ਬਜ਼ੁਰਗ ਕਿਸਾਨ ਬਣਿਆ ਕਰੋੜਪਤੀ, ਨਿਕਲੀ 1.5 ਕਰੋੜ ਦੀ ਲਾਟਰੀ

ਬਜ਼ੁਰਗ ਕਿਸਾਨ ਬਣਿਆ ਕਰੋੜਪਤੀ, ਨਿਕਲੀ 1.5 ਕਰੋੜ ਦੀ ਲਾਟਰੀ

ਚੰਡੀਗੜ੍ਹ :

 ਉਮਰ ਦੇ ਨਾਲ ਖਾਹਿਸ਼ਾਂ ਬਿਰਧ ਨਹੀਂ ਹੁੰਦੀਆਂ, ਪਰ ਇਸ ਵਾਸਤੇ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਰੱਖਣ ਤੋਂ ਇਲਾਵਾ ਦਿ੍ਰੜ ਇਰਾਦੇ ਅਤੇ ਠੋਸ ਯਤਨਾਂ ਦੀ ਲੋੜ ਹੁੰਦੀ ਹੈ। ਜੇ ਕਿਸੇ ਨੇ ਸਿਰੜ ਨਾਲ ਸੁਪਨੇ ਸੱਚ ਹੁੰਦੇ ਦੇਖਣੇ ਹੋਣ ਤਾਂ ਹਰਿਆਣਾ ਦੇ ਟੋਹਾਣਾ ਵਾਸੀ 94 ਸਾਲਾ ਬਜ਼ੁਰਗ ਕਿਸਾਨ ਬਲਵੰਤ ਸਿੰਘ ਨੂੰ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੇ ਪੰਜਾਬ ਰਾਜ ਸਾਵਣ ਬੰਪਰ-2019 ਦਾ ਪਹਿਲਾ ਇਨਾਮ ਜਿੱਤਿਆ ਹੈ। 

ਪੰਜਾਬ ਲਾਟਰੀਜ਼ ਵਿਭਾਗ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਾਉਣ ਬਾਅਦ ਬਲਵੰਤ ਸਿੰਘ ਨੇ ਦਸਿਆ ਕਿ ਉਹ ਮੁਹਾਲੀ ਰਹਿੰਦੀ ਆਪਣੀ ਧੀ ਨੂੰ ਮਿਲਣ ਆਏ ਸਨ ਅਤੇ ਉਨਾਂ ਨੇ ਤਿੰਨ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਟਿਕਟ ਖਰੀਦਦੇ ਆ ਰਹੇ ਸਨ ਪਰ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਸੀ ਪਰ ਇਸ ਵਾਰ ਐਸੀ ਕਿਸਮਤ ਚਮਕੀ ਕਿ ਉਨ੍ਹਾਂ ਨੂੰ ਤਿੰਨੇ ਟਿਕਟਾਂ 'ਤੇ ਇਨਾਮ ਨਿਕਲੇ ਹਨ। ਉਨਾਂ ਦੱਸਿਆ ਕਿ ਦੋ ਟਿਕਟਾਂ ’ਤੇ ਦੋ-ਦੋ ਸੌ ਰੁਪਏ ਦੇ ਇਨਾਮ ਅਤੇ ਟਿਕਟ ਨੰਬਰ ਬੀ-331362 ’ਤੇ ਉਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। 

94 ਸਾਲਾ ਇਸ ਖੁਸ਼ਨਸੀਬ ਜੇਤੂ ਨੇ ਲਾਟਰੀਜ਼ ਵਿਭਾਗ ਵੱਲੋਂ ਡਰਾਅ ਕੱਢਣ ਦੇ ਅਪਣਾਏ ਜਾਂਦੇ ਸਰਲ ਤੇ ਪਾਰਦਰਸ਼ੀ ਤਰੀਕੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਹ ਹੋਰ ਜ਼ਮੀਨ ਖਰੀਦਣ ਤੋਂ ਇਲਾਵਾ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਕਰਾਉਣਾ ਚਾਹੁੰਦੇ ਹਨ। 

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਾਵਣ ਬੰਪਰ ਦਾ ਡਰਾਅ 8 ਜੁਲਾਈ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ- 331362 ’ਤੇ ਨਿਕਲੇ ਸਨ। ਦੂਜੀ ਖੁਸ਼ਨਸੀਬ ਜੇਤੂ ਖਰੜ ਵਾਸੀ ਸੁਮਨ ਪਿ੍ਰਆ ਜਾਰਜ ਮਸੀਹ ਬਣੀ ਸੀ।