ਛੱਤਰਪਤੀ ਕਤਲ ਕੇਸ 'ਚ ਸੁਣਵਾਈ ਸ਼ੁਰੂ

ਛੱਤਰਪਤੀ ਕਤਲ ਕੇਸ 'ਚ ਸੁਣਵਾਈ ਸ਼ੁਰੂ

ਪੰਚਕੂਲਾ : 17 ਸਾਲ ਬਾਅਦ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿਚ ਫ਼ੈਸਲੇ ਦੀ ਘੜੀ ਆਖ਼ਿਰਕਾਰ ਆ ਹੀ ਗਈ। ਮਾਮਲੇ ਵਿਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ‘ਤੇ ਕਤਲ ਦਾ ਇਲਜ਼ਾਮ ਹੈ। ਬਾਬੇ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਰਾਮ ਰਹੀਮ ਦੀ ਪੇਸ਼ੀ ਸੁਨਾਰਿਆ ਜੇਲ੍ਹ ਤੋਂ ਹੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੋਵੇਗੀ। ਹੋਰ ਤਿੰਨ ਮੁਲਜ਼ਮ ਕੋਰਟ ਵਿਚ ਪੇਸ਼ ਹੋਣਗੇ। ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿਚ ਜਿਸ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਦੇ ਖਿਲਾਫ਼ ਫ਼ੈਸਲਾ ਸੁਣਾਇਆ ਸੀ, ਉਹੀ ਅੱਜ ਇਸ ਕਤਲ ਕੇਸ ਵਿਚ ਫ਼ੈਸਲਾ ਸੁਣਾਉਣਗੇ।

ਪੁਲਿਸ ਅਤੇ ਪ੍ਰਸ਼ਾਸਨ ਨੇ ਪੇਸ਼ੀ ਦੇ ਮੱਦੇਨਜ਼ਰ ਕੋਰਟ ਦੇ ਚਾਰੇ ਪਾਸੇ ਅਤੇ ਸ਼ਹਿਰ ਦੀ ਵੀ ਸੁਰੱਖਿਆ ਵਧਾ ਦਿਤੀ ਹੈ। ਟ੍ਰੈਫ਼ਿਕ ਪੁਲਿਸ ਨੇ ਜਿੱਥੇ ਮਾਜਰੀ ਚੌਕ ਤੋਂ ਲੈ ਕੇ ਬੇਲਾ ਵਿਸਟ ਤੱਕ ਰੂਟ ਨੂੰ ਡਾਇਵਰਟ ਕਰ ਕੇ ਵਾਹਨਾਂ ਦੀ ਆਵਾਜਾਈ ਉਤੇ ਰੋਕ ਲਗਾ ਦਿਤੀ ਹੈ, ਉਥੇ ਹੀ, ਸੀਬੀਆਈ ਕੋਰਟ ਦੇ ਜੱਜ ਦੀ ਸੁਰੱਖਿਆ ਵਧਾਉਣ  ਦੇ ਨਾਲ ਅਦਾਲਤ ਵਿਚ 240 ਜਵਾਨਾਂ ਨੂੰ ਤੈਨਾਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਸ਼ਹਿਰ ਦੇ ਚਾਰ ਐਂਟਰੀ ਪੁਆਇੰਟ ਸਮੇਤ 17 ਨਾਕਿਆਂ ਉਤੇ ਕਰੀਬ 12 ਸੌ ਜਵਾਨਾਂ ਨੂੰ ਹਥਿਆਰਬੰਦ ਕਰਕੇ ਤੈਨਾਤ ਕੀਤਾ ਗਿਆ ਹੈ।

ਡੀਸੀਪੀ ਕਮਲਦੀਪ ਗੋਇਲ ਨੇ ਧਾਰਾ-144 ਲਾਗੂ ਕਰ ਕੇ ਸ਼ਹਿਰ ਵਿਚ ਚਾਰ ਤੋਂ ਪੰਜ ਲੋਕਾਂ ਦੇ ਇਕੱਠੇ ਹੋ ਕੇ ਖੜ੍ਹਨ ‘ਤੇ ਰੋਕ ਲਗਾ ਦਿਤੀ ਹੈ। ਉਨ੍ਹਾਂ ਨੇ ਹੁਕਮ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ  ਦੇ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿਤੇ ਹਨ। ਕੋਰਟ ਸਮੇਤ ਸ਼ਹਿਰ ਵਿਚ ਨੌਂ ਬਟਾਲੀਅਨ ਹੋਰ ਤੈਨਾਤ ਕੀਤੀ ਗਈ ਹੈ। ਕੋਰਟ ਇਮਾਰਤ ਵਿਚ ਵਕੀਲ ਸਮੇਤ ਨਿਜੀ ਕਾਰਜ ਲਈ ਆਉਣ ਵਾਲੇ ਲੋਕਾਂ ਨੂੰ ਬਿਨਾਂ ਚੈਕਿੰਗ ਦੇ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ।

ਜੱਜ ਜਗਦੀਪ ਸਿੰਘ ਲੋਹਾਨ ਸੀਬੀਆਈ ਵਿਸ਼ੇਸ਼ ਅਦਾਲਤ ਪੰਚਕੂਲਾ ਪਹੁੰਚ ਚੁੱਕੇ ਹਨ। ਪੰਚਕੂਲਾ, ਸਿਰਸਾ ਸਣੇ ਮਾਲਵਾ ਖੇਤਰ 'ਚ ਹਾਈ ਅਲਰਟ ਜਾਰੀ ਹੈ। ਦੂਜੇ ਮੁਲਜ਼ਮ ਕੁਲਦੀਪ, ਕ੍ਰਿਸ਼ਨ ਤੇ ਨਿਰਮਲ ਨਿਜੀ ਤੌਰ ਤੇ ਅਦਾਲਤ 'ਚ ਲਿਆਂਦੇ ਗਏ ਹਨ। ਮੁੱਖ ਗਵਾਹ ਖੱਟਾ ਸਿੰਘ ਵੀ ਅਦਾਲਤ 'ਚ ਪੁੱਜੇ ਹਨ।

ਰਾਮ ਰਹੀਮ ਨੂੰ ਸੁਨਾਰਿਆ ਜੇਲ੍ਹ ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਹੈ। ਕੋਰਟ ਕੰਪਲੈਕਸ ਪੁਲਿਸ ਛਾਉਣੀ 'ਚ ਤਬਦੀਲ ਹੋ ਚੁੱਕੀ ਹੈ। ਜੱਜ ਵਲੋਂ ਅਚਾਨਕ ਕੁਝ ਸਮੇਂ ਲਈ ਸੁਣਵਾਈ ਰੋਕਣ ਦੀ ਖ਼ਬਰ ਹੈ।