ਹੰਗਾਮੇ ਕਾਰਨ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
Tue 28 Aug, 2018 0ਐਸ ਪੀ ਸਿੱਧੂ
ਚੰਡੀਗੜ੍ਹ 28 ਅਗਸਤ 2018 :
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 'ਤੇ ਵਿਧਾਨ ਸਭਾ ਵਿਚ ਬਹਿਸ ਦੇ ਚਲਦਿਆਂ ਅਕਾਲੀ ਵਿਧਾਇਕਾਂ ਨੇ ਕਾਫ਼ੀ ਸ਼ੋਰ ਸ਼ਰਾਬਾ ਕੀਤਾ। ਸਪੀਕਰ ਦੇ ਵਾਰ-ਵਾਰ ਕਹਿਣ 'ਤੇ ਵੀ ਅਕਾਲੀ ਵਿਧਾਇਕਾਂ ਨੇ ਅਪਣਾ ਹੰਗਾਮਾ ਜਾਰੀ ਰਖਿਆ। ਹੰਗਾਮੇ ਦੌਰਾਨ ਸ਼ੋਰ ਸ਼ਰਾਬਾ ਕਰਦੇ ਅਕਾਲੀ ਵੈਲ ਵਿਚ ਪਹੁੰਚ ਗਏ। ਆਖ਼ਰਕਾਰ ਇਸ ਹੰਗਾਮੇ ਦੇ ਚਲਦਿਆਂ ਵਿਧਾਨ ਸਭਾ ਦੇ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ 15 ਮਿੰਟ ਦੇ ਲਈ ਮੁਲਤਵੀ ਕਰ ਦਿਤਾ।
ਅਕਾਲੀ ਵਿਧਾਇਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਬੋਲਣ ਦਾ ਜ਼ਿਆਦਾ ਸਮਾਂ ਦਿਤਾ ਜਾਵੇ। ਦਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਰਿਪੋਰਟ 'ਤੇ ਬਹਿਸ ਲਈ ਕੁੱਲ ਦੋ ਘੰਟੇ ਦਾ ਸਮਾਂ ਤੈਅ ਕੀਤਾ ਸੀ। ਉਸ ਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਲੈਂਥ ਦੇ ਹਿਸਾਬ ਨਾਲ ਵੰਡ ਕੇ ਸਮਾਂ ਦਿਤਾ ਜਾਵੇਗਾ ਪਰ ਅਕਾਲੀ ਵਿਧਾਇਕਾਂ ਨੂੰ ਇਹ ਮਨਜ਼ੂਰ ਨਹੀਂ ਸੀ।
Punjab Vidhan Sabha
ਹਾਲਾਂਕਿ ਵਿਧਾਨ ਸਭਾ ਸਪੀਕਰ ਨੇ ਰੌਲਾ ਪਾ ਰਹੇ ਅਕਾਲੀ ਵਿਧਾਇਕਾਂ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਉਹ ਚੁੱਪ ਚਾਪ ਅਪਣੀ ਸੀਟਾਂ 'ਤੇ ਖੜ੍ਹ ਕੇ ਬੋਲਣ, ਜੇਕਰ ਉਨ੍ਹਾਂ ਨੂੰ ਸਾਰੀ ਰਾਤ ਵੀ ਬੈਠਣਾ ਪਿਆ ਤਾਂ ਉਹ ਬੈਠਣਗੇ। ਅਕਾਲੀ ਵਿਧਾਇਕਾਂ ਨੇ ਸਪੀਕਰ ਦੀ ਇਕ ਨਾ ਸੁਣੀ ਅਤੇ ਹੰਗਾਮਾ ਜਾਰੀ ਰਖਿਆ। ਜਿਸ ਦੇ ਚਲਦਿਆਂ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ। ਸ਼ੈਸਨ ਸ਼ੁਰੂ ਹੋਣ ਤੋਂ ਬਾਅਦ ਹੋ ਸਕਦੈ ਕਿ ਅਕਾਲੀ ਵਿਧਾਇਕਾਂ ਦੀ ਮੰਗ 'ਤੇ ਸਮੇਂ ਨੂੰ ਵਧਾਇਆ ਜਾਵੇ।
Comments (0)
Facebook Comments (0)