ਕਰਮੂੰਵਾਲਾ ਵਿਖੇ ਤਿੰਨ ਦਿਨਾਂ ਨੌਵਾਂ ਖੇਡ ਟੂਰਨਾਮੈਂਟ ਕਰਵਾਇਆ

ਕਰਮੂੰਵਾਲਾ ਵਿਖੇ ਤਿੰਨ ਦਿਨਾਂ ਨੌਵਾਂ ਖੇਡ ਟੂਰਨਾਮੈਂਟ ਕਰਵਾਇਆ

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 26 ਫਰਵਰੀ 2020 

ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਕਰਮੂੰਵਾਲਾ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਘੋਲਾ ਸਿੰਘ ਜੀ ਸਰਹਾਲੀ ਵਾਲਿਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਨੌਵਾਂ ਖੇਡ ਟੂਰਨਾਮੈਂਟ ਕਰਵਾਇਆ ਗਿਆ ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।ਇਸ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾ.ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲੇ ਸ਼ਾਮਲ ਹੋਏ।ਇਸ ਖੇਡ ਟੂਰਨਾਮੈਂਟ ਵਿੱਚ ਵੱਖ ਵੱਖ ਪੇਂਡੂ ਖੇਡਾਂ ਕਰਵਾਈਆਂ ਗਈਆਂ।ਕਬੱਡੀ ਦੇ ਕਰਵਾਏ ਗਏ ਮੈਚਾਂ ਵਿੱਚ 8 ਟੀਮਾਂ ਨੇ ਹਿੱਸਾ ਲਿਆ ਜਦਕਿ ਫਾਈਨਲ ਮੁਕਾਬਲੇ ਵਿੱਚ ਮਾਤਾ ਨਸੀਬ ਕੌਰ ਫਰਵਾਈ ਬੈਂਕਾਂ ਦੀ ਟੀਮ ਵਲੋਂ ਸ਼੍ਰੋਮਣੀ ਕਮੇਟੀ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਗਈ।ਇਸੇ ਤਰ੍ਹਾਂ ਰੱਸਾ ਕੱਸੀ ਦੇ ਹੋਏ ਸਖਤ ਮੁਕਾਬਲੇ ਵਿੱਚ ਪਿੰਡ ਤੂਤਾਂ ਵਾਲਾ ਦੀ ਟੀਮ ਵਲੋਂ ਗੁਰੂ ਅਰਜੁਨ ਦੇਵ ਖਾਲਸਾ ਕਾਲਜ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਗਈ।ਵਾਲੀਬਾਲ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਪਿੰਡ ਬਾਬਤ ਦੀ ਟੀਮ ਨੇ ਪਿੰਡ ਕਰਮੂੰਵਾਲਾ ਦੀ ਟੀਮ ਨੂੰ ਹਰਾਇਆ।ਇਸ ਮੌਕੇ ਹੋਏ ਸੁੰਦਰ ਦਸਤਾਰ ਸਜਾਉਣ ਮੁਕਾਬਲੇ ਵਿੱਚ ਉਪਕਾਸ਼ਦੀਪ ਨੇ ਪਹਿਲਾ,ਅਕਾਸ਼ਦੀਪ ਨੇ ਦੂਸਰਾ ਅਤੇ ਗੁਰਕਰਨ ਸਿੰਘ ਵਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ।ਇਸ ਮੌਕੇ ਜੇਤੂ ਰਹੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸਰਹਾਲੀ ਵਲੋਂ ਯਾਦਗਾਰੀ ਚਿੰਨ੍ਹ ਅਤੇ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਅਤੇ ਬਾਬਾ ਅਵਤਾਰ ਸਿੰਘ ਜੀ ਨੇ ਕਿਹਾ ਕਿ ਖੇਡਾਂ ਨਾਲ ਨੌਜਵਾਨਾਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਅਤੇ ਆਪਸ ਵਿੱਚ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ।ਉਨ੍ਹਾਂ ਨੇ ਪਿੰਡ ਪਿੰਡ ਅਜਿਹੇ ਖੇਡ ਟੂਰਨਾਮੈਂਟ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਨਾਲ ਜਿੱਥੇ ਸਰੀਰਕ ਤੇ ਦਿਮਾਗੀ ਤਾਜਗੀ ਮਿਲਦੀ ਹੈ ਉਥੇ ਨੌਜਵਾਨ ਨਸ਼ਿਆਂ ਤੋਂ ਵੀ ਕੋਹਾਂ ਦੂਰ ਰਹਿੰਦੇ ਹਨ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਗੁਰਮੇਲ ਸਿੰਘ, ਇੰਦਰਜੀਤ ਸਿੰਘ ਸਰਪੰਚ ਕਰਮੂੰਵਾਲਾ, ਸਵਿੰਦਰ ਸਿੰਘ ਪ੍ਰਧਾਨ,ਸੁਖਚੈਨ ਸਿੰਘ ਰੰਧਾਵਾ, ਕਸ਼ਮੀਰ ਸਿੰਘ ਮੈਨੇਜਰ, ਦਲੇਰ ਸਿੰਘ, ਮੈਂਬਰ ਮੱਖਣ ਸਿੰਘ, ਸਰਬਜੀਤ ਸਿੰਘ ਸੈਕਟਰੀ, ਗੁਰਨਾਮ ਸਿੰਘ,ਮਨਜੀਤ ਸਿੰਘ, ਗੁਰਭੇਜ ਸਿੰਘ, ਜੋਗਾ ਸਿੰਘ ਆਦਿ ਨੇ ਆਪਣਾ ਯੋਗਦਾਨ ਪਾਇਆ।