
ਸੜਕ ਹਾਦਸੇ 'ਚ ਪੀੜਤ ਲੜਕੀ ਗੰਭੀਰ ਜ਼ਖ਼ਮੀ, 2 ਦੀ ਮੌਤ
Mon 29 Jul, 2019 0
ਉੱਤਰ ਪ੍ਰਦੇਸ਼
ਰਾਏ ਬਰੇਲੀ 'ਚ ਹੋਏ ਇਕ ਸੜਕ ਹਾਦਸੇ 'ਚ ਉਨਾਵ ਬਲਾਤਕਾਰ ਮਾਮਲੇ ਦੀ ਪੀੜਤਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ। ਇਸ ਹਾਦਸੇ 'ਚ ਉਸ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ। ਜ਼ਖ਼ਮੀ ਵਕੀਲ ਅਤੇ ਬਲਾਤਕਾਰ ਪੀੜਤਾ ਨੂੰ ਲਖਨਊ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨਾਵ ਪੁਲਿਸ ਮੁਤਾਬਕ ਇਹ ਹਾਦਸਾ ਰਾਏਬਰੇਲੀ ਦੇ ਗੁਰਬਖ਼ਸ਼ਗੰਜ ਥਾਣਾ ਖੇਤਰ 'ਚ ਹੋਇਆ ਹੈ।
ਸਥਾਨਕ ਲੋਕਾਂ ਮੁਤਾਬਕ ਉਨਾਵ ਸਮੂਹਕ ਬਲਾਤਕਾਰ ਪੀੜਤਾ ਦੇ ਚਾਚਾ ਜੇਲ 'ਚ ਬੰਦ ਹਨ। ਚਾਚੇ ਨੂੰ ਮਿਲਣ ਲਈ ਪੀੜਤਾ, ਉਸ ਦੀ ਮਾਂ, ਮਾਸੀ, ਚਾਚੀ ਅਤੇ ਵਕੀਲ ਰਾਏਬਰੇਲੀ ਜੇਲ ਜਾ ਰਹੇ ਸਨ। ਰਾਏਬਰੇਲੀ ਜ਼ਿਲ੍ਹੇ ਦੇ ਐਨਐਚ-32 'ਤੇ ਗੁਰਬਖ਼ਸ਼ ਥਾਣਾ ਇਕਾਲੇ ਦੇ ਅਟੋਰਾ ਪਿੰਡ ਨੇੜੇ ਕਾਰ ਅਤੇ ਟਰੱਕ 'ਚ ਟੱਕਰ ਹੋ ਗਈ। ਹਾਦਸੇ ਸਮੇਂ ਜ਼ੋਰਦਾਰ ਮੀਂਹ ਪੈ ਰਿਹਾ ਸੀ। ਜ਼ਖ਼ਮੀਆਂ ਨੂੰ ਲਖਨਊ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ।
ਬਲਾਤਕਾਰ ਪੀੜਤਾ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਉਪਲੱਬਧ ਕਰਵਾਈ ਗਈ ਸੀ। ਹਾਦਸੇ ਸਮੇਂ ਉਨ੍ਹਾਂ ਨਾਲ ਕੋਈ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ 'ਚ ਥਾਂ ਨਾ ਹੋਣ ਕਾਰਨ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਆਏ ਸਨ। ਉਧਰ ਭਾਜਪਾ ਨਾਲ ਜੁੜਿਆ ਮਾਮਲਾ ਹੋਣ ਕਾਰਨ ਵਿਰੋਧੀ ਪਾਰਟੀਆਂ ਨੇ ਵੀ ਨਿਸ਼ਾਨਾ ਲਗਾਉਣੇ ਸ਼ੁਰੂ ਕਰ ਦਿਤੇ ਹਨ। ਸਮਾਜਵਾਦੀ ਪਾਰਟੀ ਦੇ ਆਗੂ ਉਦੈਵੀਰ ਅਤੇ ਸੁਨੀਲ ਸਾਜਨ ਗੰਭੀਰ ਜ਼ਖ਼ਮੀ ਪੀੜਤਾ ਨੂੰ ਮਿਲਣ ਹਸਪਤਾਲ ਪੁੱਜੇ।
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦਾ ਦੋਸ਼ ਸੀ ਕਿ ਉਸ ਨਾਲ 4 ਜੂਨ 2017 ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਪੀੜਤਾ ਵਿਧਾਇਕ ਦੇ ਘਰ ਆਪਣੇ ਇਕ ਰਿਸ਼ਤੇਦਾਰ ਨਾਲ ਨੌਕਰੀ ਮੰਗਣ ਗਈ ਸੀ। ਜਦ ਉਸ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਪਰਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿਤੀ। ਜਦ ਉਹ ਥਾਣੇ ਗਈ ਤਾਂ ਐਫਆਈਆਰ ਨਹੀਂ ਲਿਖੀ। ਇਸ ਤੋਂ ਬਾਅਦ ਤਹਿਰੀਰ ਬਦਲ ਦਿਤੀ ਗਈ। ਜਦ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਕੁਲਦੀਪ ਸੇਂਗਰ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਸਰਕਾਰ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਬਾਰੇ ਵੀ ਕਿਹਾ ਸੀ।
ਕੁਲਦੀਪ ਸੇਂਗਰ ਬਾਂਗਰਮਊ ਤੋਂ ਭਾਜਪਾ ਦੇ ਵਿਧਾਇਕ ਹਨ। ਉਹ ਉਨਾਵ 'ਚ ਵੱਖ-ਵੱਖ ਵਿਧਾਨ ਸਭਾ ਸੀਟਾਂ ਤੋਂ ਚਾਰ ਵਾਰ ਲਗਾਤਾਰ ਵਿਧਾਇਕ ਹਨ। ਕੁਲਦੀਪ ਨੇ ਰਾਜਨੀਤੀ ਦੀ ਸ਼ੁਰੂਆਤ ਕਾਂਗਰਸ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਬਸਪਾ 'ਚ ਸ਼ਾਮਲ ਹੋਏ। ਕੁਝ ਸਾਲ ਮਗਰੋਂ ਬਸਪਾ ਛੱਡ ਸਪਾ 'ਚ ਵੀ ਵਿਧਾਇਕ ਰਹੇ। ਇਸ ਮਗਰੋਂ ਭਾਜਪਾ ਵਿਚ ਸ਼ਾਮਲ ਹੋਏ ਹਨ।
Comments (0)
Facebook Comments (0)