ਮੱਤਦਾਨ ਕੇਂਦਰ ‘ਤੇ ਵੋਟ ਪਾਉਣ ਵਾਸਤੇ ਸ਼ਨਾਖਤ ਲਈ ਵਰਤੇ ਜਾ ਸਕਦੇ ਹਨ 12 ਤਰ੍ਹਾਂ ਦੇ ਦਸਤਾਵੇਜ਼-ਜ਼ਿਲ੍ਹਾ ਚੋਣ ਅਫ਼ਸਰ

ਮੱਤਦਾਨ ਕੇਂਦਰ ‘ਤੇ ਵੋਟ ਪਾਉਣ ਵਾਸਤੇ ਸ਼ਨਾਖਤ ਲਈ ਵਰਤੇ ਜਾ ਸਕਦੇ ਹਨ 12 ਤਰ੍ਹਾਂ ਦੇ ਦਸਤਾਵੇਜ਼-ਜ਼ਿਲ੍ਹਾ ਚੋਣ ਅਫ਼ਸਰ

ਤਰਨ ਤਾਰਨ, 11 ਮਈ :

ਜਿਲਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਉਹਨਾਂ 12 ਦਸਤਾਵੇਜਾਂ ਵਿੱਚ ਸ਼ਾਮਿਲ ਹਨ, ਜਿਹਨਾਂ ਦੀ ਵੋਟਰ ਵੱਲੋਂ ਪਹਿਚਾਣ ਪੱਤਰ ਦੇ ਤੌਰ ’ਤੇ ਵਰਤੋਂ ਕਰਕੇ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਮੱਤਦਾਨ ਕੇਂਦਰ ‘ਤੇ ਵੋਟ ਪਾਈ ਜਾ ਸਕਦੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ ਸੂਬਾ ਸਰਕਾਰ/ ਪੀ.ਐਸ.ਯੂਜ਼/ ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਫੋਟੋਸ਼ੁਦਾ ਸਰਵਿਸ ਪਹਿਚਾਣ ਪੱਤਰ, ਬੈਂਕ/ ਡਾਕ ਘਰ ਵੱਲੋਂ ਜਾਰੀ ਕੀਤੀ ਫੋਟੋਸ਼ੁਦਾ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ. ਤਹਿਤ ਆਰ.ਜੀ.ਆਈ. ਵੱਲੋਂ ਜਾਰੀ ਕੀਤੇ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀਆਂ ਸਕੀਮਾਂ ਤਹਿਤ ਜਾਰੀ ਕੀਤੇ ਸਿਹਤ ਬੀਮਾ ਸਮਾਰਟ ਕਾਰਡ, ਫੋਟੋਸ਼ੁਦਾ ਪੈਨਸ਼ਨ ਦਸਤਾਵੇਜ, ਐਮ.ਪੀਜ਼/ ਐਮ.ਐਲ.ਏਜ਼/ ਐਮ.ਐਲ.ਸੀਜ਼ ਨੂੰ ਜਾਰੀ ਕੀਤੇ ਸਰਕਾਰੀ ਪਹਿਚਾਣ ਪੱਤਰ ਸ਼ਾਮਿਲ ਹਨ।  ਉਨਾਂ ਕਿਹਾ ਕਿ ਇਹ ਦਸਤਾਵੇਜ਼ ਉਸ ਹਾਲਤ ਵਿਚ ਹੀ ਵਰਤੇ ਜਾ ਸਕਦੇ ਹਨ, ਜੇਕਰ ਤੁਹਾਡਾ ਨਾਮ ਉਸ ਬੂਥ ਦੀ ਵੋਟਰ ਸੂਚੀ ਵਿਚ ਦਰਜ ਹੈ। ਉਨਾਂ ਦੱਸਿਆ ਕਿ ਫੋਟੋ ਲੱਗੀ ਵੋਟਰ ਸਲਿੱਪ, ਵੋਟਰ ਦੀ ਸਹਾਇਤਾ ਲਈ ਹੈ। ਇਸਦੀ ਪਹਿਚਾਣ ਦੇ ਸਬੂਤ ਵਜੋਂ ਵਰਤੋਂ ਨਹੀਂ ਕੀਤੀ ਜਾ ਸਕਦੀ।ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ, 1951 ਦੀ ਧਾਰਾ 62 ਤਹਿਤ ਸਿਰਫ ਉਹ ਵਿਅਕਤੀ ਹੀ ਵੋਟ ਪਾਉਣ ਦਾ ਹੱਕਦਾਰ ਹੈ, ਜਿਸ ਦਾ ਨਾਂ ਉਸ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਹੈ। ਇਸ ਲਈ ਜੇਕਰ ਕੋਈ ਵਿਅਕਤੀ ਪੋਲਿੰਗ ਬੂਥ ’ਤੇ ਜਾਂਦਾ ਹੈ ਤੇ ਉਸ ਦਾ ਨਾਂ ਵੋਟਰ ਸੂਚੀ ’ਚ ਦਰਜ ਨਹੀਂ ਹੈ, ਤਾਂ ਉਹ ਵੋਟ ਨਹੀਂ ਪਾ ਸਕਦਾ।