UK Election: ਭਾਰਤੀ ਤੇ ਪਾਕਿਸਤਾਨੀ ਮੂਲ ਦੇ ਉਮੀਦਵਾਰਾਂ ਦਾ ਕੀ ਬਣਿਆ

UK Election: ਭਾਰਤੀ ਤੇ ਪਾਕਿਸਤਾਨੀ ਮੂਲ ਦੇ ਉਮੀਦਵਾਰਾਂ ਦਾ ਕੀ ਬਣਿਆ

ਯੂਕੇ ਦੀ ਨਵੀਂ ਚੁਣੀ ਗਈ ਸੰਸਦ ਵਿੱਚ ਪਹੁੰਚਣ ਵਾਲੇ ਕੁੱਲ 650 ਨੁਮਾਇੰਦਿਆਂ ਵਿੱਚੋਂ 30 ਮੈਂਬਰ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਹਨ।

ਇਨ੍ਹਾਂ ਤੀਹਾਂ ਸਮੇਤ ਇਸ ਵਾਰ ਕੁੱਲ 65 ਮੈਂਬਰ ਗੈਰ-ਗੋਰੇ ਚੁਣ ਕੇ ਸੰਸਦ ਵਿੱਚ ਪਹੁੰਚੇ ਹਨ ਜਦਕਿ ਪਿਛਲੀ ਵਾ ਇਹ ਗਿਣਤੀ 52 ਸੀ।

ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੀ ਕੰਜ਼ਰਵੇਟਿਵ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕਰਕੇ ਪੂਰਣ ਬਹੁਮਤ ਹਾਸਲ ਕੀਤਾ ਹੈ। ਜਦਕਿ ਲੇਬਰ ਪਾਰਟੀ ਨੇ ਆਪਣੇ ਕਈ ਰਵਾਇਤੀ ਕਿਲ੍ਹੇ ਬੋਰਸ ਲਹਿਰ ਵਿੱਚ ਗੁਆ ਦਿੱਤੇ ਹਨ।

ਨਵੀਂ ਸੰਸਦ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 364 ਸੀਟਾਂ, ਲੇਬਰ ਨੂੰ 203, ਸਕੌਟਿਸ਼ ਨੈਸ਼ਨਲ ਪਾਰਟੀ (ਐੱਸਐੱਨਪੀ) ਨੂੰ 48, ਲਿਬਰਲ ਡੈਮਕ੍ਰੇਟ ਪਾਰਟੀ ਨੂੰ 12 ਅਤੇ ਗ੍ਰੀਨਸ ਪਾਰਟੀ ਨੂੰ ਇੱਕ ਸੀਟ ਤੇ ਜਿੱਤ ਹਾਸਲ ਹੋਈ ਹੈ।

ਯੂਕੇ ਦੀ ਨਵੀਂ ਚੁਣੀ ਗਈ ਸੰਸਦ ਵਿੱਚ 15 ਭਾਰਤੀ ਮੂਲ ਦੇ ਮੈਂਬਰ ਹਨ ਜੋ ਕਿ ਇੱਕ ਰਿਕਾਰਡ ਹੈ ਪਿਛਲੀ ਵਾਰ ਇਹ ਗਿਣਤੀ 12 ਸੀ।

ਚੁਣੇ ਗਏ ਇਨ੍ਹਾਂ 15 ਮੈਂਬਰਾਂ ਵਿੱਚ 7 ਮੈਂਬਰ ਪ੍ਰਧਾਨ ਮੰਤਰੀ ਬੋਰਸ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਤੋਂ ਹਨ ਜਦਕਿ ਇੰਨੇ ਹੀ ਮੈਂਬਰ ਲੇਬਰ ਪਾਰਟੀ ਵੱਲੋਂ ਹਨ।

Reuters ਯੂਕੇ ਦੀ ਨਵੀਂ ਕੈਬਨਿਟ ਵਿੱਚ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਜ਼ਿਆਦਾ ਚਿਹਰੇ ਦਿਖਣ ਦੀ ਸੰਭਾਵਨਾ ਵੀ ਵਧੀ ਹੈ।

ਇਤਫ਼ਾਕ ਦੀ ਗੱਲ ਹੈ ਕਿ...

ਇਤਫ਼ਾਕ ਦੀ ਗੱਲ ਹੈ ਕਿ ਪਾਕਿਸਤਾਨੀ ਮੂਲ ਦੇ ਵੀ ਇਸ ਵਾਰ 15 ਨੁਮਾਇੰਦੇ ਹੀ ਸੰਸਦ ਵਿੱਚ ਪਹੁੰਚੇ ਹਨ। ਦੂਸਰੇ ਇਤਿਫ਼ਾਕ ਦੀ ਗੱਲ ਹੈ ਕਿ ਪਿਛਲੀ ਸੰਸਦ ਵਿੱਚ ਪਾਕਿਸਤਾਨੀ ਮੂਲ ਦੇ ਵੀ 12 ਨੁਮਾਇੰਦੇ ਸਨ।

ਪਾਕਿਸਤਾਨੀ ਮੂਲ ਦੇ ਇਨ੍ਹਾਂ 15 ਨੁਮਾਇੰਦਿਆਂ ਵਿੱਚੋਂ 10 ਲੇਬਰ ਪਾਰਟੀ ਦੇ ਅਤੇ 5 ਕੰਜ਼ਰਵੇਟਿਵ ਹਨ।

ਇਸ ਨਾਲ ਯੂਕੇ ਦੀ ਨਵੀਂ ਕੈਬਨਿਟ ਵਿੱਚ ਵੀ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਜ਼ਿਆਦਾ ਚਿਹਰੇ ਦਿਖਣ ਦੀ ਸੰਭਾਵਨਾ ਵੀ ਵਧੀ ਹੈ।

ਆਓ ਜਾਣਦੇ ਹਾਂ ਇਨ੍ਹਾਂ ਵਿੱਚੋਂ ਪ੍ਰਮੁੱਖ ਭਾਰਤੀ ਤੇ ਪਾਕਿਸਤਾਨੀਆਂ ਬਾਰੇ:

1. ਭਾਰਤੀ ਮੂਲ ਦੇ ਸੰਸਦ ਮੈਂਬਰ

BBC ਸਲੌ ਤੋਂ ਲੇਬਰ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਤਨ ਢੇਸੀ ਨੇ ਮੁੜ ਜਿੱਤ ਹਾਸਲ ਕੀਤਾ ਹੈ

ਤਨਮਨਜੀਤ ਸਿੰਘ ਢੇਸੀ

ਸਲੌ ਤੋਂ ਲੇਬਰ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਤਨ ਢੇਸੀ ਨੇ ਮੁੜ ਜਿੱਤ ਹਾਸਲ ਕੀਤਾ ਹੈ। ਉਹ ਲੇਬਰ ਪਾਰਟੀ ਦੇ ਉਮੀਦਵਾਰ ਸਨ।

ਢੇਸੀ ਨੇ ਕੰਜ਼ਰਵੇਟਿਵ ਪਾਰਟੀ ਦੇ ਕੰਵਰ ਤੂਰ ਗਿੱਲ ਨੂੰ 13 ਹਜ਼ਾਰ ਤੋਂ ਵੋਟਾਂ ਤੋਂ ਹਰਾਇਆ।

ਤੀਜੇ ਨੰਬਰ ’ਤੇ ਲਿਬਰਲ ਡੈਮੋਕਰੈਟ ਆਰੋਨ ਚਾਹਲ ਹਨ।

ਪ੍ਰੀਤੀ ਪਟੇਲ

ਬਰਤਾਨੀਆ ਦੀ ਗ੍ਰਹਿ ਮੰਤਰੀ ਅਤੇ ਵਿਥੈਮ ਤੋਂ ਸੰਸਦ ਮੈਂਬਰ ਪ੍ਰੀਤੀ ਪਟੇਲ ਵੱਡੇ ਫਰਕ ਨਾਲ ਮੁੜ ਜਿੱਤ ਹਾਸਿਲ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪ੍ਰੀਤੀ ਪਟੇਲ ਨੇ ਲੇਬਰ ਪਾਰਟੀ ਦੇ ਮਾਰਟਿਨ ਐਡੋਬੋਰ ਨੂੰ 24 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

ਉਹ ਸਭ ਤੋਂ ਪਹਿਲਾਂ ਸਾਲ 2010 ਵਿੱਚ ਸੰਸਦ ਮੈਂਬਰ ਬਣੇ ਸਨ। ਬ੍ਰੈਗਜ਼ਿਟ ਅਭਿਆਨ ਦੇ ਹਮਾਇਤੀ ਪ੍ਰੀਤੀ ਪਟੇਲ ਪਟੇਲ 2014 ਵਿੱਚ ਖਜ਼ਾਨਾ ਮੰਤਰੀ ਸਨ।

ਸਾਲ 2015 ਦੀਆਂ ਆਮ ਚੋਣਾਂ ਤੋਂ ਬਾਅਦ ਉਹ ਰੁਜ਼ਗਾਰ ਮੰਤਰੀ ਬਣਾ ਦਿੱਤੇ ਗਏ।

ਵਰਿੰਦਰ ਸ਼ਰਮਾ

ਈਲਿੰਗ ਸਾਊਥਾਲ ਸੀਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਨੇ ਕੰਜ਼ਰਵੇਟਿਵ ਪਾਰਟੀ ਦੇ ਟੌਮ ਬੇਨੇਟ ਨੂੰ ਹਰਾ ਦਿੱਤਾ ਹੈ।

ਵਰਿੰਦਰ ਸ਼ਰਮਾ ਨੇ ਆਪਣੇ ਵਿਰੋਧੀ ਨੂੰ 16 ਹਜ਼ਾਰ ਵੋਟਾਂ ਨਾਲ ਹਰਾਇਆ ਹੈ।

https://www.youtube.com/watch?v=9b5mg-KfSTw

BBC

ਪ੍ਰੀਤ ਗਿੱਲ

ਬਰਮਿੰਘਮ ਐਜਬੈਸਟਨ ਸੀਟ ਤੋਂ ਲੇਬਰ ਪਾਰਟੀ ਦੀ ਪ੍ਰੀਤ ਗਿੱਲ ਨੇ ਮੁੜ ਜਿੱਤ ਹਾਸ ਕੀਤੀ ਹੈ।

ਉਨ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਐਲੇਕਸ ਇਪ ਨੂੰ 5 ਹਜ਼ਾਰ ਤੋਂ ਵੋਟਾਂ ਨਾਲ ਹਰਾਇਆ ਹੈ।

ਪਰਮਜੀਚ ਢਾਂਡਾ

ਪਰਮਜੀਚ ਢਾਂਡਾ ਗਲੂਸਟਰ ਹਲਕੇ ਤੋਂ ਲੇਬਰ ਪਾਰਟੀ ਦੀ ਟਿਕਟ ਤੇ ਜਿੱਤ ਕੇ ਸੰਸਦ ਵਿੱਚ ਪਹੁੰਚੇ ਹਨ। ਉਹ ਸਾਲ 2007 ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।

ਪਰਮਜੀਚ ਢਾਂਡਾ ਦੇ ਮਾਪੇ ਚੰਗੇ ਜੀਵਨ ਦੀ ਭਾਲ ਵਿੱਚ ਭਾਰਤੀ ਪੰਜਾਬ ਤੋਂ ਲੰਡਨ ਜਾ ਕੇ ਵਸੇ ਸਨ। ਉਨ੍ਹਾਂ ਦੇ ਪਿਤਾ ਬਲਬੀਰ ਸਿੰਘ ਇੱਕ ਟਰੱਕ ਡਰਾਈਵਰ ਤੇ ਮਾਂ ਸਤਵਿੰਦਰ ਕੌਰ ਹਸਪਤਾਲ ਵਿੱਚ ਸਫ਼ਾਈ ਕਰਮਚਾਰੀ ਸਨ।

ਪੱਛਮੀ ਲੰਡਨ ਵਿੱਚ ਮੁਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਹ ਨੌਟਿੰਘਮ ਯੂਨੀਵਰਸਿਟੀ ਵਿੱਚ ਇਲੈਕਟਰੌਨਿਕ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਚਲੇ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਸੂਚਨਾ ਤਕਨੀਕੀ ਵਿੱਚ ਪੋਸਟ ਗ੍ਰੇਜੂਏਸ਼ਨ ਕੀਤੀ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਲੇਬਰ ਪਾਰਟੀ ਨਾਲ ਜੁੜ ਗਏ। ਉਨ੍ਹਾਂ ਦੀ ਵੈਬਸਾਈਟ ਮੁਤਾਬਕ ਉਹ ਯੂਕੇ ਸਰਕਾਰ ਵਿੱਚ ਸਿੱਖ ਪਿਛੋਕੜ ਵਾਲੇ ਪਹਿਲੇ ਮੰਤਰੀ ਬਣੇ।

2. ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ

ਸਾਜਿਦ ਜਾਵਿਦ

ਬ੍ਰੋਮਸਗਰੋਵ ਸੀਟ ਤੋਂ ਪਾਕਿਸਤਾਨੀ ਮੂਲ ਦੇ ਸਾਜਿਦ ਜਾਵਿਦ ਕੰਜ਼ਰਵੇਟਿਵ ਪਾਰਟੀ ਵੱਲੋਂ ਮੁੜ ਜਿੱਤੇ ਹਨ। ਉਨ੍ਹਾਂ ਨੇ ਲੇਬਰ ਪਾਰਟੀ ਦੇ ਰੋਰੀ ਸ਼ੈਨਨ 23 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।

ਸਾਜਿਦ ਜਾਵਿਦ ਪਾਕਿਸਤਾਨੀ ਮੂਲ ਦੇ ਪਰਿਵਾਰ ਵਿੱਚ ਬਰਤਾਨੀਆ ਵਿੱਚ ਹੀ ਪੈਦਾ ਹੋਏ।

ਸਾਲ 2018 ਵਿੱਚ ਟੈਰੀਜ਼ਾ ਮੇਅ ਨੇ ਉਨ੍ਹਾਂ ਨੂੰ ਗ੍ਰਹਿ ਮੰਤਰੀ ਬਣਾਇਆ ਤਾਂ ਉਹ ਪਹਿਲੇ ਨਸਲੀ ਘੱਟ-ਗਿਣਤੀ ਸਮੂਹ ਨਾਲ ਸੰਬੰਧਿਤ ਗ੍ਰਹਿ ਮੰਤਰੀ ਬਣੇ ਸਨ।

ਉਹ ਸਾਲ 2010 ਤੋਂ ਬਰੂਸਗਰੋਵ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦਾ ਜਨਮ ਰਾਕਡੇਲ ਵਿੱਚ ਹੋਇਆ।

ਨੁਸਰਤ ਗਨੀ

ਵੀਲਡਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਮਹਿਲਾ ਉਮੀਦਵਾਰ ਨੁਸਰਤ ਗਨੀ ਵੀ ਪਾਕਿਸਤਾਨੀ ਮੂਲ ਦੇ ਹਨ। ਉਨ੍ਹਾਂ ਲਿਬਰਲ ਡੈਮੋਕੇਰਟ ਕ੍ਰਿਸ ਬਾਵਰਸ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਤੋਂ ਹਰਾ ਕੇ ਮੁੜ ਚੁਣੇ ਗਏ।

ਗਨੀ ਨੇ ਸਭ ਤੋਂ ਪਹਿਲਾਂ 2015 ਵਿੱਚ ਚੋਣ ਜਿੱਤ ਕੇ ਸੰਸਦ ਪਹੁੰਚੇ ਸਨ।

ਰਹਿਮਾਨ ਚਿਸ਼ਤੀ

ਰਹਿਮਾਨ ਚਿਸ਼ਤੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਗਲਿੰਘਮ ਤੇ ਰੈਨਹਮ ਤੋਂ ਸੰਸਦ ਵਿੱਚ ਪਹੁੰਚੇ ਹਨ। ਉਹ ਸਾਲ 2010 ਤੋਂ ਆਪਣੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।

ਰਹਿਮਾਨ ਦਾ ਪਾਲਣ-ਪੋਸ਼ਣ ਗਲਿੰਘਮ ਵਿੱਚ ਹੀ ਹੋਇਆ ਤੇ ਇੱਥੋਂ ਹੀ ਉਨ੍ਹਾਂ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ। ਸਿਆਸੀ ਜੀਵਨ ਤੋਂ ਇਲਵਾ ਉਹ ਚੈਰਟੀ ਸਮੇਤ ਵੱਖ-ਵੱਖ ਮੰਤਵਾਂ ਲਈ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। ਉਨ੍ਹਾਂ ਨੂੰ ਜਿਮ ਜਾਣਾ, ਕ੍ਰਿਕਿਟ ਖੇਡਣਾ, ਫਿਲਮਾਂ ਦੇਖਣਾ ਤੇ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਪੰਸਦ ਹੈ।

ਯਾਸਮੀਨ ਕੁਰੈਸ਼ੀ

ਯਾਸਮੀਨ ਕੁਰੈਸ਼ੀ ਬੋਲਟਨ ਸਾਊਥ ਹਲਕੇ ਦੀ 2010 ਤੋਂ ਲਗਾਤਾਰ ਨੁਮਾਇੰਦਗੀ ਕਰ ਰਹੇ ਹਨ। ਉਹ ਲੇਬਰ ਪਾਰਟੀ ਦੀ ਟਿਕਟ ਤੇ ਸੰਸਦ ਵਿੱਚ ਪਹੁੰਚੇ ਹਨ।

ਉਨ੍ਹਾਂ ਨੇ ਆਪਣੀ ਵੈਬਸਾਈਟ ਤੇ ਲਿਖਿਆ ਹੈ ਕਿ ਉਹ ਸਾਲ 2007 ਤੋਂ ਬੋਲਟਨ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਕਾਨੂੰਨ ਵਿੱਚ ਬੀਏ (ਆਨਰਜ਼) ਕੀਤੀ ਹੋਈ ਹੈ ਤੇ ਮੁਢਲੇ ਦਿਨਾਂ ਵਿੱਚ ਕੁਝ ਦੇਰ ਵਕਾਲਤ ਵੀ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਕਾਨੂੰਨ ਵਿੱਚ ਮਾਸਟਰ ਡਿਗਰੀ ਵੀ ਹਾਸਲ ਕੀਤੀ।

ਸ਼ਬਾਨਾ ਮਹਿਮੂਦ

ਸ਼ਬਾਨਾ ਮਹਿਮੂਦ ਲੇਬਰ ਪਾਰਟੀ ਦੀ ਟਿਕਟ ਨਾਲ ਬਰਮਿੰਘਮ ਲੇਡੀਵੁੱਡ ਹਲਕੇ ਤੋਂ ਸੰਸਦ ਵਿੱਚ ਪਹੁੰਚੇ ਹਨ।

ਉਹ ਇਸ ਹਲਕੇ ਦੀ ਸਾਲ 2010 ਤੋਂ ਲਗਤਾਰ ਜਿੱਤਦੇ ਰਹੇ ਹਨ। ਸ਼ਬਾਨਾ ਦਾ ਜਮਨ ਤੇ ਪਾਲਣ-ਪੋਸ਼ਣ ਇੱਥੇ ਹੀ ਹੋਇਆ ਤੇ ਸਿੱਖਿਆ ਵੀ ਉਨ੍ਹਾਂ ਨੇ ਇੱਥੋਂ ਹੀ ਹਾਸਲ ਕੀਤੀ ਤੇ ਪਰਿਵਾਰ ਸਮੇਤ ਇੱਥੇ ਹੀ ਰਹਿ ਰਹੇ ਹਨ।

ਇਮਰਾਨ ਹੁਸੈਨ

ਇਮਰਾਨ ਹੁਸੈਨ ਲੇਬਰ ਪਾਰਟੀ ਦੀ ਟਿਕਟ ਨਾਲ ਸੰਸਦ ਵਿੱਚ ਪਹੁੰਚੇ ਹਨ। ਉਹ ਜੁਲਾਈ 2017 ਤੋਂ ਨਿਆਂ ਦੇ (ਸ਼ੈਡੋ ਮਨਿਸਟਰ) ਰਹੇ ਹਨ। ਉਹ ਆਪਣੇ ਹਲਕੇ ਬ੍ਰੈਡਫੋਰਡ ਈਸਟ ਤੋਂ ਲਗਤਾਰ ਤੀਜੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚੇ ਹਨ।

ਇਮਰਾਨ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਵੀ ਬ੍ਰੈਡਫੋਰਡ ਵਿੱਚ ਹੀ ਹੋਇਆ। ਉਹ ਆਪਣੇ ਪਰਿਵਾਰ ਸਮੇਤ ਇੱਥੇ ਹੀ ਰਹਿੰਦੇ ਹਨ। ਉਹ ਆਪਣੇ ਖ਼ਾਨਦਾਨ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਯੂਨੀਵਰਸਿਟੀ ਸਿੱਖਿਆ ਹਾਸਲ ਕੀਤੀ।