਹਰ ਰੋਜ਼ ਹਫ਼ਤਾਵਾਰੀ ਟੈਸਟ ਲੈਣ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ  ਮੋਬਾਇਲ ਰਾਹੀਂ ਜਾਰੀ ਹੁਕਮਾਂ ਦੇ ਗੁਲਾਮ ਬਣਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਮਾੜੇ ਸਿੱਟਿਆਂ ਵਜੋਂ  ਅਧਿਆਪਕਾਂ ਅਤੇ ਵਿਦਿਆਰਥੀਆਂ ਦੀ  ਰਚਨਾਤਮਕਤਾ ਦੇ ਵਿੱਚ ਨਿਘਾਰ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕੀ ਜਦੋਂ ਵਿਭਾਗ ਦੀ ਮਰਜ਼ੀ ਹੁੰਦੀ ਹੈ ਤਾਂ ਸਿਨਿਓਰਟੀ ਲਿਸਟ ਸਬੰਧੀ  ਪੈਰਵੀ ਮਾਨਯੋਗ ਕੋਰਟ ਵਿੱਚ ਕੀਤੀ ਜਾਂਦੀ ਹੈ, ਪਰੰਤੂ ਲੰਬੇ ਸਮੇਂ ਤੋਂ ਪ੍ਰਮੋਸ਼ਨਾ ਉਡੀਕ ਰਹੇ ਮਾਸਟਰ ਕੇਡਰ ਦੇ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਸੀਨੀਆਰਟੀ ਲਿਸਟ ਦਾ ਬਹਾਨਾ ਬਣਾ ਕੇ  ਪ੍ਰਮੋਸ਼ਨਾਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਇਸ ਵਤੀਰੇ ਦਾ  ਜਥੇਬੰਦੀ ਕਰੜਾ ਨੋਟਿਸ ਲੈਂਦੀ ਹੈ। ਅਧਿਆਪਕ ਜਥੇਬੰਦੀਆਂ ਦੇ ਨਾਲ ਚਾਰ ਮੰਤਰੀਆਂ ਦੀ ਹੋਈ ਮੀਟਿੰਗ  ਵਿੱਚ ਸਾਰੀਆਂ ਵਿਕਟੇਮਾਈਜ਼ੇਸ਼ਨਾਂ  ਰੱਦ ਕੀਤੀਆਂ ਗਈਆਂ ਸਨ, ਜੋ ਕਿ ਅੱਜ ਤਕ ਸਿੱਖਿਆ ਸਕੱਤਰ ਵੱਲੋਂ ਪੈਂਡਿੰਗ ਰੱਖੀਆਂ ਗਈਆਂ ਹਨ। ਓ.ਡੀ.ਐੱਲ  ਰਾਹੀ ਸਿੱਖਿਆ ਪ੍ਰਾਪਤ ਅਧਿਆਪਕਾਂ  ਨੂੰ ਜਾਣਬੁੱਝ ਕੇ ਨਿਯਮਤ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਸਿਵਲ ਸੇਵਾਵਾਂ ਨਿਯਮਾਂ ਨੂੰ ਤੋੜ ਮਰੋੜ ਕੇ  ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕਾਂ  ਦੇ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ। ਗ਼ੈਰਵਾਜਬ ਗ਼ੈਰ ਸੰਵਿਧਾਨਕ ਰੈਸ਼ਨੇਲਾਈਜ਼ੇਸ਼ਨ ਦੀ ਨੀਤੀ ਨੂੰ ਲੁਕਵੇਂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੀ ਆਕਾਰ ਘਟਾਈ ਕੀਤੀ ਜਾ ਰਹੀ ਹੈ..   
ਆਪਣੀ ਨਾਕਾਮੀ ਲੁਕਾਉਣ ਲਈ ਸਿੱਖਿਆ ਸਕੱਤਰ ਵੱਲੋੰ ਥੋਕ ਵਿੱਚ ਪ੍ਰਸ਼ੰਸ਼ਾ ਪੱਤਰ ਵੰਡ ਕੇ ਅਧਿਆਪਕਾਂ ਦੇ ਹਕੀਕੀ ਮਸਲਿਆਂ ਤੇ ਪਰਦਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਨਤਕ ਸਿੱਖਿਆ ਨੂੰ ਹਾਸ਼ੀਏ `ਤੇ ਧੱਕਣ ਵਾਲੇ ਸਕੱਤਰ ਖਿਲਾਫ ਅਧਿਆਪਕਾਂ ਵਿੱਚ ਵੱਡੇ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਵੱਲੋੰ ਉਸਦੀ ਪਿੱਠ ਥਾਪੜੀ ਜਾ ਰਹੀ ਹੈ।
ਇਸ ਮੌਕੇ  ਰਾਜਬੀਰ ਸਿੰਘ, ਬਲਜਿੰਦਰ ਸਿੰਘ  ਝਬਾਲ, ਨਰਿੰਦਰਜੀਤ ਸਿੰਘ, ਬਲਰਾਜ ਸਿੰਘ, ਹਰਮਨਦੀਪ ਸਿੰਘ, ਕੰਵਰਦੀਪ ਸਿੰਘ ਢਿਲੇ, ਅੰਗਰੇਜ ਸਿੰਘ  ਕੈਰੈਂਵਾਲ, ਕੰਵਲਜੀਤ ਸਿੰਘ  ਝਾਮਕੇ, ਭੁਪਿੰਦਰ ਸਿੰਘ, ਵਿਸ਼ਾਲ, ਦਿਲਬਾਗ ਸਿੰਘ  ਚੋਹਲਾ,ਸੰਦੀਪ ਸਿੰਘ ਪੁਰੀ,ਬਲਵਿੰਦਰ ਸਿੰਘ  ਭੁੱਚਰ , ਗੁਰਇਕਬਾਲ ਸਿੰਘ  ਪੱਟੀ, ਜੁਗਰਾਜ ਸਿੰਘ, ਨਿਸ਼ਾਨ ਸਿੰਘ  ਢਿੱਲੋ, ਰੇਸ਼ਮ ਸਿੰਘ, ਗੁਰਵਰਿਆਮ ਸਿੰਘ, ਬਲਵਿੰਦਰ ਸਿੰਘ  ਮਾਣੇਚਾਹਲ, ਗੁਲਜਾਰ ਸਿੰਘ,  ਤਸਵੀਰ ਸਿੰਘ  ਗਿਲ , ਸ਼ਿੰਗਾਰਾ ਸਿੰਘ, ਕੁਲਦੀਪ ਭਾਰਤੀ,ਕਰਮਜੀਤ ਸਿੰਘ ਕਲੇਰ , ਜਗਤਾਰ ਸਿੰਘ ,ਇੰਦਰਬੀਰ ਸਿੰਘ ਲਾਡੀ ,ਭੰਵਰ ਲਾਲ ਆਦਿ  ਹਾਜਰ ਸਨ ।