ਡਾ. ਅਜਨਾਲਾ ਬਾਦਲ ਦਲ 'ਚ ਵਾਪਸੀ ਨੂੰ ਲੈ ਕੇ ਦੁਚਿੱਤੀ 'ਚ
Mon 17 Feb, 2020 0ਟਕਸਾਲੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਰਤਨ ਸਿੰਘ ਅਜਨਾਲਾ ਸ਼ਿਰੋਮਣੀ ਅਕਾਲੀ ਦਲ ਬਾਦਲ 'ਚ ਵਾਪਸੀ ਨੂੰ ਲੈ ਕੇ ਅਜੇ ਭੀ ਦੁਚਿੱਤੀ 'ਚ ਹਨ। ਭਾਵੇਂ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਵਾਪਸੀ ਕਰ ਚੁਕੇ ਹਨ ਪਰ ਰਤਨ ਸਿੰਘ ਅਜਨਾਲਾ ਬਾਰੇ ਸਥਿਤੀ ਪੂਰੀ ਤਰ੍ਹਾਂ ਅਸਪਸ਼ਟ ਹੈ ਕੇ ਉਹ ਕਿਸ ਤਰਫ ਹਨ।
ਬੋਨੀ ਦੇ ਬਾਦਲ ਦਲ 'ਚ ਸ਼ਾਮਲ ਹੋਣ ਵੇਲੇ ਭਾਵੈ ਰਤਨ ਸਿੰਘ ਪ੍ਰੋਗ੍ਰਾਮ 'ਚ ਨਹੀਂ ਸਨ ਆਏ ਪਰ ਬਾਦਲ ਦਲ ਦੇ ਆਗੂ ਲਗਾਤਾਰ ਪ੍ਰਚਾਰ ਕਰ ਰਹੇ ਹਨ ਕਿ ਉਹ ਭੀ ਪੁੱਤਰ ਨਾਲ ਹੀ ਅਕਾਲੀ ਦਲ 'ਚ ਵਾਪਸੀ ਕਰ ਚੁਕੇ ਹਨ। ਪਰ ਦੂਜੇ ਪਾਸੇ ਟਕਸਾਲੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਦਾ ਦਾਅਵਾ ਹੈ ਕਿ ਰਤਨ ਸਿੰਘ ਅੱਜ ਭੀ ਟਕਸਾਲੀ ਦਲ ਦੇ ਹੀ ਨਾਲ ਹਨ ਅਤੇ ਬਾਦਲ ਦਲ ਦੇ ਆਗੂ ਗ਼ਲਤ ਪ੍ਰਚਾਰ ਕਰ ਰਹੇ ਹਨ।
ਪਰ ਦਿਲਚਸਪ ਗੱਲ ਹੈ ਕੇ ਰਤਨ ਸਿੰਘ ਇਸ ਮੁਦੇ ਤੇ ਕੁਛ ਭੀ ਖੁਦ ਬੋਲਣ ਲਈ ਤਿਆਰ ਨਹੀਂ। ਵਾਰ ਵਾਰ ਸੰਪਰਕ ਕਰਨ 'ਤੇ ਸਿਰਫ ਇਕ ਵਾਰ ਰਤਨ ਸਿੰਘ ਦੇ ਕਿਸੇ ਸਹਾਇਕ ਨੇ ਫ਼ੋਨ ਉਠਾਇਆ ਅਤੇ ਰਤਨ ਸਿੰਘ ਦੇ ਬਿਜ਼ੀ ਹੋਣ ਦੀ ਗੱਲ ਕਹਿ ਕੇ ਵਾਪਸੀ ਗਲ ਕਰਵਾਉਣ ਦਾ ਦਾ ਵਾਅਦਾ ਕੀਤਾ ਪਰ ਬਾਅਦ ਵਿਚ 2 ਦਿਨਾਂ ਦੌਰਾਨ ਕੋਈ ਫ਼ੋਨ ਨਹੀਂ ਉਠਾ ਰਹੇ। ਸੂਤਰਾਂ ਦੀ ਮੰਨੀਏ ਤਾਂ ਰਤਨ ਸਿੰਘ ਅਜੇ ਪੂਰੀ ਤਰ੍ਹਾਂ ਦੁਚਿੱਤੀ 'ਚ ਹਨ ਤੇ ਫ਼ੈਸਲਾ ਨਹੀਂ ਲੈ ਪਾ ਰਹੇ ਕਿ ਕਿਧਰ ਜਾਣ।
ਇਕ ਪਾਸੇ ਪੁੱਤਰ ਮੋਹ ਹੈ ਅਤੇ ਦੂਜੇ ਪਾਸੇ ਟਕਸਾਲੀ ਦਲ ਦੇ ਪੁਰਾਣੇ ਸਾਥੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਹਨ ਜਿਨ੍ਹਾਂ ਨਾਲ ਮਿਲ ਕੇ ਰਤਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਤੋਂ ਮੁਕਤ ਕਰਨ ਦੀ ਸਹੁੰ ਚੁੱਕੀ ਹੋਈ ਹੈ। ਦੁਚਿੱਤੀ 'ਚ ਹੋਣ ਕਾਰਨ ਹੀ ਰਤਨ ਸਿੰਘ ਮੀਡੀਆ ਨਾਲ ਭੀ ਹਾਲੇ ਗਲ ਕਰਨ ਤੋਂ ਸ਼ਾਇਦ ਪਾਸਾ ਵੱਟ ਰਹੇ ਹਨ।
Comments (0)
Facebook Comments (0)