1 ਮਈ ਮਜ਼ਦੂਰ ਦਿਵਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਸੂਬੇ ਦੇ ਕਾਂਗਰਸੀ ਵਿਧਾਇਕਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ : ਪ੍ਰਧਾਨ ਜਤਿੰਦਰ ਕੌਰ
Wed 28 Apr, 2021 015 ਦਿਨਾਂ ਚੋ ਮੰਗਾਂ ਨਾ ਮੰਨੀਆਂ ਤਾਂ ਵਿਧਾਇਕਾਂ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ
ਚੋਹਲਾ ਸਾਹਿਬ 28 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਮਜ਼ਦੂਰ ਦਿਵਸ ਮੌਕੇ 1 ਮਈ ਨੂੰ ਸੂਬੇ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਜਾ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ । ਇਹ ਜਾਣਕਾਰੀ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਜਤਿੰਦਰ ਕੌਰ ਭੈਲ ਨੇ ਦਿੱਤੀ । ਉਹਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਹਰ ਵਿਧਾਇਕ ਦੇ ਘਰ ਯੂਨੀਅਨ ਦਾ 21 ਮੈਂਬਰੀ ਵਫ਼ਦ ਜਾਵੇਗਾ ਤੇ ਵਿਧਾਇਕ ਨਾਲ ਗੱਲਬਾਤ ਕਰਕੇ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਵੇਗਾ ਅਤੇ ਇਹ ਮੰਗ ਕਰੇਗਾ ਕਿ ਉਹਨਾਂ ਦੀ ਅਵਾਜ਼ ਪੰਜਾਬ ਸਰਕਾਰ ਤੱਕ ਪੁੱਜਦੀ ਕੀਤੀ ਜਾਵੇ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ । ਨਰਸਰੀ ਟੀਚਰ ਦਾ ਦਰਜ਼ਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਅਤੇ ਕਰੈੱਚ ਵਰਕਰਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ ਅਤੇ ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਉਹਨਾਂ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਜੇਕਰ 15 ਦਿਨਾਂ ਤੱਕ ਉਹਨਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਫੇਰ ਕਾਂਗਰਸ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਉਹਨਾਂ ਨੂੰ ਖੂਨ ਨਾਲ ਲਿਖ ਕੇ ਮੰਗ ਪੱਤਰ ਦਿੱਤੇ ਜਾਣਗੇ ।
Comments (0)
Facebook Comments (0)