ਖ਼ਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਰੋਕੀ

ਖ਼ਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਰੋਕੀ

ਜੰਮੂ/ਸ੍ਰੀਨਗਰ :

ਜੰਮੂ-ਕਸ਼ਮੀਰ ਵਿਚ ਰੁਕ-ਰੁਕ ਕੇ ਹੋ ਰਹੀ ਤੇਜ਼ ਬਾਰਸ਼ ਕਾਰਨ ਤਿੰਨ ਮੁੱਖ ਆਧਾਰ ਕੈਂਪਾਂ ਤੋਂ ਅਮਰਨਾਥ ਯਾਤਰਾ ਨੂੰ ਰੋਕ ਦਿਤੀ ਗਈ ਹੈ। ਮੌਸਮ ਵਿਭਾਗ ਨੇ ਗੁਫ਼ਾ ਦੇ ਨੇੜੇ ਬਰਫ਼ਬਾਰੀ ਹੋਣ ਦਾ ਕਿਆਸ ਲਗਾਇਆ ਹੈ। ਸ੍ਰੀਨਗਰ ਸਮੇਤ ਕਸ਼ਮੀਰ ਘਾਟੀ ਦੇ ਕੁਝ ਹਿੱਸਿਆਂ ਵਿਚ ਸਵੇਰੇ ਤੋਂ ਹੀ ਮੌਸਮ ਖ਼ਰਾਬ ਹੈ। ਇਸ ਵਜ੍ਹਾ ਕਰ ਕੇ ਅਮਰਨਾਥ ਯਾਤਰਾ ਰੋਕਣ ਦਾ ਫ਼ੈਸਲਾ ਕੀਤਾ ਗਿਆ। 

ਅਧਿਕਾਰੀਆਂ ਨੇ ਦਸਿਆ ਕਿ ਮੌਸਮ ਅਨੁਸਾਰ ਹੀ ਯਾਤਰਾ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਗੁਫ਼ਾ ਦੇ ਨਜ਼ਦੀਕ ਪਹੁੰਚੇ ਕਰੀਬ 1,000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦੇ ਦਿਤੀ ਗਈ ਹੈ। ਐਤਵਾਰ ਸਵੇਰੇ 10 ਵਜੇ ਤਕ 990 ਸ਼ਰਧਾਲੂਆਂ ਨੇ ਗੁਫ਼ਾ ਦੇ ਦਰਸ਼ਨ ਕਰ ਲਏ ਸਨ। ਕਰੀਬ 300 ਕਿਲੋਮੀਟਰ ਲੰਬੇ ਜੰਮੂ-ਕਸ਼ਮੀਰ ਹਾਈਵੇਅ 'ਤੇ ਸਨਿਚਰਵਾਰ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਸਾਲ 1 ਜੁਲਾਈ ਤੋਂ ਯਾਤਰਾ ਸ਼ੁਰੂ ਹੋਣ ਤੋਂ ਬਾਅਦ 3,18,816 ਤੀਰਥ ਯਾਤਰੀ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। 

ਤੀਰਥ ਯਾਤਰੀਆਂ ਅਨੁਸਾਰ ਕਸ਼ਮੀਰ 'ਚ ਸਮੁੰਦਰ ਤਲ ਤੋਂ 3,888 ਮੀਟਰ ਉਪਰ ਸਥਿਤ ਅਮਰਨਾਥ ਗੁਫ਼ਾ 'ਚ ਬਰਫ਼ ਦੇ ਵੱਡੇ ਸ਼ਿਵਲਿੰਗ ਬਣਦੇ ਹਨ, ਜੋ ਭਗਵਾਨ ਸ਼ਿਵ ਦੀ ਪੌਰਾਣਿਕ ਸ਼ਕਤੀਆਂ ਦਾ ਪ੍ਰਤੀਕ ਹੈ। 1 ਜੁਲਾਈ ਨੂੰ ਸ਼ੁਰੂ ਹੋਈ 46 ਦਿਨਾਂ ਦੀ ਅਮਰਨਾਥ ਯਾਤਰਾ ਦੀ ਸਮਾਪਤੀ 15 ਅਗੱਸਤ ਨੂੰ ਰੱਖੜੀ ਵਾਲੇ ਦਿਨ ਹੋਵੇਗੀ।