ਕਾਵਿ -ਪੁਸਤਕ 'ਲਫ਼ਜ਼ੀ - ਲਾਂਘੇ' ਵਿੱਚੋਂ..

ਕਾਵਿ -ਪੁਸਤਕ 'ਲਫ਼ਜ਼ੀ - ਲਾਂਘੇ' ਵਿੱਚੋਂ..

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ
ਜੇਕਰ ਮੇਰੀ ਵੀ ਏ, ਕੀ ਮੈਂ ਤੇਰੀ ਨਈਂ
ਓਹ ਕਹਿੰਦਾ ਏ ਪਿਆਰ ਤੇ ਜੰਗ ਵਿਚ ਜਾਇਜ਼ ਏ ਸਭ
ਮੈਂ ਕਹਿਨੀ ਆਂ 'ਊਂ ਹੂੰ...ਹੇਰਾ ਫੇਰੀ ਨਈਂ
ਕਿਸਰਾਂ ਡਰ ਦਾ ਘੁਣ ਖਾ ਜਾਂਦਾ ਏ ਨੀਂਦਰ ਨੂੰ
ਤੂੰ ਕੀ ਜਾਣੇ ਤੇਰੇ ਘਰ ਜੁ ਬੇਰੀ ਨਈਂ
ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਈ
ਲਹੂ ਦਿਸੇਗਾ ਕੰਧਾਂ ਉੱਤੇ ਕੇਰੀ ਨਈਂ
ਮੇਰੀ ਮੰਨ ਤੇ ਅਪਣੇ ਅਪਣੇ ਰਾਹ ਪਈਏ
ਕੀ ਕਹਿਨਾਂ ਏਂ,ਜਿੰਨੀ ਹੋਈ ਬਥੇਰੀ ਨਈਂ
ਚਰਖ਼ੇ ਉੱਤੇ 'ਤਾਹਿਰਾ' ਦੁੱਖ ਹੀ ਕੱਤੇ ਨੇ
ਛੱਲੀ ਤੇ ਮੈਂ ਇਕ ਵੀ ਅਜੇ ਉਟੇਰੀ ਨਈਂ
'ਤਾਹਿਰਾ' ਪਿਆਰ ਦੀ ਖ਼ੌਰੇ ਕਿਹੜੀ ਮੰਜ਼ਲ ਏ
ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਈਂ
-ਤਾਹਿਰਾ ਸਰਾ