ਸਾਰੇ ਲੀਡਰ ਵੋਟਾਂ ਦੇ ਦਿਨਾਂ 'ਚ ਪ੍ਰਗਟ ਹੋਣ ਵਾਲੇ ਦੇਵੀ ਦੇਵਤੇ ਆ: ਬੈਂਸ

ਸਾਰੇ ਲੀਡਰ ਵੋਟਾਂ ਦੇ ਦਿਨਾਂ 'ਚ ਪ੍ਰਗਟ ਹੋਣ ਵਾਲੇ ਦੇਵੀ ਦੇਵਤੇ ਆ: ਬੈਂਸ

ਲੁਧਿਆਣਾ: ਪੰਜਾਬ ਦੇ ਨੌਜਵਾਨ ਕੈਨੇਡਾ, ਅਮਰੀਕਾ 'ਚ ਨਹੀਂ ਬਲਕਿ ਕੈਨੇਡਾ ਦੇ ਨੌਜਵਾਨ ਪੰਜਾਬ 'ਚ ਰੁਜ਼ਗਾਰ ਲਈ ਆਇਆ ਕਰਨਗੇ ਇਹ ਦਾਅਵਾ ਕੀਤਾ ਹੈ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਬੈਂਸ ਨੇ। ਦਰਅਸਲ,ਲੁਧਿਆਣਾ 'ਚ ਆਪਣੇ ਸਮਰਥਕਾਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਬੈਂਸ ਨੇ ਕੈਪਟਨ ਅਤੇ ਅਕਾਲੀ ਸਰਕਾਰ 'ਤੇ ਨਿਸ਼ਾਨੇ ਸਾਧਦਿਆਂ ਲੋਕਾਂ ਨੂੰ ਆਪਣੇ ਹੱਕਾਂ ਪਰਤੀ ਜਾਗਰੂਕ ਕੀਤਾ।

ਉਹਨਾਂ ਕਿਹਾ ਕਿ ਉਹਨਾਂ ਕੋਲ ਕੰਮ ਬਹੁਤ ਹਨ। ਅਕਾਲੀਆਂ ਅਤੇ ਕਾਂਗਰਸ ਵਿਚ ਕੋਈ ਫਰਕ ਨਹੀਂ ਹੈ। ਇਹਨਾਂ ਦੋਵਾਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਲਈ ਕੁੱਝ ਨਹੀਂ ਕੀਤਾ। ਪਰ ਫਿਰ ਵੀ ਲੋਕ ਇਹਨਾਂ ਨੂੰ ਹੀ ਵੋਟਾਂ ਪਾਉਂਦੇ ਹਨ। ਲੋਕ ਹਰ ਵਾਰ ਇਹਨਾਂ ਲੀਡਰਾਂ ਨੂੰ ਵੋਟਾਂ ਪਾ ਦਿੰਦੇ ਹਨ ਪਰ ਜਦੋਂ ਕੰਮ ਨਹੀਂ ਮਿਲਦਾ ਤਾਂ ਫਿਰ ਲੋਕ ਰੌਲਾ ਪਾਉਂਦੇ ਹਨ।

ਲੋਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਬਾਦਲਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਲੁੱਟਿਆ ਹੈ। ਰੇਤ ਦੀ ਚੋਰੀ ਵੀ ਬਾਦਲਾਂ ਨੇ ਹੀ ਕਰਵਾਈ ਹੈ। ਇਸ ਦੇ ਨਾਲ ਹੀ ਬੈਂਸ ਨੇ ਕਾਂਗਰਸਾਂ ਨੂੰ ਆੜੇ ਹੱਥੀਂ ਲਿਆ। ਕੈਪਟਨ ਸਰਕਾਰ ਨੇ ਸਮਾਰਟ ਫੋਨ ਤੇ ਲੈਪਟਾਪ ਦੇ ਲਾਰੇ ਲਾਏ ਹਨ। ਜੋ ਕਿ ਹੁਣ ਤਕ ਪੂਰੇ ਨਹੀਂ ਹੋਏ।

ਦੱਸ ਦੇਈਏ ਕਿ ਲੁਧਿਆਣਾ 'ਚ ਇਲਾਕਾ ਨਿਵਾਸੀਆਂ ਵੱਲੋਂ ਲਾਡੋਵਾਲ ਤੋਂ ਹੰਬੜਾਂ ਰੋਡ ਨਾ ਬਣਨ 'ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਰਮਰਨਜੀਤ ਬੈਂਸ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਜਿਸ ਦੌਰਾਨ ਬੈਂਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪਰੇਸ਼ਾਨ ਕੀਤੇ ਬਿਨਾਂ ਉਹਨਾਂ ਵੱਲੋਂ ਡੀਸੀ ਦਾ ਘਰ ਦਾ ਘਿਰਾਓ ਕਰਕੇ 3 ਦਿਨ ਦੇ ਅੰਦਰ ਇਹ ਸੜਕ ਬਣਾਈ ਜਾਵੇਗੀ।