ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ ਕਾਰਨ 222 ਮੌਤਾਂ, 843 ਹੋਰ ਜ਼ਖਮੀ
Mon 24 Dec, 2018 0ਜਵਾਲਾਮੁਖੀ ਫਟਣ ਮਗਰੋਂ ਆਈ ਸੁਨਾਮੀ : ਕਾਰਨ 222 ਵਿਅਕਤੀ ਮਾਰੇ ਗਏ ਅਤੇ 843 ਹੋਰ ਜ਼ਖਮੀ ਹੋ ਗਏ ਹਨ। ਭਾਰੀ ਤਬਾਹੀ ਵਿਚਕਾਰ 28 ਵਿਅਕਤੀ ਲਾਪਤਾ ਹੋ ਗਏ। ਕੌਮੀ ਆਫ਼ਤ ਏਜੰਸੀ ਨੂੰ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਅਜੇ ਸਾਰੀਆਂ ਥਾਵਾਂ ਤੋਂ ਅੰਕੜੇ ਨਹੀਂ ਮਿਲੇ ਹਨ। ਕੌਮੀ ਆਫ਼ਤ ਏਜੰਸੀ ਦੇ ਤਰਜਮਾਨ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ ਕਿ ਕਰਾਕਾਤੋਆ ਦਾ ‘ਚਾਈਲਡ’ ਨਾਮੀ ਜਵਾਲਾਮੁਖੀ ਸ਼ਨਿਚਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਫੱਟ ਗਿਆ ਜਿਸ ਦੀ ਮਾਰ ਹੇਠ ਜਾਵਾ ਦਾ ਪੱਛਮੀ ਹਿੱਸਾ ਅਤੇ ਦੱਖਣੀ ਸੁਮਾਟਰਾ ਦੇ ਤੱਟੀ ਇਲਾਕੇ ਆ ਗਏ। ਸਮੁੰਦਰ ’ਚੋਂ ਉੱਠੀਆਂ ਛੱਲਾਂ ਕਰਕੇ ਸੈਂਕੜੇ ਇਮਾਰਤਾਂ ਨਸ਼ਟ ਹੋ ਗਈਆਂ।
ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ’ਚ ਦਿਖਾਇਆ ਗਿਆ ਕਿ ਪਾਣੀ ਦੀ ਦੀਵਾਰ ਪੌਪ ਗਰੁੱਪ ‘ਸੈਵਨਟੀਨ’ ਦੇ ਸੰਗੀਤਕ ਪ੍ਰੋਗਰਾਮ ਦੌਰਾਨ ਅਚਾਨਕ ਆਈ ਅਤੇ ਉਸ ਨੇ ਬੈਂਡ ਦੇ ਮੈਂਬਰਾਂ ਨੂੰ ਸਟੇਜ ਤੋਂ ਡੇਗਣ ਮਗਰੋਂ ਸਰੋਤਿਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਬਚਾਅ ਅਤੇ ਰਾਹਤ ਟੀਮਾਂ ਮਲਬੇ ’ਚ ਜਿਊਂਦੇ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਕੌਮਾਂਤਰੀ ਸੁਨਾਮੀ ਸੂਚਨਾ ਕੇਂਦਰ ਮੁਤਾਬਕ ਜਵਾਲਾਮੁਖੀ ਫਟਣ ਨਾਲ ਸੁਨਾਮੀ ਆਉਣਾ ਮੁਸ਼ਕਲ ਹੀ ਹੁੰਦਾ ਹੈ। ਭੂਚਾਲ ਮਗਰੋਂ ਸੁਨਾਮੀ ਦੀ ਤਾਂ ਚਿਤਾਵਨੀ ਦਿੱਤੀ ਜਾ ਸਕਦੀ ਹੈ ਪਰ ਜਵਾਲਾਮੁਖੀ ਫਟਣ ਜਵਾਲਾਮੁਖੀ ਤੋਂ ਬਾਅਦ ਆਈ ਸੁਨਾਮੀ ਲੋਕਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਦਿੰਦੀ ਹੈ। ਸੁਨਾਮੀ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਬਣ ਗਿਆ। ਬੀਚਾਂ ’ਤੇ ਦਰੱਖਤ ਉਖੜ ਗਏ ਅਤੇ ਮਲਬਾ ਖਿੰਡ ਗਿਆ। ਜਾਵਾ ਦੇ ਪੱਛਮੀ ਕੰਢੇ ’ਤੇ ਕੈਰਿਟਾ ਬੀਚ ’ਚ ਤਬਾਹੀ ਦਿਖਾਈ ਦਿੰਦੀ ਹੈ। ਫੋਟੋਗ੍ਰਾਫਰ ਓਈਸਟੀਨ ਐਂਡਰਸਨ ਨੇ ਫੇਸਬੁੱਕ ’ਤੇ ਦੱਸਿਆ ਕਿ ਉਹ ਜਦੋਂ ਅਨਾਕ ਕਰਾਕਾਤੋਆ ਦੀਆਂ ਤਸਵੀਰਾਂ ਲੈ ਰਿਹਾ ਸੀ ਤਾਂ ਵੱਡੀ ਲਹਿਰ ਨੇ ਉਸ ਨੂੰ ਘੇਰ ਲਿਆ ਪਰ ਉਸ ਨੇ ਦੌੜ ਕੇ ਜਾਨ ਬਚਾਈ। ਇਕ ਹੋਰ ਲਹਿਰ ਨੇ ਹੋਟਲ ਨੂੰ ਆਪਣੀ ਲਪੇਟ ’ਚ ਲੈ ਲਿਆ।
ਇਕ ਹੋਰ ਪ੍ਰਤੱਖਦਰਸ਼ੀ ਨੇ ਕਿਹਾ ਕਿ ਕਾਰਾਂ ਅਤੇ ਹੋਰ ਸਾਮਾਨ 10 ਮੀਟਰ ਉਪਰ ਤਕ ਉਛਲ ਗਏ। ਰੈੱਡ ਕਰਾਸ ਨਾਲ ਸਬੰਧਤ ਸੰਗਠਨਾਂ ਦੀ ਕੈਥੀ ਮੂਲਰ ਨੇ ਕਿਹਾ ਕਿ ਤਬਾਹੀ ਦਾ ਅੰਦਾਜ਼ਾ ਅਗਲੇ ਕੁਝ ਦਿਨਾਂ ਜਾਂ ਹਫ਼ਤਿਆਂ ’ਚ ਹੀ ਪਤਾ ਲੱਗੇਗਾ। ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਸ਼ੁਰੂ ’ਚ ਦਾਅਵਾ ਕੀਤਾ ਕਿ ਇਹ ਸੁਨਾਮੀ ਨਹੀਂ ਹੈ ਸਗੋਂ ਜਵਾਰ ਭਾਟਾ ਹੈ ਅਤੇ ਡਰਨ ਦੀ ਲੋੜ ਨਹੀਂ ਹੈ। ਬਾਅਦ ’ਚ ਉਨ੍ਹਾਂ ਟਵਿਟਰ ’ਤੇ ਆਪਣੀ ਗਲਤੀ ਸਵੀਕਾਰ ਲਈ। ਜ਼ਿਕਰਯੋਗ ਹੈ ਕਿ ਜਾਵਾ ਅਤੇ ਸੁਮਾਟਰਾ ਦੇ ਅਨਾਕ ਕਰਾਕਾਤੋਆ ’ਚ 1883 ’ਚ ਆਈ ਸੁਨਾਮੀ ’ਚ 36 ਹਜ਼ਾਰ ਲੋਕ ਮਾਰੇ ਗਏ ਸਨ।
Comments (0)
Facebook Comments (0)